ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਦੋਸ਼ੀ ਮੰਤਰੀ ਵਿਜੈ ਸਿੰਗਲਾ ਨੂੰ ਕੈਬਨਿਟ ਤੋਂ ਵੀ ਕੀਤਾ ਬਰਖਾਸਤ
ਅਸੀਂ ਪੰਜਾਬ ਨੂੰ ਬਣਾਉਣਾ ਭ੍ਰਿਸ਼ਟਾਚਾਰ ਮੁਕਤ, ਰਿਸ਼ਵਤਖੋਰੀ ਤੇ ਕਮਿਸ਼ਨਖੋਰੀ ਬਿਲਕੁੱਲ ਨਹੀਂ ਕਰਾਂਗੇ ਬਰਦਾਸਤ: ਮੁੱਖ ਮੰਤਰੀ ਭਗਵੰਤ ਮਾਨ
ਭ੍ਰਿਸ਼ਟਾਚਾਰ ਕਰਨ ਵਾਲਾ ਵਿਅਕਤੀ ਚਾਹੇ ਕਿੰਨਾ ਵੀ ਰਸੂਖਦਾਰ ਹੋਵੇ, ਸਾਡਾ ਵਿਧਾਇਕ ਜਾਂ ਮੰਤਰੀ ਕਿਉਂ ਨਾ ਹੋਵੇ, ਬਖਸ਼ਿਆ ਨਹੀਂ ਜਾਵੇਗਾ: ਭਗਵੰਤ ਮਾਨ
ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੁਣ ਭ੍ਰਿਸ਼ਟਾਚਾਰ ਤੇ ਮਾਫੀਆ ਦੇ ਦੋਸ਼ੀਆਂ ਨੂੰ ਪਨਾਹ ਨਹੀਂ ਮਿਲੇਗੀ, ਹੁਣ ਜਾਣਕਾਰੀ ਮਿਲਦੇ ਹੀ ਹੋਵੇਗੀ ਸਖ਼ਤ ਕਾਰਵਾਈ: ਭਗਵੰਤ ਮਾਨ
75 ਸਾਲਾਂ ਦੌਰਾਨ ਦੇਸ਼ ’ਚ ਅਜਿਹੀਆਂ ਦੋ ਹੀ ਮਿਸਾਲਾਂ ਮਿਲੀਆਂ ਹਨ, ਪਹਿਲੀ 2015 ’ਚ ਦਿੱਲੀ ’ਚ ਕੇਜਰੀਵਾਲ ਸਰਕਾਰ ਦੌਰਾਨ ਅਤੇ ਦੂਜੀ ਅੱਜ ਪੰਜਾਬ ’ਚ: ਭਗਵੰਤ ਮਾਨ
ਏ.ਐਸ. ਅਰਸ਼ੀ , ਚੰਡੀਗੜ੍ਹ, 24 ਮਈ 2022
ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਰਾਜ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਸਿੱਧ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੀ ਸਰਕਾਰ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਆਪਣੇ ਵਿਭਾਗ ’ਚ ਇੱਕ ਫ਼ੀਸਦੀ ਕਮਿਸ਼ਨ ਮੰਗਣ ਦੇ ਦੋਸ਼ਾਂ ਕਾਰਨ ਬਰਖਾਸਤ ਕਰ ਦਿੱਤਾ ਹੈ। ਆਪਣੇ ਮੰਤਰੀ ਨੂੰ ਬਰਖਾਸਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, ‘ਅਸੀਂ ਰਿਸ਼ਵਤਖੋਰੀ ਅਤੇ ਘੂਸਖੋਰੀ ਬਿਲਕੁੱਲ ਸਹਿਣ ਨਹੀਂ ਕਰਾਂਗੇ। ਭ੍ਰਿਸ਼ਟਾਚਾਰ ਕਰਨ ਵਾਲਾ ਵਿਅਕਤੀ ਚਾਹੇ ਕਿੰਨਾ ਹੀ ਰਸੂਖਦਾਰ ਕਿਉਂ ਨਾ ਹੋਵੇ, ਬਖਸ਼ਿਆ ਨਹੀਂ ਜਾਵੇਗਾ। ਸਾਡੀ ਸਰਕਾਰ ’ਚ ਕਿਸੇ ਨੂੰ ਵੀ ਗੈਰਕਾਨੂੰਨੀ ਅਤੇ ਭ੍ਰਿਸ਼ਟ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’
ਮੁੱਖ ਮੰਤਰੀ ਨੇ ਸਪਸ਼ਟ ਕੀਤਾ, ‘‘ਮੈਂ ਡਾ. ਸਿੰਗਲਾ ਨੂੰ ਆਪਣੀ ਕੈਬਨਿਟ ਤੋਂ ਬਰਖਾਸਤ ਕਰ ਦਿੱਤਾ ਹੈ ਅਤੇ ਪੁਲੀਸ ਨੂੰ ਕੇਸ ਦਰਜ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਇਹ ਮਾਮਲਾ ਸਿਰਫ਼ ਮੇਰੇ ਧਿਆਨ ਵਿੱਚ ਸੀ ਅਤੇ ਮੈਂ ਇਸ ਨੂੰ ਆਸਾਨੀ ਨਾਲ ਦੱਬ ਜਾਂ ਟਾਲ਼ ਸਕਦਾ ਸੀ, ਪਰ ਮੈਂ ਖਟਕੜ ਕਲਾਂ ਦੀ ਪਵਿੱਤਰ ਧਰਤੀ ’ਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਪ੍ਰਣ ਕੀਤਾ ਸੀ। ਇਸ ਦਿਸ਼ਾ ’ਚ ਇਹ ਇੱਕ ਇਤਿਹਾਸਕ ਕਦਮ ਹੈ।’’
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਵਿਵਸਥਾ ਦੇਣ ਲਈ ਚੁਣਿਆ ਹੈ। ਇਸ ਲਈ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਹਰ ਪੰਜਾਬੀ ਦੀਆਂ ਉਮੀਦਾਂ ਅਤੇ ਇੱਛਾਵਾਂ ’ਤੇ ਖਰਾ ਉਤਰਿਆ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਹੋ ਚੁੱਕੇ ਹਨ, ਪਰ ਅੱਜ ਤੱਕ ਦੇਸ਼ ’ਚ ਅਜਿਹੀਆਂ ਸਿਰਫ਼ ਦੋ ਹੀ ਮਿਸਾਲਾਂ ਮਿਲੀਆਂ ਹਨ। ਪਹਿਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਲ 2015 ’ਚ ਕਾਇਮ ਕੀਤੀ ਸੀ, ਜਦੋਂ ਉਨ੍ਹਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਆਪਣੇ ਖੁਰਾਕ ਤੇ ਸਪਲਾਈ ਮੰਤਰੀ ਨੂੰ ਬਰਖਾਸਤ ਕੀਤਾ ਸੀ। ਦੂਜੀ ਮਿਸਾਲ ਅੱਜ ਪੰਜਾਬ ਨੇ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾ. ਸਿੰਗਲਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਹੁਣ ਕਾਨੂੰਨ ਆਪਣਾ ਕੰਮ ਕਰੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਵਾਲੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਨੂੰ ਪਨਾਹ ਦਿੰਦੇ ਰਹੇ ਹਨ ਅਤੇ ਬਾਅਦ ’ਚ ਉਹ ਕਹਿੰਦੇ ਸਨ ਕਿ ਉਨ੍ਹਾਂ ਨੂੰ ਆਪਣੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਅਤੇ ਮਾਫੀਆ ਨਾਲ ਸੰਬੰਧਤ ਗਤੀਵਿਧੀਆਂ ’ਚ ਗ੍ਰਸਤ ਹੋਣ ਦੀ ਜਾਣਕਾਰੀ ਸੀ, ਪਰ ਹੁਣ ਪੰਜਾਬ ਵਿੱਚ ਇਮਾਨਦਾਰ ਸਰਕਾਰ ਹੈ। ਹੁਣ ਜਾਣਕਾਰੀ ਮਿਲਦਿਆਂ ਹੀ ਭ੍ਰਿਸ਼ਟਾਚਾਰੀਆਂ ਦੇ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਹੋਵੇਗੀ, ਭਾਵੇਂ ਉਹ ਉਨ੍ਹਾਂ ਦਾ ਹੀ ਮੰਤਰੀ ਜਾਂ ਵਿਧਾਇਕ ਕਿਉਂ ਨਾ ਹੋਵੇ।
ਵਿਰੋਧੀ ਪਾਰਟੀਆਂ ’ਤੇ ਟਿਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਟੀਆਂ ਸਾਡੇ ਇਸ ਫ਼ੈਸਲੇ ’ਤੇ ਬਿਆਨਬਾਜ਼ੀ ਜ਼ਰੂਰ ਕਰਨਗੀਆਂ, ਜਦੋਂ ਕਿ ਇਹ ਪਾਰਟੀਆਂ ਹਮੇਸ਼ਾਂ ਭ੍ਰਿਸ਼ਟ ਆਗੂਆਂ ਨੂੰ ਬਚਾਉਂਦੀਆਂ ਅਤੇ ਅੱਗੇ ਵਧਾਣ ’ਚ ਮਦਦ ਕਰਦੀਆਂ ਰਹੀਆਂ ਹਨ। ਪਰ ‘ਆਪ’ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸਖ਼ਤ ਕਦਮ ਚੁਕਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਇਰਾਦਾ ਅਤੇ ਨੀਅਤ ਸਾਫ਼ ਹੈ। ਭ੍ਰਿਸ਼ਟ ਕੰਮਾਂ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਹੜਾ ਵੀ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਵੇਗਾ, ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
‘ਆਪ’ ਦੇਸ਼ ਦੀ ਇੱਕਲੀ ਪਾਰਟੀ ਜਿੱਥੇ ਭ੍ਰਿਸ਼ਟਾਚਾਰ ਅਤੇ ਭ੍ਰਿਸਟਾਚਾਰੀਆਂ ਲਈ ਕੋਈ ਥਾਂ ਨਹੀਂ: ਅਰਵਿੰਦ ਕੇਜਰੀਵਾਲ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਡਾ. ਵਿਜੈ ਸਿੰਗਲਾ ਨੂੰ ਮੰਤਰੀ ਮੰਡਲ ਵਿਚੋਂ ਹਟਾਉਣ ਦੇ ਫ਼ੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੀ ਤਰੀਫ਼ ਕੀਤੀ ਹੈ। ਕੇਜਰੀਵਾਲ ਨੇ ਕਿਹਾ, ‘‘ਆਮ ਆਦਮੀ ਪਾਰਟੀ ਦੇਸ਼ ਦੀ ਇੱਕਲੀ ਪਾਰਟੀ ਹੈ ਜਿਥੇ ਭ੍ਰਿਸਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਲਈ ਕੋਈ ਥਾਂ ਨਹੀਂ ਹੈ। ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਛੋਟੇ ਭਰਾ ਭਗਵੰਤ ਮਾਨ ਦੇ ਫ਼ੈਸਲੇ ’ਤੇ ਸਾਨੂੰ ਸਾਰਿਆਂ ਨੂੰ ਮਾਣ ਹੈ। ਇਸ ਫ਼ੈਸਲੇ ਨਾਲ ਸਿਰਫ਼ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਲੋਕਾਂ ਨੂੰ ਮਾਣ ਮਹਿਸੂਸ ਹੋਇਆ ਹੈ।’’
One thought on “CM ਭਗਵੰਤ ਮਾਨ ਨੇ ਸਲਾਖਾਂ ਪਿੱਛੇ ਡੱਕਿਆ ਆਪਣਾ ਮੰਤਰੀ ,ਐਫ.ਆਈ.ਆਰ ਬੋਲਦੀ ਐ,,”
Comments are closed.