ਕੱਚੇ ਮੁਲਾਜ਼ਮਾਂ ਨੇ ਨਾਅਰਾ ਦਿੱਤਾ ‘ਸ਼ੌਂਕ ਨਹੀਂ ਮਜਬੂਰੀ ਹੈ, ਐਤਵਾਰ ਨੂੰ ਸੰਗਰੂਰ ਰੋਸ ਰੈਲੀ ਕਰਨੀ ਜਰੂਰੀ ਹੈ’
ਹਰਿੰਦਰ ਨਿੱਕਾ , ਬਰਨਾਲਾ, 17 ਜੂਨ 2022
ਸਿਹਤ ਵਿਭਾਗ ਪੰਜਾਬ ‘ਚ ਨੈਸ਼ਨਲ ਹੈਲਥ ਮਿਸ਼ਨ ਤਹਿਤ ਕੰਮ ਕਰਦੇ ਕੱਚੇ ਮੁਲਾਜ਼ਮਾਂ ਵੱਲੋਂ ਰੈਗੂਲਰ ਕਰਨ ਦੀ ਮੰਗ ਮਨਵਾਉਣ ਲਈ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਸਿਵਲ ਹਸਪਤਾਲ ਬਰਨਾਲਾ ਵਿਖੇ ਸੰਗਰੂਰ ਰੈਲੀ ਦੀ ਰੂਪ ਰੇਖਾ ਉਲੀਕਦਿਆਂ ਐਨਐਚਐਮ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਚੋਣ ਦੌਰਾਨ ਉਹ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਚੋਣ ਵਾਅਦੇ ਯਾਦ ਕਰਵਾਉਣਗੇ । ਜਿਕਰਯੋਗ ਹੈ ਕਿ 10 ਹਜਾਰ ਦੇ ਕਰੀਬ ਠੇਕਾ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ‘ਤੇ ਸਿਹਤ ਵਿਭਾਗ ‘ਚ ਕੰਮ ਕਰ ਰਹੇ ਹਨ । ਸਿਹਤ ਵਿਭਾਗ ਦੇ ਹਰ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਇਨ੍ਹਾਂ ਕਰਮਚਾਰੀਆਂ ਦਾ ਬਹੁਤ ਹੀ ਵੱਡਮੁੱਲਾ ਯੋਗਦਾਨ ਹੈ ਇੱਥੋਂ ਤੱਕ ਕਿ ਕੋਵਿਡ 19 ਵਰਗੀ ਭਿਆਨਕ ਮਹਾਂਮਾਰੀ ਨਾਲ ਦਿਨ ਰਾਤ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਇਸ ਮਹਾਂਮਾਰੀ ਤੇ ਵੀ ਜਿੱਤ ਪ੍ਰਾਪਤ ਕੀਤੀ ਹੈ। ਸਰਕਾਰ ਜਿਹੜ੍ਹੀ ਮਰਜੀ ਹੋਵੇ, ਇਹ ਕਾਮੇ ਹਮੇਸਾਂ ਆਪਣੀਆਂ ਹੱਕੀ ਜਾਇਜ਼ ਮੰਗਾਂ ਨੂੰ ਮਨਵਾਉਣ ਅਤੇ ਭਖਦੇ ਮਸਲਿਆਂ ਨੂੰ ਲੈ ਕੇ ਹੜਤਾਲਾਂ,ਰੋਸ ਰੈਲੀਆਂ,ਧਰਨੇ ਆਦਿ ਲਗਾਉਦੇ ਰਹਿੰਦੇ ਹਨ ਤਾਂ ਜੋ ਇਨ੍ਹਾਂ ਦੀ ਰੈਗੂਲਰ ਦੀ ਮੰਗ ਦਾ ਹੱਲ ਹੋ ਸਕੇ।
ਇਸ ਸਬੰਧੀ ਐਨ ਐਚ ਐਮ ਇੰਪਲਾਈਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਮਲਜੀਤ ਕੌਰ ਪੱਤੀ,ਰਾਕੇਸ਼ ਕੁਮਾਰ,ਡਾਕਟਰ ਪੂਨਮ,ਜੋਤੀ ਸ਼ਰਮਾ,ਜਸਵਿੰਦਰ ਸਿੰਘ,ਲਖਵੰਤ ਸਿੰਘ,ਸੰਦੀਪ ਕੌਰ ਸੀਐਚਓ,ਡਾਕਟਰ ਰਿੰਮੀ,ਕੁਲਦੀਪ ਸਿੰਘ,ਰਾਜ ਰਾਣੀ ਆਦਿ ਨੇ ਦੱਸਿਆ ਕਿ ਇਸ ਵਾਰ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਠੇਕਾ ਕਰਮਚਾਰੀਆਂ ਨੂੰ ਬਹੁਤ ਉਮੀਦਾਂ ਸਨ । ਪਰੰਤੂ ਅਜੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਨਹੀਂ ਕਲੀਅਰ ਕੀਤਾ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨਗੇ ਜਾਂ ਨਹੀਂ ਅਤੇ ਨਾ ਹੀ ਇਸ ਵਿਸ਼ੇ ਤੇ ਉਹ ਯੂਨੀਅਨ ਦੇ ਵਫਦ ਨਾਲ ਕੋਈ ਗੱਲਬਾਤ ਕਰਨ ਨੂੰ ਤਿਆਰ ਹਨ, ਜਿਸ ਦੇ ਰੋਸ ਵਜੋਂ ਨੈਸ਼ਨਲ ਹੈਲਥ ਮਿਸਨ ਦੇ ਕਰਮਚਾਰੀ ਆਮ ਆਦਮੀ ਪਾਰਟੀ ਦੀ ਮੰਨੀ ਜਾਣ ਵਾਲੀ ‘ਰਾਜਧਾਨੀ’ ਅਤੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ 19 ਜੂਨ ਦਿਨ ਐਤਵਾਰ ਨੂੰ ਰੋਸ ਰੈਲੀ ਕਰਨ ਜਾ ਰਹੇ ਹਨ । ਜੇਕਰ ਮਾਣਯੋਗ ਮੁੱਖ ਮੰਤਰੀ ਸਾਹਿਬ ਇਨ੍ਹਾਂ ਕਰਮਚਾਰੀਆਂ ਨਾਲ ਗੱਲਬਾਤ ਨਹੀ ਕਰਦੇ ਅਤੇ ਰੈਗੂਲਰ ਕਰਨ ਦਾ ਵਿਸ਼ਵਾਸ ਨਹੀਂ ਦਿੰਦੇ ਤਾਂ ਇਹ ਕਰਮਚਾਰੀ ਕਦੇ ਵੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾ ਸਕਦੇ ਹਨ । ਇਸ ਸਿਹਤ ਮੁਲਾਜ਼ਮਾਂ ਨੇ ਕਿਹਾ ਕਿ ਉਹ ਐਤਵਾਰ ਨੂੰ ਸੰਗਰੂਰ ਵਿਖੇ ਸਰਕਾਰ ਦੀ ਅਸਲੀਅਤ ਲੋਕਾਂ ਅੱਗੇ ਰੱਖਣਗੇ।
ਫੋਟੋ ਕੈਪਸ਼ਨ : ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ‘ਚ ਸੰਗਰੂਰ ਰੈਲੀ ਸਬੰਧੀ ਜਾਣਕਾਰੀ ਦਿੰਦੇ ਸਿਹਤ ਮੁਲਾਜ਼ਮ।