ਸਿੱਖਿਆ ਮੰਤਰੀ ਦੀ ਖਾਲੀ ਕੋਠੀ ਨੂੰ ਪ੍ਰਦਰਸ਼ਨਾਂ ਤੋਂ ਸੁਰੱਖਿਅਤ ਰੱਖਣ ਸਰਕਾਰ ਪੁਲਿਸ ਨੂੰ ਕਰਵਾ ਰਹੀ ਸਪੈਸ਼ਲ ਟ੍ਰੇਨਿੰਗ
ਜੇ.ਐਸ. ਚਹਿਲ , ਬਰਨਾਲਾ 17 ਮਈ 2022
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਪ੍ਰਦਰਸ਼ਨਕਾਰੀਆਂ ਨਾਲ ਦੋ-ਦੋ ਹੱਥ ਕਰਨ ਦੀ ਤਿਆਰੀ ਖਿੱਚ ਲਈ ਹੈ । ਇਸ ਕੰਮ ਲਈ, ਪੁਲਿਸ ਨੂੰ ਬਕਾਇਦਾ ਟ੍ਰੇਟਿੰਗ ਵੀ ਦਿੱਤੀ ਜਾ ਰਹੀ ਹੈ। ਇਸ ਦੀ ਤਾਜ਼ਾ ਉਦਾਹਰਣ, ਟ੍ਰਾਈਡੈਂਟ ਫੈਕਟਰੀ ਵਾਲਿਆਂ ਦੇ ਅਰੁਣ ਮੈਮੋਰੀਅਲ ਵਿਖੇ ਬਰਨਾਲਾ ਪੁਲਿਸ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ ਤੋਂ ਸਾਹਮਣੇ ਆਈ ਹੈ। ਬਰਨਾਲਾ ਪੁਲਿਸ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਨਿੱਜੀ ਕੋਠੀ ਦਾ ਘਿਰਾਓ ਕਰਨ ਆਉਣ ਵਾਲੇ ਬੇਰੁਜ਼ਗਾਰ ਅਧਿਆਪਕਾਂ ਤੇ ਹੋਰ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਬਰਨਾਲਾ ਪੁਲਿਸ ਵਲੋਂ ਟ੍ਰਾਈਡੈਂਟ ਫੈਕਟਰੀ ਦੇ ਅਰੁਣ ਮੈਮੋਰੀਅਲ ਵਿਖੇ ਸਥਾਨਕ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਵਿਰੋਧੀ ਧਿਰ ਵਿੱਚ ਹੁੰਦਿਆਂ ਆਮ ਆਦਮੀ ਪਾਰਟੀ ਵਲੋਂ ਬੇਰੁਜ਼ਗਾਰਾਂ ਤੇ ਹੋਰ ਸੰਘਰਸ਼ ਕਰਨ ਵਾਲੀਆਂ ਧਿਰਾਂ ਦੇ ਹੱਕ ਵਿੱਚ ਆਵਾਜ਼ ਉਠਾਈ ਜਾਂਦੀ ਰਹੀ ਹੈ ਅਤੇ ਮੌਜੂਦਾ ਸਿੱਖਿਆ ਮੰਤਰੀ ਵਲੋਂ ਵੀ ਬੇਰੁਜ਼ਗਾਰਾਂ ਦੇ ਨਾਲ ਟੈਂਕੀਆਂ ਤੇ ਚੜ੍ਹ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਹੈ । ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਬਤੌਰ ਮੁੱਖ ਮੰਤਰੀ ਉਹਨਾ ਨੂੰ ਮਿਲਣ ਵਾਲਾ ਹਰਾ ਪੈੱਨ ਸਭ ਤੋਂ ਪਹਿਲਾਂ ਬੇਰੁਜ਼ਗਾਰਾਂ ਦੇ ਹੱਕ ਵਿੱਚ ਚੱਲੇਗਾ ਤੇ ਕਿਸੇ ਨੂੰ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ। ਉਹਨਾ ਦਾ ਇਹ ਵੀ ਦਾਅਵਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕਿਸੇ ਵੀ ਬੇਰੁਜ਼ਗਾਰ ਨੂੰ ਧਰਨਾ ਆਦਿ ਨਹੀਂ ਦੇਣਾ ਪਵੇਗਾ।ਪਰ ਸਰਕਾਰ ਬਣਨ ਤੋਂ ਬਾਅਦ 2 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਵਲੋਂ ਬੇਰੁਜ਼ਗਾਰਾਂ ਨੂੰ ਕੋਈ ਠੋਸ ਪ੍ਰੋਗਰਾਮ ਦੇਣ ਅਤੇ ਮਿਲ ਬੈਠ ਕੇ ਮਸਲਾ ਹੱਲ ਕਰਨ ਦੀ ਬਿਜਾਏ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲਣ ਦੀ ਇੱਛਾ ਲੈ ਕੇ ਆਉਣ ਵਾਲੇ ਬੇਰੁਜ਼ਗਾਰ ਨਾਲ ਪੁਲਿਸ ਦੋ-ਦੋ ਹੱਥ ਕੀਤੇ ਜਾ ਰਹੇ ਹਨ।ਸਥਾਨਕ ਜੀਤਾ ਸਿੰਘ ਮਾਰਕੀਟ ਅੰਦਰ ਸਥਿਤ ਸਿੱਖਿਆ ਮੰਤਰੀ ਦੀ ਨਿੱਜੀ ਰਿਹਾਇਸ਼ ਦੇ ਆਲੇ-ਦੁਆਲੇ ਦੀਆਂ ਗਲੀਆਂ ਵਿੱਚ ਪੁਲਿਸ ਵਿਭਾਗ ਵੱਲੋਂ ਪੱਕੀ ਬੈਰੀਕੇਟਿੰਗ ਕੀਤੀ ਗਈ ਹੈ।
ਇਹ ਵੀ ਪਤਾ ਲੱਗਾ ਹੈ ਕਿ ਕੋਠੀ ਦੀ ਰਾਖੀ ਲਈ ਲਗਾਏ ਸੈਂਕੜੇ ਪੁਲਿਸ ਮੁਲਾਜ਼ਮਾਂ ਦੀ ਕੋਠੀ ਦੁਆਲੇ ਡਿਊਟੀ ਨੂੰ ਅਗਲੇ ਲੰਮੇ ਸਮੇਂ ਲਈ ਪੱਕਾ ਕਰ ਦਿੱਤਾ ਗਿਆ ਹੈ ਅਤੇ ਡਿਊਟੀ ਤੇ ਤਾਇਨਾਤ ਮੁਲਾਜ਼ਮਾਂ ਨੂੰ ਕਰੀਬ ਚਾਰ ਸ਼ਿਫਟਾਂ ਚ ਵੰਡਿਆ ਗਿਆ ਹੈ। ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਆਉਣ ਵਾਲੇ ਬੇਰੁਜ਼ਗਾਰਾਂ ਨਾਲ ਨਜਿੱਠਣ ਲਈ ਬਰਨਾਲਾ ਪੁਲਿਸ ਨੂੰ ਸਥਾਨਕ ਰਾਏਕੋਟ ਰੋਡ ਤੇ ਸਥਿਤ ਟ੍ਰਾਈਡੈਂਟ ਫੈਕਟਰੀ ਦੇ ਸਾਹਮਣੇ ਅਰੁਣ ਮੈਮੋਰੀਅਲ ਵਿਖੇ ਵਾਟਰ ਕੈਨਨ, ਅੱਥਰੂ ਗੈਸ ਦੇ ਗੋਲੇ ਚਲਾਉਣ,ਰੋੜੇ ਰੋਕਣ ਆਦਿ ਦੀ ਸਪੈਸ਼ਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਤੋਂ ਸਿੱਧ ਹੋ ਗਿਆ ਹੈ ਕਿ ਸਰਕਾਰ ਬੇਰੁਜ਼ਗਾਰਾਂ ਨਾਲ ਮਿਲ ਬੈਠ ਕੇ ਕੋਈ ਸਾਰਥਕ ਹੱਲ ਕੱਢਣ ਦੀ ਬਿਜਾਏ ਕਰੜੇ ਹੱਥੀਂ ਨਜਿੱਠਣ ਦੀ ਤਿਆਰੀ ਵਿੱਚ ਹੈ । ਬੇਰੁਜ਼ਗਾਰਾਂ ਦੇ ਹੱਕ ਵਿੱਚ ਚੱਲਣ ਵਾਲੇ ਹਰੇ ਪੈੱਨ ਦੀ ਥਾਂ ਆਉਣ ਵਾਲੇ ਦਿਨਾਂ ਦੌਰਾਨ ਬੇਰੁਜ਼ਗਾਰਾਂ ਤੇ ਲਾਠੀਚਾਰਜ, ਵਾਟਰ ਕੈਨਨ, ਅੱਥਰੂ ਗੈਸ ਆਦਿ ਦੇ ਹਮਲੇ ਦੇਖਣ ਨੂੰ ਮਿਲ ਸਕਦੇ ਹਨ। ਦੂਜੇ ਬਰਨਾਲਾ ਪੁਲਿਸ ਵਲੋਂ ਆਪਣੇ ਸਰਕਾਰੀ ਟ੍ਰੇਨਿੰਗ ਸੈਂਟਰ ਦੀ ਬਿਜਾਏ ਇੱਕ ਨਿੱਜੀ ਪ੍ਰਾਈਵੇਟ ਥਾਂ ਤੇ ਟ੍ਰੇਨਿੰਗ ਸੈਂਟਰ ਸਥਾਪਿਤ ਕਰਨਾ ਵੀ ਸਵਾਲਾਂ ਨੂੰ ਜਨਮ ਦਿੰਦਾ ਹੈ।