ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਵਿਦਿਆਰਥੀ ਮੰਗਾਂ ਸੰਬੰਧੀ ਪ੍ਰਿੰਸੀਪਲ ਨੂੰ ਦਿੱਤਾ ਮੰਗ ਪੱਤਰ
ਪਰਦੀਪ ਕਸਬਾ, ਸੰਗਰੂਰ 20 ਮਈ 2022
ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਰੈਲੀ ਕਰਨ ਤੋਂ ਬਾਅਦ ਪ੍ਰਿੰਸੀਪਲ ਸ. ਸੁਖਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਕੋਮਲ ਖਨੌਰੀ ਅਤੇ ਕਾਲਜ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਪੁੰਨਾਵਾਲ ਨੇ ਕਿਹਾ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਪੁਰਾਣੀ ਲਾਇਬ੍ਰੇਰੀ ਵਿਚ ਬੈਠਣ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ। ਨਵੀਂ ਬਣ ਰਹੀ ਲਾਇਬ੍ਰੇਰੀ ਦੀ ਉਸਾਰੀ ਵਿੱਚ ਤੇਜ਼ੀ ਲਿਆਂਦੀ ਜਾਵੇ,ਸਿਲੇਬਸ ਨਾਲ ਸਬੰਧਿਤ ਕਿਤਾਬਾਂ ਲਾਇਬ੍ਰੇਰੀ ਵਿੱਚ ਮੁਹੱਈਆ ਕਾਰਵਾਈਆਂ ਜਾਣ ਤੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ,ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਤੇ ਵਾਟਰ ਕੂਲਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ।
ਮਹੀਨੇ ਬਾਅਦ ਪਾਣੀ ਵਾਲੀਆਂ ਟੈਂਕੀਆਂ ਦੀ ਸਫਾਈ ਕੀਤੀ ਜਾਵੇ,ਕਲਾਸ ਰੂਮਾਂ, ਕਾਮਨ ਰੂਮਾਂ, ਬਾਥਰੂਮਾਂ ਤੇ ਪਾਰਕਾਂ ਦੀ ਰੈਗੂਲਰ ਸਫ਼ਾਈ ਕੀਤੀ ਜਾਵੇ। ਥਾਂ ਥਾਂ ਤੇ ਰੱਖੇ ਡਸਟਬਿਨਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ,ਮਾਰਕੀਟ ਰੇਟਾਂ ਨਾਲੋਂ ਕਾਲਜ ਦੀ ਕੰਟੀਨ ਵਿੱਚ ਅੱਧੇ ਰੇਟ ਤੇ ਖਾਣਾ ਵਿਦਿਆਰਥੀਆਂ ਨੂੰ ਮੁਹੱਈਆ ਕਾਰਵਾਈਆਂ ਜਾਵੇ,ਸਾਇੰਸ ਪ੍ਰਯੋਗਸ਼ਾਲਾ ਵਿੱਚ ਲੋੜੀਂਦੀ ਸਮੱਗਰੀ ਪੂਰੀ ਕੀਤੀ ਜਾਵੇ,ਕਾਲਜ ਵਿੱਚ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਜਾਵੇ,
ਖਾਲੀ ਪਈਆਂ ਪੋਸਟਾਂ (ਜਿਵੇਂ ਸਫ਼ਾਈ ਕਾਮੇ,ਸਕਿਊਰਟੀ ਗਾਰਡ, ਬੇਲਦਾਰ,ਮਾਲੀ, ਚਪੜਾਸੀ, ਪ੍ਰੋਫੈਸਰ ਤੇ ਕਲਰਕ) ਨੂੰ ਭਰਿਆ ਜਾਵੇ,ਕਾਲਜ ਦੇ ਪ੍ਰੋਫ਼ੈਸਰਾਂ ਨੂੰ ਹੋਰਨਾਂ ਕਾਲਜ ਦੇ ਦਿੱਤੇ ਵਾਧੂ ਚਾਰਜ ਤੋਂ ਸੁਰਖ਼ਰੂ ਕੀਤਾ ਜਾਵੇ, ਸਟਾਫ ਅਤੇ ਨਾਨ ਟੀਚਿੰਗ ਸਟਾਫ਼ ਦਾ ਵਿਦਿਆਰਥੀਆਂ ਪ੍ਰਤੀ ਰਵੱਈਆਂ ਵਿਦਿਆਰਥੀ ਪੱਖੀ ਹੋਵੇ,ਆਊਟ ਸਾਈਡਰਾ ‘ਤੇ ਸਖ਼ਤੀ ਕੀਤੀ ਜਾਵੇ । ਕਾਲਜ ਦੀ ਚਾਰਦੀਵਾਰੀ ਕੰਧ ਉੱਪਰ ਕੱਚ ਜਾਂ ਕੰਡਿਆਲੀ ਤਾਰ ਲਗਾਈ ਜਾਵੇ।
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ ਅਤੇ ਗੁਰਜਿੰਦਰ ਸਿੰਘ ਲਾਡਵੰਜਾਰਾ ਕਲਾਂ ਨੇ ਦੱਸਿਆ ਕਿ ਪ੍ਰਿੰਸੀਪਲ ਸਾਹਿਬ ਵੱਲੋਂ ਹਾਜ਼ਰ ਭਰੋਸਾ ਦਿਵਾਇਆ ਕਿ ਇਹਨਾਂ ਮੰਗਾਂ ਤੇ ਗੌਰ ਕਰਕੇ ਛੇਤੀ ਤੋਂ ਹੱਲ ਕੀਤਾ ਜਾਵੇਗਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਲਵਪ੍ਰੀਤ ਸਿੰਘ ਮਹਿਲਾ ਨੇ ਨਿਭਾਈ। ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ ਕਣਕਵਾਲ, ਬਲਜਿੰਦਰ ਕੌਰ, ਗੁਰਸੇਵਕ ਸਿੰਘ ਫਤਿਹਗੜ੍ਹ,ਰੱਜੀ , ਜੋਤੀ, ਜਸਪ੍ਰੀਤ ਕੌਰ,ਤਰਨ ਸੰਗਰੂਰ, ਰਾਜਪ੍ਰੀਤ ਕੌਰ, ਗੁਰਧਿਆਨ ਸਿੰਘ ਆਦਿ ਹਾਜ਼ਰ ਸਨ।