ਭਗਵੇਂ ਪ੍ਰਚਾਰਤੰਤਰ ਦਾ ਨਵਾਂ ਫਿਰਕੂ ਹਮਲਾ‘ ਦ ਕਸ਼ਮੀਰ ਫ਼ਾਈਲਜ਼’- ਗੁਰਪ੍ਰੀਤ ਖੇੜੀ
ਗੁਰਪ੍ਰੀਤ ਖੇੜੀ, ਸ਼ੇਰਪੁਰ, ਸੰਗਰੂਰ, 16 ਅਪ੍ਰੈਲ 2020
ਇਨ੍ਹੀਂ ਦਿਨੀਂ ਭਗਵੇਂ ਫਿਲਮਸਾਜ਼ ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ ‘ਦ ਕਸ਼ਮੀਰ ਫ਼ਾਈਲਜ਼’ ਬਹੁਤ ਚਰਚਾ ’ਚ ਹੈ ਜਿਸ ਦਾ ਪ੍ਰਚਾਰ ਕਰਨ ’ਚ ਆਰ.ਐੱਸ.ਐੱਸ.- ਬੀ.ਜੇ.ਪੀ. ਦੀ ਪੂਰੀ ਮਸ਼ੀਨਰੀ ਜੁੱਟੀ ਹੋਈ ਹੈ। ਇਹ ਉਹੀ ਅਗਨੀਹੋਤਰੀ ਹੈ ਜਿਸ ਨੇ ‘ਸ਼ਹਿਰੀ ਨਕਸਲੀ’ ਦੀ ਨਿਆਰੀ ਪ੍ਰੀਭਾਸ਼ਾ ਈਜਾਦ ਕੀਤੀ ਸੀ ਕਿ ਆਪਣੇ ਦਿਮਾਗ ਤੋਂ ਕੰਮ ਲੈਣ ਵਾਲਾ ਹਰ ਉਹ ਅਧਿਆਪਕ ‘ਸ਼ਹਿਰੀ ਨਕਸਲੀ’ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਧਾਰਮਿਕ ਗ੍ਰੰਥਾਂ ਅਤੇ ਰੂੜੀਵਾਦੀ ਸੰਸਕ੍ਰਿਤੀ ਉੱਪਰ ਸਵਾਲ ਕਰਨੇ ਸਿਖਾਉਦਾ ਹੈ। ਭਾਜਪਾ ਦੀਆਂ ਯੂ.ਪੀ., ਗੁਜਰਾਤ, ਹਰਿਆਣਾ ਅਤੇ ਕਈ ਹੋਰ ਸਰਕਾਰਾਂ ਵੱਲੋਂ ਫਿਲਮ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ। ਨਰਿੰਦਰ ਮੋਦੀ ਜਿੱਥੇ ਬੀ.ਜੇ.ਪੀ. ਦੀ ਪਾਰਲੀਮੈਂਟਰੀ ਇਕੱਤਰਤਾ ਵਿਖੇ ‘ਦ ਕਸ਼ਮੀਰ ਫ਼ਾਈਲਜ਼’ ਨੂੰ ਇਹ ਕਹਿ ਕੇ ਪ੍ਰਮੋਟ ਕਰਦਾ ਹੈ ਕਿ ਐਸੀਆਂ ਫਿਲਮਾਂ ‘ਅਕਸਰ ਹੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਕਿਉਕਿ ਇਸ ਵਿਚ ਉਹ ‘ਸੱਚ’ ਦਿਖਾਇਆ ਗਿਆ ਹੈ ਜਿਸ ਨੂੰ ਸਾਲਾਂ ਤੋਂ ਦਬਾ ਕੇ ਰੱਖਿਆ ਗਿਆ ਸੀ।
ਨਾਲ ਹੀ ਉਹ ਵਿਚਾਰ-ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ’ਚ ਆਵਾਜ਼ ਉਠਾਉਣ ਵਾਲੇ ‘ਬੇਚੈਨ’ ਆਲੋਚਕਾਂ ਨੂੰ ਖ਼ਾਸ ਨਿਸ਼ਾਨਾ ਬਣਾਉਦਾ ਹੈ ਕਿ ਉਹ ਤੱਥਾਂ ਨੂੰ ਸਵੀਕਾਰ ਕਰਨ ਦੀ ਬਜਾਏ ਫਿਲਮ ਨੂੰ ਬਦਨਾਮ ਕਰਨ ਲਈ ਮੁਹਿੰਮ ਚਲਾ ਰਹੇ ਹਨ। ਸੰਘ ਦਾ ਮੁਖੀ ਮੋਹਨ ਭਾਗਵਤ ਫਿਲਮਸਾਜ਼ ਅਗਨੀਹੋਤਰੀ ਅਤੇ ਉਸ ਦੀ ਟੀਮ ਨਾਲ ਉਚੇਚੇ ਤੌਰ ’ਤੇ ਮੁਲਾਕਾਤ ਕਰਦਾ ਹੈ। ਭਾਗਵਤ ‘ਸੱਚ ਦੀ ਭਾਲ ਕਰਨ ਵਾਲਿਆਂ’ ਨੂੰ ਇਹ ਫਿਲਮ ਲਾਜ਼ਮੀ ਦੇਖਣ ਦੀ ਸਿਫ਼ਾਰਸ਼ ਕਰਦਾ ਹੈ ਕਿਉਕਿ ਇਹ ‘ਇਕ ਸ਼ਾਨਦਾਰ ਸਕ੍ਰਿਪਟ, ਇਕ ਡੂੰਘੀ ਖੋਜ, ਇਕ ਮੁਕੰਮਲ ਕਲਾਤਮਕ ਕਿਰਤ’ ਹੈ।
ਆਮ ਤੌਰ ’ਤੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੀਆਂ ਫਿਲਮਾਂ ਨੂੰ ਟੈਕਸ ਤੋਂ ਛੋਟ ਦੇ ਕੇ ਉਤਸ਼ਾਹਤ ਕੀਤਾ ਜਾਂਦਾ ਹੈ, ਪਰ ਸੰਘ ਬਰਗੇਡ ਲਈ ਫਿਲਮਾਂ ਆਪਣੇ ਨਫ਼ਰਤ ਦੇ ਏਜੰਡੇ ਨੂੰ ਪ੍ਰਚਾਰਨ ਦਾ ਸੰਦ ਹਨ। ‘ਮੁੱਖਧਾਰਾ’ ਸਿਨਮਾ ਕਦੇ ਵੀ ਸੱਚ ਨੂੰ ਈਮਾਨਦਾਰੀ ਨਾਲ ਪੇਸ਼ ਨਹੀਂ ਕਰਦਾ। ਕਲਾਤਮਕ ਫਿਲਮਾਂ ਵਿਚ ਬਹੁਤ ਸਾਰੀ ਕਲਪਨਾ ਹੁੰਦੀ ਹੈ ਪਰ ‘ਦ ਕਸ਼ਮੀਰ ਫ਼ਾਈਲਜ਼’ ਤਾਂ ਖੁੱਲ੍ਹਮ-ਖੁੱਲ੍ਹਾ ਨਫ਼ਰਤ ਦਾ ਪੁਲੰਦਾ ਹੈ। ਸੰਘ ਬਰਗੇਡ ਝੂਠ ਫੈਲਾ ਕੇ ਦੇਸ਼-ਦੁਨੀਆ ਨੂੰ ਗੁੰਮਰਾਹ ਕਰ ਰਿਹਾ ਹੈ ਕਿ ਇਸ ਫਿਲਮ ਨੇ ਕਸ਼ਮੀਰ ਦਾ ਉਹ ਸੱਚ ਸਾਹਮਣੇ ਲਿਆਂਦਾ ਹੈ ਜਿਸ ਨੂੰ ਸਿਆਸੀ ਜਮਾਤ ਅਤੇ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਯਾਨੀ ‘ਸ਼ਹਿਰੀ ਨਕਸਲੀਆਂ’ ਨੇ ਛੁਪਾਇਆ ਹੋਇਆ ਸੀ। ਸੱਚ ਇਹ ਹੈ ਕਿ ਕਸ਼ਮੀਰੀ ਪੰਡਿਤਾਂ ਦੀ ਦੁੱਖਭਰੀ ਦਾਸਤਾਂ ਕਦੇ ਵੀ ਲੁਕੀ-ਛਿਪੀ ਨਹੀਂ ਸੀ।
ਕਸ਼ਮੀਰੀ ਪੰਡਿਤ ਭਾਈਚਾਰੇ ਦੀ ਹਿਜ਼ਰਤ 1989-90 ’ਚ ਹੋਈ। ਮੀਡੀਆ ਰਿਪੋਰਟਾਂ ਅਤੇ ਹੋਰ ਸਰੋਤਾਂ ਦੇ ਰੂਪ ’ਚ ਇਸ ਦੀ ਜਾਣਕਾਰੀ ਜਨਤਕ ਤੌਰ ’ਤੇ ਉਪਲਬਧ ਹੈ। ਉਦੋਂ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦੀ ਪੁਣਛਾਣ ਕਰਕੇ ਕੋਈ ਵੀ ਵਿਅਕਤੀ ਕਸ਼ਮੀਰੀ ਪੰਡਿਤਾਂ ਦੇ ਸੰਤਾਪ ਬਾਰੇ ਆਪਣੀ ਆਜ਼ਾਦ ਸੋਚ ਬਣਾ ਸਕਦਾ ਹੈ। ਪਰ ਆਰਐੱਸਐੱਸ – ਬੀ.ਜੇ.ਪੀ. ਵੱਲੋਂ ਅਤਿਅੰਤ ਚਲਾਕੀ ਅਤੇ ਬੇਈਮਾਨੀ ਨਾਲ ਇਹ ਪ੍ਰਭਾਵ ਸਿਰਜਿਆ ਗਿਆ ਹੈ ਕਿ ਅਗਨੀਹੋਤਰੀ ਵੱਲੋਂ ਫਿਲਮ ਬਣਾਉਣ ਲਈ ਤੱਥ ਖੋਜੇ ਜਾਣ ਤੋਂ ਪਹਿਲਾਂ ਕਸ਼ਮੀਰੀ ਪੰਡਿਤਾਂ ਦੇ ਸੰਤਾਪ ਦੀ ਕਿਸੇ ਨੂੰ ਜਾਣਕਾਰੀ ਨਹੀਂ ਸੀ। ਇਹ ਗੱਲ ਕਿਸੇ ਵੀ ਪੱਖੋਂ ਸੱਚ ਨਹੀਂ ਹੈ। ਜਦੋਂ 1989 ’ਚ ਕਸ਼ਮੀਰੀ ਪੰਡਿਤਾਂ ਉੱਪਰ ਹਮਲੇ ਸ਼ੁਰੂ ਹੋਏ ਉਸ ਵਕਤ ਭਾਰਤ ਵਿਚ ਵਿਸ਼ਵਨਾਥ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਜਨਤਾ ਦਲ ਸਰਕਾਰ ਸੀ, ਜਿਸ ਨੂੰ ਬੀ.ਜੇ.ਪੀ. ਦੀ ਵੀ ਹਿਮਾਇਤ ਹਾਸਲ ਸੀ। ਜਨਵਰੀ 1990 ’ਚ ਜਦੋਂ ਕਸ਼ਮੀਰੀ ਪੰਡਿਤਾਂ ਉੱਪਰ ਜ਼ੁਲਮ ਸਿਖ਼ਰਾਂ ’ਤੇ ਸੀ ਅਤੇ ਵੱਡੇ ਪੈਮਾਨੇ ’ਤੇ ਹਿਜ਼ਰਤ ਹੋਈ ਉਦੋਂ ਭਾਜਪਾ ਦਾ ਖ਼ਾਸ-ਮ-ਖ਼ਾਸ ਜਗਮੋਹਣ ਮਲਹੋਤਰਾ ਜੰਮੂ-ਕਸ਼ਮੀਰ ਦਾ ਰਾਜਪਾਲ ਸੀ ਅਤੇ ਮੁਫ਼ਤੀ ਮੁਹੰਮਦ ਸਈਦ ਕੇਂਦਰੀ ਗ੍ਰਹਿ ਮੰਤਰੀ ਸੀ।
ਭਾਜਪਾ ਵਿਚ ਬਾਕਾਇਦਾ ਸ਼ਾਮਿਲ ਹੋਣ ਤੋਂ ਬਾਦ ਜਗਮੋਹਣ ਜੂਨ ਤੋਂ ਲੈ ਕੇ ਨਵੰਬਰ 1999 ਤੱਕ ਕੇਂਦਰੀ ਸ਼ਹਿਰੀ ਵਿਕਾਸ ਅਤੇ ਗ਼ਰੀਬੀ ਮਿਟਾਓ ਮੰਤਰੀ ਵੀ ਰਿਹਾ। ਮਾਰਚ 1998 ਤੋਂ ਲੈ ਕੇ ਮਈ 2004 ਤੱਕ ਕੇਂਦਰ ਵਿਚ ਮੁੜ ਭਾਜਪਾ ਦੀ ਸਰਕਾਰ ਸੀ ਅਤੇ ਬੀ.ਜੇ.ਪੀ. ਦਾ ਕੱਟੜ ਆਗੂ ਐੱਲ.ਕੇ. ਅਡਵਾਨੀ ਕੇਂਦਰੀ ਗ੍ਰਹਿ ਮੰਤਰੀ ਸੀ। ਉਸੇ ਅਰਸੇ ’ਚ 11 ਜੂਨ 1999 ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਜਾਂਚ ਟੀਮ ਕਸ਼ਮੀਰੀ ਪੰਡਿਤਾਂ ਉੱਪਰ ਜ਼ੁਲਮਾਂ ਦੀ ਜਾਂਚ ਲਈ ਭੇਜੀ ਗਈ। ਇਸ ਟੀਮ ਨੇ ਕਸ਼ਮੀਰੀ ਪੰਡਿਤਾਂ ਉੱਪਰ ਜ਼ੁਲਮਾਂ ਦਾ ਸੱਚ ਸਵੀਕਾਰ ਕੀਤਾ, ਪਰ ਉਸ ਨੂੰ ਨਸਲਕੁਸ਼ੀ ਨਹੀਂ ਕਿਹਾ। ਹਿਜ਼ਰਤ ਤੋਂ ਬਾਦ 22 ਸਤੰਬਰ 1990 ਨੂੰ ਕਸ਼ਮੀਰੀ ਪੰਡਿਤਾਂ ਨੇ ਅਲ ਸਫ਼ਾ ਨਾਮਕ ਅਖ਼ਬਾਰ ਦੇ ਸੰਪਾਦਕ ਨੂੰ ਇਕ ਸਮੂਹਿਕ ਚਿੱਠੀ ਲਿਖੀ ਸੀ ਜਿਸ ਉਨ੍ਹਾਂ ਨੇ ਸਪਸ਼ਟ ਰੂਪ ਵਿਚ ਲਿਖਿਆ ਸੀ ਕਿ ਹਿਜ਼ਰਤ ਇਕ ਸਾਜ਼ਿਸ਼ ਹੈ ਅਤੇ ਗਵਰਨਰ ਜਗਮੋਹਣ ਵੱਲੋਂ ਕਸ਼ਮੀਰੀ ਪੰਡਿਤਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਦਾ ਆਪਣੇ ਹਮਸਾਏ ਮੁਸਲਮਾਨਾਂ ਨਾਲ ਕੋਈ ਵੈਰ-ਵਿਰੋਧ ਨਹੀਂ ਹੈ।
ਮਾਰਚ 2015 ਤੋਂ ਜਨਵਰੀ 2016 ਤੱਕ ਜੰਮੂ-ਕਸ਼ਮੀਰ ਵਿਚ ਪੀ.ਡੀ.ਪੀ. ਅਤੇ ਬੀ.ਜੇ.ਪੀ. ਦੀ ਗੱਠਜੋੜ ਸਰਕਾਰ ਰਹੀ। ਮੁਫ਼ਤੀ ਦੀ ਮੌਤ ਤੋਂ ਬਾਦ ਵੀ ਜਦੋਂ ਉਸ ਦੀ ਬੇਟੀ ਮਹਿਬੂਬਾ ਮੁਫ਼ਤੀ ਮੁੱਖ ਮੰਤਰੀ ਬਣੀ, ਬੀ.ਜੇ.ਪੀ. ਜੂਨ 2018 ’ਚ ਹਮਾਇਤ ਵਾਪਸ ਲਏ ਜਾਣ ਤੱਕ ਪੀ.ਡੀ.ਪੀ. ਨਾਲ ਸੱਤਾ ’ਚ ਭਾਈਵਾਲ ਬਣੀ ਰਹੀ। ਅਗਸਤ 2019 ’ਚ ਧਾਰਾ 370 ਨੂੰ ਖ਼ਤਮ ਕੀਤੇ ਜਾਣ ਤੋਂ ਲੈ ਕੇ ਜੰਮੂ-ਕਸ਼ਮੀਰ ਸਿੱਧਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਅੱਧੀ ਦਰਜਨ ਤੋਂ ਉੱਪਰ ਖੁਫ਼ੀਆ ਏਜੰਸੀਆਂ ਦੇ ਨਾਲ ਨਾਲ ਆਰ.ਐੱਸ.ਐੱਸ.- ਬੀ.ਜੇ.ਪੀ. ਦਾ ਜੰਮੂ-ਕਸ਼ਮੀਰ ਵਿਚ ਵਿਆਪਕ ਤਾਣਾਬਾਣਾ ਹੈ ਅਤੇ ਸ਼ੁਰੂ ਤੋਂ ਹੀ ਇਸ ਦਾ ਜੰਮੂ-ਕਸ਼ਮੀਰ ਉੱਪਰ ਵਿਸ਼ੇਸ਼ ਫੋਕਸ ਰਿਹਾ ਹੈ।
ਆਰ.ਐੱਸ.ਐੱਸ.- ਬੀ.ਜੇ.ਪੀ. ਵਾਲੇ ਇਨ੍ਹਾਂ ਤੱਥਾਂ ਤੋਂ ਮੁੱਕਰ ਨਹੀਂ ਸਕਦੇ। ਇਹ ਕਹਿਣਾ ਨਿਰੋਲ ਬੇਈਮਾਨੀ ਹੈ ਕਿ ਕਸ਼ਮੀਰੀ ਪੰਡਿਤਾਂ ਉੱਪਰ ਜ਼ੁਲਮਾਂ ਦੇ ਤੱਥ ਛੁਪੇ ਹੋਏ ਸਨ ਅਤੇ ਜਦੋਂ ਕਸ਼ਮੀਰੀ ਮੁਸਲਮਾਨਾਂ ਦੇ ਜ਼ੁਲਮਾਂ ਕਾਰਨ ਕਸ਼ਮੀਰੀ ਪੰਡਿਤਾਂ ਨੂੰ ਹਿਜ਼ਰਤ ਕਰਨੀ ਪਈ ਤਾਂ ਮੁਸਲਮਾਨਾਂ ਨੂੰ ਖ਼ੁਸ਼ ਕਰਨ ਲਈ ਸਿਆਸੀ ਜਮਾਤ ਨੇ ਜ਼ੁਲਮਾਂ ਦੀ ਧੂੰ ਨਹੀਂ ਨਿਕਲਣ ਦਿੱਤੀ।
ਜਿਸ ਫਿਲਮ ਨੂੰ ਸੰਘ ਮੁਖੀ ‘ਡੂੰਘੀ ਖੋਜ ਵਾਲੀ ਕਲਾਤਮਕ ਕਿਰਤ’ ਦੱਸਦਾ ਹੈ ਉਹ ਦਰਅਸਲ ਸੋਸ਼ਲ ਮੀਡੀਆ ਉੱਪਰ ਪਰੋਸੀ ਜਾਂਦੀ ਅਤਿਅੰਤ ਘਟੀਆ ਦਰਜੇ ਦੀ ਮੁਸਲਿਮ ਵਿਰੋਧੀ ਅਤੇ ਕਸ਼ਮੀਰ ਦੇ ਸਵੈਨਿਰਣੇ ਦੇ ਹੱਕ ’ਚ ਆਵਾਜ਼ ਉਠਾਉਣ ਵਾਲਿਆਂ ਦੀ ਕਿਰਦਾਰਕੁਸ਼ੀ ਕਰਨ ਵਾਲੀ ਨਫ਼ਰਤੀ ਪ੍ਰਚਾਰ ਸਮੱਗਰੀ ਦਾ ਫਿਲਮੀ ਰੂਪ ਹੈ। ਇਹ ਫਿਲਮ, ਸਮੂਹ ਮੁਸਲਿਮ ਕਸ਼ਮੀਰੀਆਂ ਨੂੰ ਬੇਕਿਰਕ ਦਹਿਸ਼ਤਗਰਦ, ਮਜ਼ਲੂਮ ਪੰਡਿਤਾਂ ਨੂੰ ਤਸੀਹੇ ਦੇਣ ਵਾਲੇ ਜ਼ਾਲਮ, ਗੁਆਂਢੀ ਪੰਡਤਾਂ ਨੂੰ ਲੁੱਟਣ ਵਾਲੇ ਧਾੜਵੀ, ਹਿੰਦੂ ਔਰਤਾਂ ਨੂੰ ਬੇਪੱਤ ਕਰਨ ਵਾਲੇ ਦਾਨਵ ਬਣਾ ਕੇ ਪੇਸ਼ ਕਰਦੀ ਹੈ। ਪਾਕਿਸਤਾਨ ਪੱਖੀ ਦਹਿਸ਼ਤੀ ਗਰੁੱਪਾਂ ਅਤੇ ਆਜ਼ਾਦ ਕਸ਼ਮੀਰ ਲਈ ਲੜਨ ਵਾਲੇ ਧਰਮਨਿਰਪੱਖ ਹਿੱਸਿਆਂ ਸਭ ਨੂੰ ਜਾਣ-ਬੁੱਝ ਕੇ ਰਲਗੱਡ ਕੀਤਾ ਗਿਆ ਹੈ। ਕਸ਼ਮੀਰੀ ਪੰਡਿਤਾਂ ਨੂੰ ਜਬਰੀ ਮੁਸਲਮਾਨ ਬਣਾਉਣ ਦੀ ਮਨਘੜਤ ਕਹਾਣੀ ਵੀ ਪਰੋਸੀ ਗਈ ਹੈ। ਹਿੰਦੂ ਫਿਰਕੇ ਨੂੰ ਮੁਸਲਮਾਨ ਫਿਰਕੇ ਵਿਰੁੱਧ ਭੜਕਾਉਣ ਲਈ ਖ਼ਾਸ ਚੁਣਵੀਂਆਂ ਘਟਨਾਵਾਂ ਨੂੰ ਘੋਰ ਸਨਸਨੀਖ਼ੇਜ਼ ਰੂਪ ਦਿੱਤਾ ਗਿਆ ਹੈ।
ਜਿਵੇਂ ਮੁਸਲਿਮ ਦਹਿਸ਼ਤਗਰਦਾਂ ਵੱਲੋਂ 24 ਕਸ਼ਮੀਰੀ ਹਿੰਦੂ ਔਰਤ – ਮਰਦਾਂ – ਬੱਚਿਆਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਅਤੇ ਇਕ ਔਰਤ ਨੂੰ ਨਿਰਵਸਤਰ ਕਰਨ ਉਪਰੰਤ ਸਮੂਹਿਕ ਬਲਾਤਕਾਰ ਕਰਕੇ ਆਰੀ ਨਾਲ ਚੀਰਨ ਵਰਗੀਆਂ ਘਟਨਾਵਾਂ। ਕਥਿਤ ਮੁਸਲਿਮ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਕਸ਼ਮੀਰੀ ਪੰਡਿਤਾਂ ਦੇ ਕਤਲਾਂ ਦੀ ਤੁਲਨਾ ਨਾਜ਼ੀਆਂ ਵੱਲੋਂ ਯਹੂਦੀਆਂ ਦੀ ਨਸਲਕੁਸ਼ੀ ਨਾਲ ਕਰਨ ਤੋਂ ਫਿਲਮਸਾਜ਼ ਦੀ ਮਨਸ਼ਾ ਬਿਲਕੁਲ ਸਪਸ਼ਟ ਹੋ ਜਾਂਦੀ ਹੈ।
ਜੰਮੂ-ਕਸ਼ਮੀਰ ਵਿਚ ਸਵੈਨਿਰਣੇ ਲਈ ਲਹਿਰ ਦੇ ਉਭਰਨ ਦੇ ਸਮੇਂ ਤੋਂ ਲੈ ਕੇ ਇਕ ਲੱਖ ਦੇ ਕਰੀਬ ਕਸ਼ਮੀਰੀ ਮਾਰੇ ਜਾ ਚੁੱਕੇ ਹਨ। ਪਰ ਸੰਘੀ ਫਿਲਮਸਾਜ਼ ਦੀ ‘ਡੂੰਘੀ ਖੋਜ’ ਅਨੁਸਾਰ ਉੱਥੇ ਸਿਰਫ਼ ਕਸ਼ਮੀਰ ਪੰਡਤਾਂ ਦੀ ਨਸਲਕੁਸ਼ੀ ਹੋਈ ਹੈ। ਫ਼ੌਜ ਅਤੇ ਪਾਕਿਸਤਾਨ ਪੱਖੀ ਦਹਿਸ਼ਤੀ ਗਰੁੱਪਾਂ ਵੱਲੋਂ ਕਸ਼ਮੀਰੀਆਂ ਦਾ ਕਤਲੇਆਮ ਅਤੇ ਲੁੱਟਮਾਰ, ਹਿਰਾਸਤੀ ਕਤਲ, ਕੁਨਨ-ਪੌਸ਼ਪੁਰਾ ਵਰਗੇ ਸਮੂਹਿਕ ਬਲਾਤਕਾਰਾਂ ਦੇ ਹੌਲਨਾਕ ਕਾਂਡ, ਪੈਲੇਟ ਗੰਨਾਂ ਨਾਲ ਅੰਨ੍ਹੇ ਕੀਤੇ ਨੌਜਵਾਨ, ਅਗਵਾ ਕਰਕੇ ਲਾਪਤਾ ਕਰ ਦਿੱਤੇ ਗਏ ਹਜ਼ਾਰਾਂ ਕਸ਼ਮੀਰੀ, ਉਨ੍ਹਾਂ ਦਹਿ ਹਜ਼ਾਰਾਂ ਔਰਤਾਂ ਦਾ ਸੰਤਾਪ ਜਿਨ੍ਹਾਂ ਦੇ ਪਰਿਵਾਰਾਂ ਦੇ ਮਰਦ ਅਗਵਾ ਕਰਨ ਪਿੱਛੋਂ ਮਾਰ ਕੇ ਖ਼ਪਾ ਦਿੱਤੇ ਗਏ, ਥਾਂ-ਥਾਂ ਬਣੀਆਂ ਅਣਪਛਾਤੀਆਂ ਕਬਰਾਂ ਵਗੈਰਾ ਇਹ ਸਭ ਫਿਲਮਸਾਜ਼ ਅਨੁਸਾਰ ਭਾਰਤੀ ਫ਼ੌਜ ਨੂੰ ਬਦਨਾਮ ਕਰਨ ਲਈ ਘੜਿਆ ਕੋਰਾ ਝੂਠ ਹੈ। ਬਸ ਉਹੀ ਸੱਚ ਹੈ ਜੋ ਆਰ.ਐੱਸ.ਐੱਸ.-ਭਾਜਪਾ ਕਹਿ ਰਹੀ ਹੈ।
ਫਿਲਮ ਤੱਥਾਂ ਨੂੰ ਤੋੜ-ਮਰੋੜ ਕੇ ਅਤੇ ਖ਼ਾਸ ਤੱਥਾਂ ਨੂੰ ਦਬਾ ਕੇ ਜੋ ਤਸਵੀਰ ਪੇਸ਼ ਕਰਦੀ ਹੈ ਉਸ ਅਨੁਸਾਰ ਸਿਰਫ਼ ਤੇ ਸਿਰਫ਼ ਆਰ.ਐੱਸ.ਐੱਸ.-ਭਾਜਪਾ ਹੀ ਹੈ ਜੋ ਕਸ਼ਮੀਰੀ ਪੰਡਤਾਂ ਦੀ ਖ਼ੈਰਖਵਾਹ ਹੈ ਜਿਸ ਨੇ ਧਾਰਾ 370 ਦਾ ਖ਼ਾਤਮਾ ਕਰਕੇ ਰਿਆਸਤ ਦੀ ਤਰੱਕੀ ਦਾ ਰਾਹ ਖੋਲ੍ਹਿਆ; ਕਿ ਹੋਰ ਕਿਸੇ ਪ੍ਰਧਾਨ ਮੰਤਰੀ ਵਿਚ ਮੋਦੀ ਦੀ ਤਰ੍ਹਾਂ ਧਾਰਾ 370 ਤੋਂ ਕਸ਼ਮੀਰ ਨੂੰ ਮੁਕਤ ਕਰਾਉਣ ਦੀ ਹਿੰਮਤ ਨਹੀਂ ਸੀ। ਫਿਲਮ ਅਨੁਸਾਰ ਕਥਿਤ ਧਰਮਨਿਰਪੱਖ ਸਕਤੀਆਂ ਯਾਨੀ ਕਾਂਗਰਸ ਵਰਗੀਆਂ ਰਾਜਨੀਤਕ ਤਾਕਤਾਂ ਤਾਂ ਮੁਸਲਮਾਨਾਂ ਨੂੰ ਖ਼ੁਸ਼ ਕਰਨ ਲਈ ਕਸ਼ਮੀਰੀ ਪੰਡਿਤਾਂ ਦਾ ਮੁੱਲ ਵੱਟਣ ਵਾਲੀਆਂ ਗਿਰਝਾਂ ਹਨ। ਕਿ ਰਾਜੀਵ ਗਾਂਧੀ ਨੇ ਕਸ਼ਮੀਰੀ ਪੰਡਿਤਾਂ ਦੀ ਮੱਦਦ ਨਹੀਂ ਕੀਤੀ।
ਕਾਂਗਰਸ ਅਤੇ ਹੋਰ ਲੋਕ ਦੁਸ਼ਮਣ ਪਾਰਟੀਆਂ ਦੀ ਭੂਮਿਕਾ ਬਾਰੇ ਕੋਈ ਵਿਵਾਦ ਨਹੀਂ ਹੈ ਪਰ ਬੀ.ਜੇ.ਪੀ. ਤਾਂ ਕੇਂਦਰ ਅਤੇ ਜੰਮੂ-ਕਸ਼ਮੀਰ ਵਿਚ ਖ਼ੁਦ ਸੱਤਾ ਵਿਚ ਰਹੀ ਹੈ। ਕੀ ਇਸ ਨੇ ਕਸ਼ਮੀਰੀ ਪੰਡਿਤਾਂ ਦੀ ਸਾਰ ਲਈ? ਕੀ ਇਸ ਨੇ ਉਨ੍ਹਾਂ ਦੀ ਘਾਟੀ ’ਚ ਵਾਪਸੀ ਲਈ ਅਤੇ ਉਨ੍ਹਾਂ ਦੇ ਮੁੜ-ਵਸੇਬੇ ਅਤੇ ਹੋਰ ਮੱਦਦ ਲਈ ਕੋਈ ਕਦਮ ਚੁੱਕੇ?
ਇਹ ਜੱਗ ਜ਼ਾਹਿਰ ਤੱਥ ਹੈ ਕਿ ਕਸ਼ਮੀਰੀ ਲੋਕਾਂ ਦੀ ਨਸਲਕੁਸ਼ੀ ਲਈ ਸਮੁੱਚੀ ਭਾਰਤੀ ਹੁਕਮਰਾਨ ਜਮਾਤ ਅਤੇ ਇਸ ਦੇ ਜੰਮੂ-ਕਸ਼ਮੀਰ ਵਿਚਲੇ ਜੋਟੀਦਾਰ ਸਿਆਸਤਦਾਨ ਮੁੱਖ ਜ਼ਿੰਮੇਵਾਰ ਹਨ ਜੋ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਰਾਇਸ਼ੁਮਾਰੀ ਰਾਹੀਂ ਮਸਲੇ ਦਾ ਰਾਜਨੀਤਕ ਹੱਲ ਕਰਨ ਦੀ ਬਜਾਏ ਹਮੇਸ਼ਾ ਕਪਟੀ ਚਾਲਾਂ ਚੱਲਦੇ ਰਹੇ ਅਤੇ ਜਿਨ੍ਹਾਂ ਨੇ ਇਸ ਸਰਜ਼ਮੀਨ ਨੂੰ ਕੁਚਲਣ ਲਈ ਫ਼ੌਜ ਨੂੰ ਖੁੱਲ੍ਹੀ ਛੁੱਟੀ ਦੇ ਕੇ ਕਤਲਗਾਹ ਬਣਾਇਆ ਹੋਇਆ ਹੈ। ਚਾਹੇ ਕਾਂਗਰਸ ਹੈ ਜਾਂ ਬੀ.ਜੇ.ਪੀ. ਜਾਂ ਕੋਈ ਹੋਰ ਹਕੂਮਤ, ਭਾਰਤ ਦੀ ਹੁਕਮਰਾਨ ਜਮਾਤ ਕਦੇ ਵੀ ਕਸ਼ਮੀਰੀ ਪੰਡਤਾਂ ਦੀ ਆਪਣੇ ਘਰਾਂ ’ਚ ਵਾਪਸੀ, ਉਨ੍ਹਾਂ ਦੇ ਮੁੜ-ਵਸੇਬੇ ਅਤੇ ਜਾਨ-ਮਾਲ ਦੀ ਸੁਰੱਖਿਆ ਲਈ ਈਮਾਨਦਾਰ ਅਤੇ ਸੁਹਿਰਦ ਨਹੀਂ ਰਹੀ। ਆਰਐੱਸਐੱਸ – ਬੀ.ਜੇ.ਪੀ. ਦੀ ਭੂਮਿਕਾ ਸਭ ਤੋਂ ਜ਼ਿਆਦਾ ਘਿਣਾਉਣੀ ਹੈ। ਇਹ ਪੂਰੀ ਦੁਨੀਆ ਨੂੰ ਪਤਾ ਹੈ ਕਿ ਕਸ਼ਮੀਰੀ ਪੰਡਿਤ ਭਾਈਚਾਰੇ ਨੂੰ ਕਸ਼ਮੀਰ ਦੇ ਸਵੈ-ਨਿਰਣੇ ਦੇ ਸੰਘਰਸ਼ ਦੇ ਵਿਰੋਧ ’ਚ ਖੜ੍ਹਾ ਕਰਨ ਲਈ ਉਨ੍ਹਾਂ ਦੇ ਕਤਲਾਂ ਅਤੇ ਹਿਜ਼ਰਤ ਨੂੰ ਵਧਾ-ਚੜ੍ਹਾ ਕੇ ਫਿਰਕੂ ਰੰਗਤ ਦੇਣ ਦਾ ਮਾਸਟਰ-ਮਾਈਂਡ ਭਾਜਪਾਈ ਗਵਰਨਰ ਜਗਮੋਹਣ ਮਲਹੋਤਰਾ ਸੀ ਜਿਸ ਨੇ ਦਹਿਸ਼ਤ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰਕੇ ਯੋਜਨਾਬੱਧ ਹਿਜ਼ਰਤ ਨੂੰ ਅੰਜ਼ਾਮ ਦਿੱਤਾ।
ਫਿਰਕੂ ਕੱਟੜਪੰਥੀ ਗੁੱਟਾਂ ਵੱਲੋਂ ਸਿਰਫ਼ ਕਸ਼ਮੀਰੀ ਪੰਡਤਾਂ ਦੇ ਹੀ ਨਹੀਂ ਸਗੋਂ ਕਸ਼ਮੀਰੀ ਮੁਸਲਿਮ ਨਾਗਰਿਕਾਂ ਦੇ ਵੀ ਕਤਲ ਕੀਤੇ ਗਏ। ਭਾਰਤ ਦੀਆਂ ਇਨਸਾਫ਼ਪਸੰਦ ਤਾਕਤਾਂ ਵੱਲੋਂ ਇਨ੍ਹਾਂ ਸਾਰੇ ਕਤਲਾਂ ਦਾ ਹਮੇਸ਼ਾ ਵਿਰੋਧ ਕੀਤਾ ਜਾਂਦਾ ਰਿਹਾ ਹੈ। ਪਰ ਆਰ.ਐੱਸ.ਐੱਸ.- ਬੀ.ਜੇ.ਪੀ. ਨੇ ਆਪਣੀ ਖ਼ਸਲਤ ਅਨੁਸਾਰ ਇਨ੍ਹਾਂ ਸਾਰੇ ਤੱਥਾਂ ਨੂੰ ਦਰਕਿਨਾਰ ਕਰ ਦਿੱਤਾ ਅਤੇ ਚੁਣਵੇਂ ਤੱਥਾਂ ਨੂੰ ਉਨ੍ਹਾਂ ਦੇ ਅਸਲ ਪ੍ਰਸੰਗ ਨਾਲੋਂ ਤੋੜ ਕੇ ਨਫ਼ਰਤ ਫੈਲਾਉਣ ਦਾ ਸਾਧਨ ਬਣਾ ਲਿਆ। ਇਹ ਕਸ਼ਮੀਰੀ ਲੋਕਾਂ ਨਾਲ ਭਾਰਤੀ ਹੁਕਮਰਾਨ ਜਮਾਤ ਦੇ ਵਿਸ਼ਵਾਸਘਾਤ ਨੂੰ ਇਤਿਹਾਸ ਦੇ ਪੰਨਿਆਂ ’ਚੋਂ ਮਿਟਾ ਦੇਣ ਅਤੇ ਆਰ.ਐੱਸ.ਐੱਸ.- ਬੀ.ਜੇ.ਪੀ. ਨੂੰ ਹਿੰਦੂਆਂ ਦੀ ਵਾਹਦ ਰੱਖਿਅਕ ਬਣਾ ਕੇ ਪੇਸ਼ ਕਰਨ ਲਈ ਘੜਿਆ ਝੂਠਾ ਬਿਰਤਾਂਤ ਹੈ।
ਫਿਲਮ ਝੂਠੇ ਅੰਕੜਿਆਂ ਰਾਹੀਂ ਹਿੰਸਾ ਦਾ ਸ਼ਿਕਾਰ ਹੋਏ ਕਸ਼ਮੀਰ ਪੰਡਤਾਂ ਦੀ ਗਿਣਤੀ ਨੂੰ ਬੇਹੱਦ ਵਧਾ-ਚੜ੍ਹਾ ਕੇ ਪੇਸ਼ ਕਰਦੀ ਹੈ ਕਿ ਹਥਿਆਰਬੰਦ ਲੜਾਈ ਸ਼ੁਰੂ ਹੋਣ ਤੋਂ ਲੈ ਕੇ 4000 ਕਸ਼ਮੀਰੀ ਪੰਡਿਤਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਪੰਜ ਲੱਖ ਹਿਜ਼ਰਤ ਕਰਨ ਲਈ ਮਜਬੂਰ ਹੋ ਗਏ। ਜਦਕਿ ਕਸ਼ਮੀਰੀ ਪੰਡਿਤ ਸੰਘਰਸ਼ ਸੰਮਤੀ ਦੇ ਸਰਵੇਖਣ ਅਨੁਸਾਰ ਇਹ ਗਿਣਤੀ 399 ਤੋਂ ਲੈ ਕੇ 650 ਤੱਕ ਹੋ ਸਕਦੀ ਹੈ। ਖੋਜਕਾਰ ਅਲੈਗਜੈਂਡਰ ਇਵਾਨਜ਼ ਦਾ ਕਹਿਣਾ ਹੈ ਕਿ 1990 ’ਚ ਕਸ਼ਮੀਰ 160000-170000 ਕਸ਼ਮੀਰੀ ਪੰਡਿਤ ਸਨ ਜਿਨ੍ਹਾਂ ’ਚੋਂ ਜ਼ਿਆਦਾਤਰ ਹਿੰਸਾ ਕਾਰਨ ਉੱਥੋਂ ਛੱਡ ਕੇ ਆ ਗਏ। ਜੰਮੂ ਕਸ਼ਮੀਰ ਸਰਕਾਰ ਦੀ ਵੈੱਬਸਾਈਟ ਕਹਿੰਦੀ ਹੈ ਕਿ 60000 ਕਸ਼ਮੀਰ ਹਿੰਦੂ ਪਰਿਵਾਰਾਂ ਨੇ ਕਸ਼ਮੀਰ ਘਾਟੀ ’ਚੋਂ ਹਿਜ਼ਰਤ ਕੀਤੀ। ਫਿਲਮ ਦੇ ਦਾਅਵੇ ਇਨ੍ਹਾਂ ਵਿੱਚੋਂ ਕਿਸੇ ਵੀ ਅੰਕੜੇ ਨਾਲ ਮੇਲ ਨਹੀਂ ਖਾਂਦੇ।
ਨਫ਼ਰਤ ਭੜਕਾਉਣ ਲਈ ਫਿਲਮ ਸਮੁੱਚੇ ਕਸ਼ਮੀਰੀ ਮੁਸਲਮਾਨ ਭਾਈਚਾਰੇ ਨੂੰ ਗੁਆਂਢੀ ਕਸ਼ਮੀਰੀ ਪੰਡਿਤਾਂ ਦੇ ਦੁਸ਼ਮਣ ਬਣਾ ਕੇ ਪੇਸ਼ ਕਰਦੀ ਹੈ। ਜਦ ਕਿ ਹਕੀਕਤ ਇਹ ਹੈ ਕਿ ਕਸ਼ਮੀਰ ਮੁਸਲਮਾਨ ਨਾ ਸਿਰਫ਼ ਖ਼ੁਦ ਪਾਕਿਸਤਾਨ ਪੱਖੀ ਦਹਿਸ਼ਤੀ ਗਰੋਹਾਂ ਹੱਥੋਂ ਕਤਲ ਹੋਏ ਸਗੋਂ ਉਨ੍ਹਾਂ ਵੱਲੋਂ ਖ਼ਤਰਾ ਮੁੱਲ ਲੈ ਕੇ ਆਪਣੇ ਗੁਆਂਢੀ ਕਸ਼ਮੀਰੀ ਪੰਡਿਤਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਨੂੰ ਆਪਣਾ ਅਨਿੱਖੜ ਹਿੱਸਾ ਸਮਝਣ ਦੀਆਂ ਵੀ ਬੇਸ਼ੁਮਾਰ ਮਿਸਾਲਾਂ ਹਨ ਜੋ ਕਸ਼ਮੀਰੀਅਤ ਦੀ ਸੱਚੀ ਧਰਮਨਿਰਪੱਖ ਭਾਵਨਾ ਦੀ ਤਰਜ਼ਮਾਨੀ ਕਰਦੀਆਂ ਹਨ। ਪਰ ਇਹ ਹਕੀਕਤ ਸੰਘ ਬਰਗੇਡ ਦੇ ਨਫ਼ਰਤ ਭੜਕਾਊ ਰਾਜਨੀਤਕ ਪ੍ਰੋਜੈਕਟ ਦੇ ਵਿਰੋਧ ’ਚ ਜਾਂਦੀ ਹੋਣ ਕਾਰਨ ਉਹ ਇਸ ਨੂੰ ਦਬਾਉਦੇ ਹਨ।
ਫਿਲਮ ਸਿਰਫ਼ ਕਸ਼ਮੀਰੀ ਪੰਡਿਤਾਂ ਦੀ ਗੱਲ ਕਰਦੀ ਹੈ ਪਰ ਉਨ੍ਹਾਂ ਅਤਿਅੰਤ ਘਿਣਾਉਣੇ ਕਤਲ ਕਾਂਡਾਂ ਬਾਰੇ ਚੁੱਪ ਹੈ ਜੋ ਜੰਮੂ-ਕਸ਼ਮੀਰ ਪੁਲਿਸ, ਸੁਰੱਖਿਆ ਬਲਾਂ ਅਤੇ ਭਾਰਤੀ ਫ਼ੌਜ ਵੱਲੋਂ ਕੀਤੇ ਗਏ। ਜਿਨ੍ਹਾਂ ਨੇ ਵੱਖ-ਵੱਖ ਘਟਨਾਵਾਂ ਵਿਚ ਦਰਜਨਾਂ ਆਮ ਕਸ਼ਮੀਰੀਆਂ ਨੂੰ ਬੇਕਿਰਕੀ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਇਹ ਹੁਣ ਵੀ ਹੋ ਰਿਹਾ ਹੈ। ਫਿਲਮ ਚਿੱਟੀਸਿੰਘ ਪੁਰਾ ਕਤਲੇਆਮ ਵਰਗੇ ਨਿਹਾਇਤ ਖ਼ੌਫ਼ਨਾਕ ਕਾਂਡਾਂ ਦੀ ਗੱਲ ਨਹੀਂ ਕਰਦੀ ਜਦੋਂ 20 ਮਾਰਚ 2000 ਨੂੰ ਘਾਟੀ ਦੇ ਇਸ ਪਿੰਡ ’ਚ 36 ਸਿੱਖਾਂ ਨੂੰ ਰਾਤ ਸਮੇਂ ਫ਼ੌਜ ਦੀਆਂ ਵਰਦੀਆਂ ਪਾਈ ਗਰੋਹ ਵੱਲੋਂ ਘਰਾਂ ਤੋਂ ਬਾਹਰ ਧੂਹ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਮਰੀਕਨ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਮੌਕੇ ਹੋਏ ਇਸ ਕਤਲੇਆਮ ਨੂੰ ਕਸ਼ਮੀਰੀ ਗਰੁੱਪਾਂ ਦੇ ਖ਼ਾਤੇ ਪਾਇਆ ਗਿਆ। ਪਰ ਹਕੀਕਤ ਹੋਰ ਪਾਸੇ ਇਸ਼ਾਰਾ ਕਰਦੀ ਸੀ। ਅਮਰੀਕਾ ਦੀ ਸਾਬਕਾ ਸੈਕਟਰੀ ਆਫ਼ ਸਟੇਟ ਮੈਡਲੀਨ ਅਲਬ੍ਰਾਈਟ ਨੇ ਰਾਸ਼ਟਰਪਤੀ ਦੇ ਹਵਾਲੇ ਨਾਲ ਆਪਣੀ ਕਿਤਾਬ ‘ਦ ਮਾਈਟੀ ਐਂਡ ਦ ਆਲਮਾਈਟੀ’ ਵਿਚ ਇਸ ਕਤਲੇਆਮ ਬਾਰੇ ਲਿਖਿਆ – ‘ਮੇਰੀ ਭਾਰਤ ਫੇਰੀ ਦੌਰਾਨ ਕੁਝ ਹਿੰਦੂ ਅੱਤਵਾਦੀਆਂ ਨੇ ਅਠੱਤੀ ਸਿੱਖਾਂ ਦਾ ਕਤਲੇਆਮ ਕਰਕੇ ਆਪਣਾ ਗੁੱਸਾ ਕੱਢਣ ਦਾ ਫ਼ੈਸਲਾ ਕੀਤਾ। ਜੇ ਮੈਂ ਉਸ ਫੇਰੀ ’ਤੇ ਨਾ ਗਿਆ ਹੁੰਦਾ ਤਾਂ ਉਹ ਮੌਤ ਦਾ ਸ਼ਿਕਾਰ ਹੋਏ ਸ਼ਾਇਦ ਅੱਜ ਜਿਊਂਦੇ ਹੁੰਦੇ।’ ਇਸ ਟਿੱਪਣੀ ਤੋਂ ਬੌਖਲਾਈ ਭਾਰਤ ਸਰਕਾਰ ਦੇ ਦਬਾਓ ਹੇਠ ਪ੍ਰਕਾਸ਼ਕ ਨੂੰ ਕਿਤਾਬ ਵਿੱਚੋਂ ‘ਹਿੰਦੂ ਮਿਲੀਟੈਂਟਸ’ ਹਟਾ ਕੇ ‘ਐਂਗਰੀ ਰੈਡੀਕਲ’ ਸ਼ਬਦ ਪਾਉਣਾ ਪਿਆ ਸੀ।
ਚਾਹੇ ਦਿੱਲੀ ਕਤਲੇਆਮ 1984 ਸੀ ਜਾਂ ਗੁਜਰਾਤ ਕਤਲੇਆਮ 2002, ਕੋਵਿਡ ਮਹਾਮਾਰੀ ਸਮੇਂ ਲੌਕਡਾਊਨ ਵੱਲੋਂ ਕੀਤੀ ਤਬਾਹੀ ਸੀ ਜਾਂ ਕਾਰਪੋਰੇਟ ਹਿਤੈਸ਼ੀ ਨੀਤੀਆਂ ਰਾਹੀਂ ਜੰਗਲਾਂ-ਪਹਾੜਾਂ ਵਿੱਚੋਂ ਆਦਿਵਾਸੀ ਲੋਕਾਂ ਦਾ ਕਤਲੇਆਮ, ਕਸ਼ਮੀਰੀਆਂ ਅਤੇ ਭਾਰਤ ਦੇ ਹੋਰ ਲੋਕਾਂ ਦੀ ਨਸਲਕੁਸ਼ੀ ਦੀਆਂ ਸਮੂਹ ਫ਼ਾਈਲਾਂ ਈਮਾਨਦਾਰੀ ਨਾਲ ਖੁੱਲ੍ਹਣੀਆਂ ਹੀ ਚਾਹੀਦੀਆਂ ਹਨ। ਕਸ਼ਮੀਰ ਬਾਰੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਨੇ ਤੱਥ ਖੋਜ ਰਿਪੋਰਟਾਂ ਰਾਹੀਂ ਹਾਲਾਤ ਦਾ ਦਸਤਾਵੇਜ਼ੀਕਰਨ ਕਰਕੇ ਬਹੁਤ ਵੱਡਮੁੱਲਾ ਕੰਮ ਕੀਤਾ ਹੋਇਆ ਹੈ ਜਿਸ ਨੂੰ ਦਬਾਉਣ ਲਈ ਗੌਤਮ ਨਵਲਖਾ, ਖ਼ੁਰਮ ਪਰਵੇਜ਼ ਵਰਗੇ ਮਨੁੱਖੀ ਹੱਕਾਂ ਦੇ ਸਿਰਕੱਢ ਘੁਲਾਟੀਆਂ ਨੂੰ ਝੂਠੇ ਕੇਸਾਂ ਵਿਚ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਦਰਅਸਲ, ਭਗਵੀਂ ਹਕੂਮਤ ਦੇ ਹਿਤ ਕਸ਼ਮੀਰ ਦੇ ਸਮੂਹ ਲੋਕਾਂ ਵੱਲੋਂ ਝੱਲੇ ਜਾ ਰਹੇ ਸੰਤਾਪ, ਇਸੇ ਤਰ੍ਹਾਂ ਆਰ.ਐੱਸ.ਐੱਸ.-ਬੀ.ਜੇ.ਪੀ. ਦੇ ਰਾਜ ਵਿਚ ਲੋਕਾਂ ਦੇ ਉਜਾੜੇ ਅਤੇ ਨਸਲਕੁਸ਼ੀ ਉੱਪਰ ਪਰਦਾ ਬਣਾਈ ਰੱਖਣ ’ਚ ਹਨ। ਇਸੇ ਲਈ ਫਿਲਮ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਦੁੱਖ-ਤਕਲੀਫ਼ਾਂ ਨੂੰ ਇਨਸਾਨੀ ਸੰਵੇਦਨਸ਼ੀਲਤਾ ਨਾਲ ਪੇਸ਼ ਕਰਨ ਦੀ ਬਜਾਏ ਉਨ੍ਹਾਂ ਦੇ ਸੰਤਾਪ ਨੂੰ ਭਗਵੇਂ ਰੰਗ ’ਚ ਰੰਗ ਕੇ ਪੇਸ਼ ਕਰਦੀ ਹੈ।
ਮੋਦੀ ਹਕੂਮਤ ਦਾ ਫਿਲਮ ਦੀ ਰਾਜਕੀ ਪੁਸ਼ਤਪਨਾਹੀ ਕਰਨਾ ਅਤੇ ਸਮੁੱਚੇ ਭਗਵੇਂ ਤੰਤਰ ਦਾ ਫਿਲਮ ਦੇ ਪ੍ਰਚਾਰ ’ਚ ਜੁੱਟਣਾ ਹੈਰਾਨੀਜਨਕ ਨਹੀਂ ਹੈ। ਇਹ ਆਰ.ਐੱਸ.ਐੱਸ.-ਬੀ.ਜੇ.ਪੀ. ਵੱਲੋਂ ਜੰਮੂ-ਕਸ਼ਮੀਰ ਬਾਰੇ ਤੱਥਾਂ ਨੂੰ ਆਪਣੇ ਫਾਸ਼ੀਵਾਦੀ ਨਜ਼ਰੀਏ ਅਨੁਸਾਰ ਪ੍ਰਸੰਗ ਨਾਲੋਂ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਖ਼ਾਸ ਤੱਥਾਂ ਨੂੰ ਦਬਾ ਕੇ ਆਪਣੀ ਪਸੰਦ ਦਾ ਝੂਠਾ ਬਿਰਤਾਂਤ ਸਿਰਜਣ ਦਾ ਸਿੱਕੇਬੰਦ ਨਮੂਨਾ ਹੈ। ਹਿੰਦੂ ਫਿਰਕੇ ਦੇ ਮਨਾਂ ’ਚ ਇਹ ਜ਼ਹਿਰ ਭਰੀ ਜਾ ਰਹੀ ਹੈ ਕਿ ਧਰਮਨਿਰਪੱਖਤਾ ਦੀ ਗੱਲ ਕਰਨ ਵਾਲੀਆਂ ਤਾਕਤਾਂ ਕੱਟੜ ਜਹਾਦੀਆਂ ਦੀਆਂ ਹਮਾਇਤੀ ਅਤੇ ਹਿੰਦੂਆਂ ਦੀਆਂ ਦੁਸ਼ਮਣ ਹਨ। ਬੁੱਧੀਜੀਵੀ ਵਰਗ ਨੇ ਕਸ਼ਮੀਰੀ ਪੰਡਿਤਾਂ ਦੇ ਸੰਤਾਪ ਵੱਲ ਘੱਟ ਧਿਆਨ ਦਿੱਤਾ ਹੋ ਸਕਦਾ ਹੈ। ਪਰ ਉਹ ਕਦੇ ਵੀ ਕੱਟੜਪੰਥੀ ਦਹਿਸ਼ਤਵਾਦ ਦੇ ਹਮਾਇਤੀ ਨਹੀਂ ਰਹੇ ਜਿਵੇਂ ਫਿਲਮ ਤੱਥਾਂ ਨਾਲ ਖਿਲਵਾੜ ਕਰਦੀ ਹੈ। ਜੇ.ਐੱਨ.ਯੂ. ’ਚ 2016 ’ਚ ਕਸ਼ਮੀਰ ਬਾਰੇ ਚਰਚਾ ਨੂੰ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਸੰਤਾਪ ਨਾਲ ਇਸ ਲਈ ਜੋੜਿਆ ਗਿਆ ਹੈ
ਤਾਂ ਜੁ ਉਸ ਰੌਸ਼ਨਖ਼ਿਆਲ ਬੁੱਧੀਜੀਵੀ ਹਿੱਸੇ ਬਾਰੇ ਨਫ਼ਰਤ ਭੜਕਾਈ ਜਾ ਸਕੇ ਜੋ ਕਸ਼ਮੀਰ ਮਸਲੇ ਦੇ ਰਾਜਨੀਤਕ ਹੱਲ ਦੀ ਗੱਲ ਕਰਦਾ ਹੈ। ਫਿਲਮ ਵਿਚ ਕਿਰਦਾਰ ਇਸ ਮਨੋਰਥ ਨਾਲ ਸਿਰਜੇ ਗਏ ਹਨ ਤਾਂ ਜੁ ਕਸ਼ਮੀਰੀ ਅਵਾਮ ਦੇ ਹੱਕ ’ਚ ਨਿਧੜਕ ਹੋ ਕੇ ਬੋਲਣ ਵਾਲੀਆਂ ਆਵਾਜ਼ਾਂ ਜੇ.ਐੱਨ.ਯੂ. ਦੀ ਪ੍ਰੋਫੈਸਰ ਨਿਵੇਦਿਤਾ ਮੈਨਨ ਅਤੇ ਮਸ਼ਹੂਰ ਲੇਖਿਕਾ ਅਰੁੰਧਤੀ ਰਾਏ ਵਿਰੁੱਧ ਨਫ਼ਰਤ ਦਾ ਮਾਹੌਲ ਭੜਕਾ ਕੇ ਜਨੂੰਨੀ ਹਜੂਮਾਂ ਨੂੰ ਉਨ੍ਹਾਂ ਉੱਪਰ ਹਮਲੇ ਕਰਨ ਲਈ ਉਕਸਾਇਆ ਜਾ ਸਕੇ। ਭਗਵੀਂ ਪ੍ਰਚਾਰ ਮਸ਼ੀਨਰੀ ਵੱਲੋਂ ਇਸ ਮਨੋਰਥ ਨਾਲ ਆਰ.ਐੱਸ.ਐੱਸ. ਪੱਖੀ ਟੀ.ਵੀ. ਚੈਨਲਾਂ ਉੱਪਰ ਸਿੱਧੇ ਰੂਪ ’ਚ ਠੱਪਾ ਲਾਇਆ ਜਾ ਰਿਹਾ ਹੈ ਕਿ ਫਿਲਮ ਦਾ ਫਲਾਣਾ ਕਿਰਦਾਰ ਨਿਵੇਦਿਤਾ ਮੈਨਨ ਅਤੇ ਅਰੁੰਧਤੀ ਰਾਏ ਹੈ ਅਤੇ ਕਸ਼ਮੀਰ ਦੇ ਸਵੈਨਿਰਣੇ ਦੀ ਗੱਲ ਕਰਨ ਵਾਲੇ ਇਹ ਬੁੱਧੀਜੀਵੀ ਪਾਕਿਸਤਾਨੀ ਏਜੰਸੀਆਂ ਅਤੇ ਇਸਲਾਮਿਕ ਜਹਾਦੀ ਗਰੁੱਪਾਂ ਦੇ ਏਜੰਟ ਹਨ।
ਕਸ਼ਮੀਰੀ ਪੰਡਿਤਾਂ ਸਮੇਤ ਸਮੂਹ ਕਸ਼ਮੀਰੀਆਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਪਰ ਆਰ.ਐੱਸ.ਐੱਸ.-ਬੀ.ਜੇ.ਪੀ. ਜਾਂ ਹੋਰ ਕਿਸੇ ਵੀ ਲੋਕ ਵਿਰੋਧੀ ਰਾਜਨੀਤਕ ਤਾਕਤ ਨੂੰ ਇਸ ਬਹਾਨੇ ਕਸ਼ਮੀਰੀ ਪੰਡਤਾਂ ਦੇ ਸੰਤਾਪ ਉੱਪਰ ਰਾਜਨੀਤਕ ਰੋਟੀਆਂ ਸੇਕਣ ਅਤੇ ਨਫ਼ਰਤ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਚੰਗੀ ਗੱਲ ਹੈ ਕਿ ਕਸ਼ਮੀਰੀ ਪੰਡਿਤਾਂ ਦੇ ਜਾਗਰੂਕ ਹਿੱਸਿਆਂ ਨੇ ਇਸ ਝੂਠੇ ਬਿਰਤਾਂਤ ਨੂੰ ਰੱਦ ਕੀਤਾ ਹੈ। ਪਰ ਸਿਨੇਮਾ ਘਰਾਂ ਦੇ ਅੰਦਰ ਅਤੇ ਬਾਹਰ ਇਸ ਫਿਲਮ ਰਾਹੀਂ ਭੜਕਾਈ ਜਾ ਰਹੀ ਫਿਰਕੂ ਨਫ਼ਰਤ ਅਤੇ ਹਿੰਦੂ ਰਾਸ਼ਟਰ ਦਾ ਜਨੂੰਨ ਬੇਹੱਦ ਚਿੰਤਾਜਨਕ ਹੈ। ਸਿਨਮਿਆਂ ਦੇ ਅੰਦਰ ਅਤੇ ਬਾਹਰ ਮੁਸਲਿਮ ਫਿਰਕੇ ਵਿਰੁੱਧ ਜ਼ਹਿਰ ਉਗਲ਼ ਰਹੇ ਹਿੰਦੂ ਔਰਤਾਂ-ਮਰਦਾਂ ਦੇ ਹਜੂਮ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਖੁੱਲ੍ਹੇਆਮ ਵਕਾਲਤ ਕਰ ਰਹੇ ਹਨ ਅਤੇ ਐਸੀਆਂ ਹੋਰ ਫਿਲਮਾਂ ਬਣਾਏ ਜਾਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੂੰ ਆਰ.ਐੱਸ.ਐੱਸ.-ਬੀ.ਜੇ.ਪੀ. ਦੇ ਆਗੂ ਖ਼ਾਸ ਤੌਰ ’ਤੇ ਲਾਮਬੰਦ ਕਰਕੇ ਲਿਆਉਦੇ ਹਨ ਤਾਂ ਜੁ ਇਹ ਪ੍ਰਭਾਵ ਪੈਦਾ ਕੀਤਾ ਜਾ ਸਕੇ ਕਿ ਕਿੰਨੀ ਵਿਸ਼ਾਲ ਤਾਦਾਦ ’ਚ ਹਿੰਦੂ ਇਸ ਫਿਲਮ ਦੀ ਹਮਾਇਤ ਕਰ ਰਹੇ ਹਨ। ਪਿਛਲੇ ਸਾਲਾਂ ਤੋਂ ਸੋਸ਼ਲ ਮੀਡੀਆ ਉੱਪਰ ਫੈਲਾਈ ਜਾ ਰਹੀ ਫਿਰਕੂ ਨਫ਼ਰਤ ਨੂੰ ਹੁਣ ਜਨਤਕ ਸੰਵਾਦ ਦੇ ਖੇਤਰ ’ਚ ਪਹੁੰਚਾ ਦਿੱਤਾ ਗਿਆ ਹੈ। ਇਸ ਪਾਟਕਪਾਊ ਵਰਤਾਰੇ ਦਾ ਕਾਰਗਰ ਵਿਰੋਧ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਵਕਤ ’ਚ ਇਸ ਦੇ ਬਹੁਤ ਹੀ ਖ਼ਤਰਨਾਕ ਨਤੀਜੇ ਸਾਹਮਣੇ ਆਉਣਗੇ।
ਕਸ਼ਮੀਰ ਫ਼ਾਈਲਜ਼ ਉੱਪਰ ਚਰਚਾਵਾਂ ਆਯੋਜਤ ਕਰਕੇ ਇਸ ਕਥਿਤ ਫਿਲਮ ਪਿੱਛੇ ਕੰਮ ਕਰਦੀ ਘਿਣਾਉਣੀ ਹਿੰਦੂਤਵੀ ਸਿਆਸਤ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਸਾਰੀਆਂ ਹੀ ਤਾਕਤਾਂ ਦੇ ਚਿਹਰੇ ਨੰਗੇ ਕਰਨੇ ਚਾਹੀਦੇ ਹਨ ਜੋ ਕਸ਼ਮੀਰ ਪੰਡਤਾਂ ਅਤੇ ਹੋਰ ਕਸ਼ਮੀਰੀਆਂ ਦੇ ਦਰਦਨਾਕ ਹਾਲਾਤ ਲਈ ਜ਼ਿੰਮੇਵਾਰ ਹਨ।