ਡੇਅਰੀ ਵਿਭਾਗ ਨੇ ਦੁੱਧ ਖਪਤਕਾਰਾਂ ਦੀ ਜਾਗ੍ਰਿਤੀ ਲਈ ਲਾਇਆ ਕੈਂਪ

Advertisement
Spread information

17 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ 15 ਤੋਂ 40 ਪ੍ਰਤੀਸ਼ਤ


ਰਾਜੇਸ਼ ਗੋਤਮ , ਪਟਿਆਲਾ 10, ਜੂਨ 2022 
     ਆਮ ਦੁੱਧ ਖਪਤਕਾਰ ਤੱਕ ਸਾਫ਼ ਅਤੇ ਸ਼ੁੱਧ ਦੁੱਧ ਦੀ ਪਹੁੰਚ ਯਕੀਨੀ ਬਣਾਉਣ ਲਈ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜੱਸੋਵਾਲ ਦੀ ਰਹਿਨੁਮਾਈ ਹੇਠ ਡਿਪਟੀ ਡਾਇਰੈਕਟਰ ਡੇਅਰੀ ਪਟਿਆਲਾ ਜਸਵਿੰਦਰ ਸਿੰਘ ਦੀ ਟੀਮ ਵੱਲੋਂ ਵੱਲੋਂ ਅੱਜ ਪਟਿਆਲਾ ਦੇ ਵਾਰਡ ਨੰਬਰ 15 ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲੋਕਾਂ ਵੱਲੋਂ ਘਰਾਂ ਵਿੱਚ ਵਰਤੇ ਜਾਣ ਵਾਲਾ ਦੁੱਧ ਦੀ ਮੌਕੇ ‘ਤੇ ਹੀ ਮੁਫ਼ਤ ਜਾਂਚ ਕਰਕੇ ਦੁੱਧ ਵਿਚਲੀ ਹਾਨੀਕਾਰਕ ਮਿਲਾਵਟ ਤੋਂ ਇਲਾਵਾ ਦੁੱਧ ਦੀ ਕੁਆਲਿਟੀ ਬਾਰੇ ਵਾਰਡ ਨੰਬਰ 15 ਦੇ ਵਸਨੀਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਬਹੁਤੇ ਲੋਕਾਂ ਨੂੰ ਆਪਣੇ ਘਰ ਵਿੱਚ ਦੁੱਧ ਦਾ ਮੁੱਲ ਅਤੇ ਕੁਆਲਿਟੀ ਦਾ ਪਹਿਲੀ ਵਾਰੀ ਪਤਾ ਲੱਗਿਆ। ਇਸ ਕੈਂਪ ਵਿੱਚ ਕੁੱਲ 22 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 17 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ 15 ਤੋਂ 40 ਫ਼ੀਸਦੀ ਤੱਕ ਪਾਈ ਗਈ ਅਤੇ 5 ਸੈਂਪਲ ਮਿਆਰਾਂ ਅਨੁਸਾਰ ਪਾਏ ਗਏ। ਇਨ੍ਹਾਂ ਸੈਂਪਲਾਂ ਦੀ ਯੂਰੀਆ, ਨਿਊਟ੍ਰਾਇਲਜਰ ਹਾਨੀਕਾਰਕ ਰਸਾਇਣਾਂ ਸਬੰਧੀ ਕੋਈ ਪੁਸ਼ਟੀ ਨਹੀਂ ਪਾਈ ਗਈ।
     ਇਸ ਮੌਕੇ ਡੇਅਰੀ ਵਿਕਾਸ ਵਿਭਾਗ ਦੇ ਮਾਹਰਾਂ ਨੇ ਲੋਕਾਂ ਨੂੰ ਜਾਗਰੂਕ ਕਰਦਿਆ ਦੱਸਿਆ ਕਿ ਦੁੱਧ ਇੱਕ ਸੰਪੂਰਨ ਖ਼ੁਰਾਕ ਹੋਣ ਦੇ ਨਾਤੇ ਇਹ ਇੱਕ ਨਵ-ਜੰਮੇ ਬੱਚੇ ਤੋਂ ਲੈ ਕੇ ਬਜ਼ੁਰਗ ਵਿਅਕਤੀ ਤੱਕ ਦੀ ਖ਼ੁਰਾਕ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਸੋ ਭਵਿੱਖ ਵਿੱਚ ਇਸ ਤਰਾਂ ਦੇ ਹੋਰ ਮੁਫ਼ਤ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਸਮੇਂ-ਸਮੇਂ ‘ਤੇ ਲਗਾਏ ਜਾਂਦੇ ਰਹਿਣਗੇ। ੳਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਦਾ ਮਨੋਰਥ ਦੁੱਧ ਖਪਤਕਾਰਾਂ ਵਿੱਚ ਸਾਫ਼ ਅਤੇ ਸ਼ੁੱਧ ਦੁੱਧ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਕੁੱਝ ਸ਼ਰਾਰਤੀ ਅਨਸਰ ਆਪਣੇ ਲਾਲਚ ਲਈ ਦੁੱਧ ਵਿੱਚ ਮਿਲਾਵਟ ਕਰਦੇ ਹਨ। ਜਿਸ ਨਾਲ ਲੋਕਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ। ਕਈ ਕੇਸਾਂ ਵਿੱਚ ਮਾਰੂ ਬਿਮਾਰੀਆਂ ਲੱਗਣ ਦਾ ਵੀ ਖ਼ਤਰਾ ਬਣ ਜਾਂਦਾ ਹੈ। ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਦਲਬੀਰ ਕੁਮਾਰ,  ਕੁਲਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!