ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 17 ਅਪ੍ਰੈਲ 2022
ਨੇੜਲੇ ਪਿੰਡ ਵਜੀਦਕੇ ਕਲਾਂ ਅਤੇ ਹੋਰ ਪਿੰਡਾਂ ਵਿੱਚ ਬਿਜਲੀ ਦੇ ਲੱਗ ਰਹੇ ਲੰਬੇ- ਲੰਬੇ ਕੱਟਾਂ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ । ਕੱਟਾ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਪਾਣੀ ਤੋਂ ਬਿਨਾਂ ਪਸ਼ੂਆਂ ਦਾ ਵੀ ਭੈੜਾ ਹਾਲ ਹੈ। ਬਿਜਲੀ ਵਿਭਾਗ ਵੱਲੋਂ ਸਵੇਰ ਤੋਂ ਲੈ ਕੇ ਸ਼ਾਮ ਤਕ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ। ਇਨ੍ਹਾਂ ਕੱਟਾਂ ਕਾਰਨ ਵਰਕਸ਼ਾਪਾਂ, ਕਾਰਖਾਨਿਆਂ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ ਤੇ ਲੋਕ ਪੀਣ ਵਾਲੇ ਪਾਣੀ ਤੋਂ ਵੀ ਤਰਸ ਰਹੇ ਹਨ। ਦੁਪਹਿਰ ਸਮੇਂ ਗਰਮੀ ਜ਼ਿਆਦਾ ਹੋਣ ਕਾਰਨ ਮਰੀਜ਼ਾਂ ਤੇ ਬੱਚਿਆ ਦਾ ਭੈੜਾ ਹਾਲ ਹੈ ।
ਬਿਜਲੀ ਦੇ ਕੱਟਾਂ ਕਾਰਨ ਜਦੋਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਪੁੱਛਦੇ ਹਾਂ ਤਾਂ ਉਹਨਾ ਦਾ ਕਹਿਣਾ ਹੈ ਕਿ ਕੱਟ ਕਣਕ ਦੀ ਫਸਲ ਦੇ ਕਾਰਨ ਲਾਏ ਜਾ ਰਹੇ ਹਨ, ਕਿਉਂਕਿ ਤਾਰਾਂ ਸਪਾਰਕ ਹੋਣ ਨਾਲ ਕਿਤੇ ਕਣਕ ਨੂੰ ਅੱਗ ਲੱਗ ਸਕਦੀ ਹੈ । ਪਰ ਹੁਣ ਕਿਸਾਨਾਂ ਵੱਲੋਂ ਤਕਰੀਬਨ ਕਣਕ ਦੀ ਫਸਲ ਕੰਬਾਈਨ ਨਾਲ ਕਟਵਾਈ ਜਾ ਚੁੱਕੀ ਹੈ ਤੇ ਮਾੜੀ ਮੋਟੀ ਫਸਲ ਖੜ੍ਹੀ ਹੈ । ਪਰ ਕਿਸਾਨ ਹੁਣ ਕਣਕ ਦੀ ਫਸਲ ਦੀ ਕਟਾਈ ਦੇ ਨਾਲ -ਨਾਲ ਰੀਪਰ ਨਾਲ ਤੂੜੀ ਵੀ ਬਣਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਿਜਲੀ ਦੇ ਕੱਟ ਹੁਣੇ ਹੀ ਲੱਗ ਰਹੇ ਹਨ ਤਾਂ ਜ਼ਿਆਦਾ ਗਰਮੀ ਚ ਬਿਜਲੀ ਦੇ ਕੱਟ ਜ਼ਿਆਦਾ ਲੱਗਣਗੇ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 600 ਬਿਜਲੀ ਯੂਨਿਟ ਹਰੇਕ ਵਰਗ ਨੂੰ ਮਾਫ ਕਰਨ ਦੇ ਐਲਾਨ ਕੀਤੇ ਜਾ ਰਹੇ ਹਨ ਤੇ 1 ਜੁਲਾਈ ਤੋਂ ਹਰੇਕ ਵਰਗ ਲਈ 600 ਯੂਨਿਟ ਮੁਫਤ ਬਿਜਲੀ ਮਿਲੇਗੀ । ਲੋਕਾਂ ਦੀ ਪੰਜਾਬ ਸਰਕਾਰ ਪਾਸੋਂ ਮੰਗ ਹੈ ਕਿ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ।