ਪੁਲਿਸ ਛਾਉਣੀ ਵਿੱਚ ਬਦਲਿਆ ਮੀਤ ਦੀ ਰਿਹਾਇਸ਼ ਵਾਲਾ ਇਲਾਕਾ
ਹਰਿੰਦਰ ਨਿੱਕਾ , ਬਰਨਾਲਾ 30 ਅਪ੍ਰੈਲ 2022
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਆਪਣੀ ਬਰਨਾਲਾ ਰਿਹਾਇਸ਼ ਤੇ ਪੈਰ ਧਰਦਿਆਂ ਦੀ ਭਿਣਕ ਪਈ ਤਾਂ ਉਵਰਏਜ ਬੇਰੋਜਗਾਰ ਅਧਿਆਪਕਾਂ ਨੇ ਮੀਤ ਦੇ ਦਰਾਂ ਤੇ ਪਹੁੰਚ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਪੱਕਾ ਧਰਨਾ ਸ਼ੁਰੂ ਕਰ ਦਿੱਤਾ। ਮੌਕੇ ਦੇ ਪਹੁੰਚੇ ਪੁਲਿਸ ਪ੍ਰਸ਼ਾਸ਼ਨ ਨੇ ਮੰਤਰੀ ਦੀ ਰਿਹਾਇਸ਼ ਵਾਲੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਮੰਤਰੀ ਅਤੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਜੋਰਦਾਰ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਤੇ ਇੱਕ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਹਿਮਤੀ ਦੇ ਦਿੱਤੀ ਸੀ। ਪਰੰਤੂ ਗੱਲ ਸਹਿਮਤੀ ਤੋਂ ਬਾਅਦ ਅਮਲ ਕਰਨ ਤੱਕ ਨਹੀਂ ਪਹੁੰਚੀ।
ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਮੰਗਾਂ:-
ਮਾਸਟਰ ਕੇਡਰ ਦੀਆਂ 4161 ਪੋਸਟਾਂ ਦੀ ਭਰਤੀ ਵਿਚ ਉਮਰ ਹੱਦ ਵਿੱਚ 5 ਸਾਲ ਦਾ ਵਾਧਾ ਕਰਕੇ ਉਂਮਰ ਹੱਦ ਲੰਘਾ ਚੁੱਕੇ ਉਮੀਦਵਾਰਾਂ ਨੂੰ ਅਪਲਾਈ ਕਰਵਾਇਆ ਜਾਵੇ।
ਮਾਸਟਰ ਕੇਡਰ ਦੀਆਂ 4161 ਪੋਸਟਾਂ ਦੀ ਭਰਤੀ ਵਿਚ ਸਾਰੇ ਵਿਸ਼ਿਆ ਦੀਆਂ ਅਸਾਮੀਆ ਵਿੱਚ ਵਾਧਾ ਕੀਤਾ ਜਾਵੇ।
ਸਾਰੇ ਸਰਕਾਰੀ ਵਿਭਾਗਾਂ ਵਿੱਚ ਗੁਆਂਢੀ ਰਾਜਾਂ ਦੀ ਤਰ੍ਹਾਂ ਅਪਲਾਈ ਕਰਨ ਲਈ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਪੱਕੇ ਤੌਰ ਤੇ ਕੀਤੀ ਜਾਵੇ।
ਰਮਨ ਕੁਮਾਰ ਮਲੋਟ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਚੋਣ ਜਾਬਤਾ ਲੱਗਣ ਤੋਂ ਪਹਿਲਾ ਮਾਸਟਰ ਕੇਡਰ ਦੀਆਂ 4161 ਪੋਸਟਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਅਪਲਾਈ ਕਰਨ ਦੀ ਜਰਨਲ ਵਰਗ ਲਈ ਉਮਰ ਹੱਦ 37 ਸਾਲ ਅਤੇ ਰਿਜਰਵ ਕੈਟਾਗਿਰੀ ਲਈ 42 ਸਾਲ ਰੱਖੀ ਗਈ ਸੀ । ਪੰਜਾਬ ਵਿੱਚ ਕਾਂਗਰਸ ਸਰਕਾਰ ਨੇ 2017 ਤੋਂ 2022 ਤੱਕ 5 ਸਾਲ ਰਾਜ ਕੀਤਾ। ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪੀ.ਐਸ.ਪੀ.ਸੀ.ਐਲ. ਨੂੰ ਛੱਡ ਕੇ ਕਿਸੇ ਵੀ ਸਰਕਾਰੀ ਵਿਭਾਗ ਵਿੱਚ ਕੋਈ ਬਹੁਤੀ ਵੱਡੀ ਭਰਤੀ ਨਹੀਂ ਕੀਤੀ ਗਈ। ਜਿਸ ਕਰਕੇ ਹਜਾਰਾ ਬੇਰੁਜ਼ਗਾਰ ਨੌਜਵਾਨ ਸਰਕਾਰੀ ਵਿਭਾਗਾਂ ਵਿੱਚ ਅਪਲਾਈ ਕਰਨ ਲਈ ਆਪਣੀ ਉਮਰ ਹੋਂਦ ਲੰਘਾ ਚੁੱਕੇ ਹਨ। ਪੰਜਾਬ ਦੇ ਨੌਜਵਾਨ ਕਾਂਗਰਸ ਸਰਕਾਰ ਤੋਂ ਉਮਰ ਹੱਦ ਵਿਚ ਵਾਧਾ ਕਰਨ ਦੀ ਕਾਫ਼ੀ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ।
ਜਿਸ ਤਰਾਂ PSPCL ਵਿੱਚ ਕਾਂਗਰਸ ਨੇ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕਰਕੇ 2800 ਸਹਾਇਕ ਲਾਇਨਮੈਨਾਂ ਦੀ ਭਰਤੀ ਕੀਤੀ , ਜਿਸ ਤਰਾਂ 2007 ਵਿੱਚ ਸਕੂਲ ਸਿੱਖਿਆ ਵਿਭਾਗ ਨੇ 37 ਸਾਲ ਤੋਂ 42 ਸਾਲ ਕਰਕੇ ਟੀਚਿੰਗ ਫੈਲੋ ਦੀ ਭਰਤੀ ਕੀਤੀ। ਇਸੇ ਤਰਾਂ ਸਿੱਖਿਆ ਵਿਭਾਗ ਦੇ ਸਾਲ 2017 ਵਿੱਚ 100 ‘ ਭਰਤੀ ਵਾਲਿਆਂ ਨੂੰ ਮਾਸਟਰ ਕੇਡਰ ਦੀ 3582 ਭਰਤੀ ਵਿੱਚ ਇੱਕ ਸਾਲ ਦੀ ਛੋਟ ਦਿੱਤੀ। ਸਾਲ 2016 ਵਿੱਚ ਸਕੂਲ ਸਿੱਖਿਆ ਵਿਭਾਗ ਵਿਚ ਈ.ਟੀ.ਟੀ. ਟੀਚਰਾਂ ਦੀ ਭਰਤੀ ਵੀ 37 ਸਾਲ ਤੋਂ ਵਧਾ ਕੇ 42 ਸਾਲ ਕੀਤੀ ਗਈ । ਇਸੇ ਤਰਾਂ ਪੰਜਾਬ ਸਰਕਾਰ ਨੇ 2021 ਵਿੱਚ ਲੈਕਚਰਾਰ ਦੀ ਭਰਤੀ ਵਿੱਚ ਉਮਰ ਹੱਦ ਨੂੰ 37 ਸਾਲ ਤੋਂ ਵਧਾ ਕੇ 45 ਸਾਲ ਕਰਕੇ ਅਪਲਾਈ ਕਰਵਾਇਆ ਹੈ। ਸਕੂਲ ਸਿੱਖਿਆ ਵਿਭਾਗ ਅਤੇ ਹੋਰ ਅਸਾਮੀਆਂ ਨਾਲ ਸਬੰਧਿਤ ਹਜਾਰਾਂ ਨੌਜਵਾਨਾਂ ਨੇ ਕੋਰਸ ਕਰਕੇ ਲੱਖਾਂ ਰੁਪਏ ਖਰਚ ਕੀਤੇ ਹਨ। ਘਰ ਸਰਕਾਰੀ ਵਿਭਾਗਾਂ ਵਿੱਚ ਅਸਾਮੀਆਂ ਨਾ ਆਉਣ ਕਰਕੇ ਉਮਰ ਹੱਦ ਲੰਘਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਵਿਭਾਗਾਂ ਵਿੱਚ ਗੁਆਂਢੀ ਰਾਜ ਹਰਿਆਣਾ, ਹਿਮਚਾਲ ਅਤੇ ਰਾਜਸਥਾਨ ਦੀ ਤਰ੍ਹਾਂ ਵਿੱਚ ਉਮਰ ਹੱਦ ਅਪਲਾਈ ਕਰਨ ਲਈ 37 ਸਾਲ ਤੋਂ 42 ਸਾਲ ਕੀਤੀ ਜਾਵੇ। ਉਤਰਾਖੰਡ ਸਰਕਾਰ ਨੇ ਵੀ ਇਹ ਉਮਰ ਹੱਦ 40 ਸਾਲ ਤੋਂ ਵਧਾ ਕੇ 42 ਕਰ ਦਿੱਤੀ ਹੈ। ਉਨਾਂ ਮੰਗ ਕੀਤੀ ਕਿ ਸਰਕਾਰੀ ਵਿਭਾਗਾਂ ਦੀਆਂ ਅਸਾਮੀਆਂ ਵਿੱਚ ਜਰਨਲ ਵਰਗ ਲਈ ਅਪਲਾਈ ਕਰਨ ਦੀ ਸੀਮਾ 37 ਸਾਲ ਤੋਂ ਵਧਾ ਕੇ 42 ਸਾਲ ਅਤੇ ਰਿਜਰਵ ਕੇਟਾਗਿਰੀ ਲਈ 42 ਸਾਲ ਤੋਂ ਵਧਾ ਕੇ 47 ਸਾਲ ਕੀਤੀ ਜਾਵੇ। ਇਸ ਦੇ ਨਾਲ ਹੀ ਮਾਸਟਰ ਕੇਡਰ ਦੀਆਂ 4161 ਪੋਸਟਾਂ ਦੀ ਭਰਤੀ ਵਿਚ ਵੀ ਉਮਰ ਹੱਦ ਵਿੱਚ 5 ਸਾਲ ਦਾ ਵਾਧਾ ਕਰਕੇ ਉੱਮਰ ਹੱਦ ਲੰਘਾ ਚੁੱਕੇ ਉਮੀਦਵਾਰਾਂ ਨੂੰ ਅਪਲਾਈ ਕਰਵਾਇਆ ਜਾਵੇ ਮਾਸਟਰ ਕੇਡਰ ਦੀਆਂ 4161 ਪੋਸਟਾਂ ਦੀ ਭਰਤੀ ਵਿਚ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਦੀ ਗਿਣਤੀ ਬਹੁਤ ਥੋੜੀ ਹੈ । ਇਸ ਲਈ ਸਾਰੇ ਵਿਸ਼ਿਆ ਦੀਆਂ ਅਸਾਮੀਆਂ ਦੀ ਗਿਣਤੀ ਵਿਚ ਵੀ ਵਾਧਾ ਕੀਤਾ ਜਾਵੇ।