ਜਥੇਬੰਦੀਆਂ ਦੇ ਵਫਦ ਨੇ ਐਸਡੀਐਮ ਬਰਨਾਲਾ ਨੂੰ ਸਮੁੱਚੀ ਹਾਲਤ ਤੋਂ ਜਾਣੂ ਕਰਵਾਇਆ
ਹਰਿੰਦਰ ਨਿੱਕਾ , ਬਰਨਾਲਾ 19 ਅਪ੍ਰੈਲ 2022
ਸੇਖਾ ਰੋਡ ਰਿਹਾਇਸ਼ੀ ਇਲਾਕੇ ਵਿੱਚ ਨਜਾਇਜ਼ ਗੁਦਾਮਾਂ ਦੀ ਉਸਾਰੀ ਖਿਲਾਫ਼ ਸੰਘਰਸ਼ ਜਾਰੀ ਹੈ। ਅੱਜ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਵਫਦ ਨੇ ਇਸ ਸਬੰਧੀ /ਐਸਡੀਐਮ ਬਰਨਾਲਾ ਨਾਲ ਮੁਲਾਕਾਤ ਕਰਕੇ ਸਾਰੇ ਮਸਲੇ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ। ਕਿਉਂ ਕਿ ਮਿਉਂਸਪਲ ਕਮੇਟੀ ਵੱਲੋਂ ਗੁਦਾਮਾਂ ਦੀ ਨਜਾਇਜ਼ ਉਸਾਰੀ ਖਿਲਾਫ਼ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਟਿੱਚ ਨਾਂ ਜਾਣਦੇ ਹੋਏ ਮਨੁੱਖੀ ਜਿੰਦਗੀਆਂ ਦੀ ਪਰਵਾਹ ਕੀਤੇ ਵਗੈਰ ਧੜੱਲੇ ਨਾਲ ਸਬੰਧਤ ਵਪਾਰੀ ਸਮਾਨ ਸਟੋਰ ਕਰ ਰਿਹਾ ਹੈ। ਮੁਹੱਲਾ ਨਿਵਾਸੀਆਂ ਵਿੱਚ ਇਸ ਹੈਂਕੜਬਾਜ ਵਪਾਰੀ ਖਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ ।
ਐਸਡੀਐਮ ਬਰਨਾਲਾ ਨਾਲ ਹੋਈ ਮੀਟਿੰਗ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨਰਾਇਣ ਦੱਤ, ਰਜਿੰਦਰ ਪਾਲ, ਬਾਬੂ ਸਿੰਘ ਖੁੱਡੀਕਲਾਂ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਅੰਦਰ ਵੱਖ ਵੱਖ ਰਿਹਾਇਸ਼ੀ ਇਲਾਕਿਆਂ ਵਿੱਚ ਮਿਉਂਸਪਲ/ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵੱਡੇ ਵਪਾਰਕ ਘਰਾਣਿਆਂ ਵੱਲੋਂ ਜੰਗੀ ਪੱਧਰ’ਤੇ ਗੁਦਾਮਾਂ ਦੀ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਗੁਦਾਮਾਂ ਵਿੱਚ ਜਲਣਸ਼ੀਲ ( ਘਿਉ, ਤੇਲ, ਪਟਾਖੇ, ਤੰਬਾਕੂ,ਗੈਸ ਆਦਿ ) ਧੜੱਲੇ ਨਾਲ ਸਟੋਰ ਕੀਤਾ ਜਾ ਰਿਹਾ ਹੈ। ਅਜਿਹੇ ਗੁਦਾਮ ਪਾਸ ਕਰਨ ਵੇਲੇ ਮੁਹੱਲਾ ਨਿਵਾਸੀਆਂ ਅਤੇ ਵਪਾਰਕ ਗੁਦਾਮਾਂ ਦੀ ਉਸਾਰੀ ਸਬੰਧੀ ਸਰਕਾਰ ਦੀਆਂ ਹਦਾਇਤਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ।
ਅਜਿਹੇ ਗੁਦਾਮ ਵਪਾਰਕ ਘਰਾਣਿਆਂ ਦੇ ਮੁਨਾਫ਼ੇ ਦਾ ਸਾਧਨ ਤਾਂ ਬਣ ਜਾਂਦੇ ਹਨ ਪਰ ਉਸ ਮੁਹੱਲੇ ਦੇ ਬਸ਼ਿੰਦਿਆਂ ਦੀਆਂ ਜਿੰਦਗੀਆਂ ਦਾਅ ਤੇ ਲਾ ਦਿੱਤੀਆਂ ਜਾਂਦੀਆਂ ਹਨ। ਵਫਦ ਨੇ ਜੋਰਦਾਰ ਮੰਗ ਕੀਤੀ ਕਿ ਰਿਹਾਇਸ਼ੀ ਖੇਤਰ ਵਿੱਚ ਵਪਾਰਕ ਗੁਦਾਮਾਂ ਦੀ ਉਸਾਰੀ ਬੰਦ ਕੀਤੀ ਜਾਵੇ, ਸੇਖਾ ਰੋਡ ਰਿਹਾਇਸ਼ੀ ਇਲਾਕੇ ਵਿੱਚ ਗਲਤ ਢੰਗ ਨਾਲ ਨਕਸ਼ੇ ਪਾਸ ਕਰਕੇ ਵਪਾਰਕ ਗੁਦਾਮਾਂ ਦੀ ਉਸਾਰੀ ਕਰਨ ਵਾਲੇ ਮਿਉਂਸਪਲ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਰਿਹਾਇਸ਼ੀ ਖੇਤਰ ਵਿੱਚ ਨਜਾਇਜ਼ ਉਸਾਰੇ ਵਪਾਰਕ ਗੁਦਾਮ ਢਾਹੇ ਜਾਣ। ਆਗੂਆਂ ਸਪਸ਼ਟ ਕੀਤਾ ਕਿ ਸਾਡੀ ਲੜਾਈ ਵਪਾਰੀ ਵਰਗ ਖਿਲਾਫ਼ ਨਹੀਂ ਹੈ, ਸਗੋਂ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਹੈ।
ਜਥੇਬੰਦੀਆਂ ਦੀ ਗੱਲਬਾਤ ਸੁਨਣ ਤੋਂ ਬਾਅਦ ਐਸਡੀਐਮ ਬਰਨਾਲਾ ਵਰਜੀਤ ਵਾਲੀਆ ਨੇ ਕਿਹਾ ਕਿ ਉਹ ਦੋ ਦਿਨਾਂ ਦੇ ਅੰਦਰ ਅੰਦਰ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕਰਕੇ ਇਨਸਾਫ਼ ਦਿਵਾਉਣਗੇ। ਇਸ ਲੜਾਈ ਵਿੱਚ ਸਮੂਹ ਇਨਸਾਫ਼ਪਸੰਦ ਜਥੇਬੰਦੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸਮੇਂ ਸੁਖਵਿੰਦਰ ਸਿੰਘ, ਮਹਿਮਾ ਸਿੰਘ ਢਿੱਲੋਂ, ਹਰਚਰਨ ਚਹਿਲ, ਖੁਸ਼ਮੰਦਰਪਾਲ, ਰਕੇਸ਼ ਕੁਮਾਰ ਅਤੇ ਬਲਦੇਵ ਮੰਡੇਰ ਆਗੂਆਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਜਲਦ ਇਨਸਾਫ਼ ਨਾਂ ਦਿੱਤਾ ਤਾਂ ਸੇਖਾ ਰੋਡ ਸੰਘਰਸ਼ ਕਮੇਟੀ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ।