ਦਿੱਲੀ ਮੋਰਚੇ ‘ਚ ਨਿਭਾਉਂਦਾ ਰਿਹਾ ਅਹਿਮ ਆਗੂ ਭੂਮਿਕਾ
ਅੱਜ ਸਸਕਾਰ ਮੌਕੇ ਪਿੰਡ ਗਾਲਿਬ ਕਲਾਂ ਪਹੁੰਚਣ ਦੀ ਅਪੀਲ
ਹਰਿੰਦਰ ਨਿੱਕਾ , ਬਰਨਾਲਾ 15 ਅਪ੍ਰੈਲ 2022
ਇਨਕਲਾਬੀ ਸਫ਼ਾਂ ਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਆਗੂ ਹਰਦੀਪ ਸਿੰਘ ਗਾਲਿਬ ਕਲਾਂ ਨਹੀਂ ਰਹੇ। ਉਹਨਾਂ ਅੱਜ ਆਖਰੀ ਸਾਹ ਲਿਆ। ਉਹ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਪੀੜਤ ਚਲੇ ਆ ਰਹੇ ਸਨ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਅੱਗੇ ਦੱਸਿਆ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਅਤੇ ਦਿੱਲੀ ਵਿੱਚ ਚੱਲੇ ਲੰਬੇ ਸੰਘਰਸ਼ ਵਿਚ ਹਰਦੀਪ ਸਿੰਘ ਦੀ ਭੂਮਿਕਾ ਯਾਦਗਾਰੀ ਸੀ ਤੇ ਉਸਨੇ ਅੰਦੋਲਨ ਦੀ ਸਫਲਤਾ ਲਈ ਖਾਧ ਖੁਰਾਕ ਦਾ ਵਾਜਬ ਖਿਆਲ ਰੱਖੇ ਬਿਨਾਂ ਅਣਥੱਕ ਦੀ ਮਿਹਨਤ ਕੀਤੀ ਅਤੇ ਉਹਨਾਂ ਨੂੰ ਇਸ ਬਿਮਾਰੀ ਦਾ ਪ੍ਰਕੋਪ ਦਿੱਲੀ ਸੰਘਰਸ਼ ਦੌਰਾਨ ਹੀ ਦੇਖਣ ਨੂੰ ਮਿਲਿਆ।
ਉਹਨਾਂ ਦੱਸਿਆ ਕਿ ਉਹਨਾਂ ਦਾ ਰਾਜੀਵ ਗਾਂਧੀ ਕੈਂਸਰ ਹਸਪਤਾਲ ਦਿੱਲੀ,ਡੀਐਮਸੀ ਲੁਧਿਆਣਾ ਸਮੇਤ ਵੱਖ ਵੱਖ ਥਾਵਾਂ ਤੇ ਇਲਾਜ ਹੁੰਦਾ ਰਿਹਾ, ਪ੍ਰੰਤੂ ਬਿਮਾਰੀ ਦੀ ਹਾਲਤ ਵਿੱਚ ਵੀ ਉਹਨਾਂ ਨੇ ਕਿਸਾਨੀ ਸੰਘਰਸ਼ ਦਾ ਪਰਚਮ ਬੁਲੰਦ ਰੱਖਿਆ। ਹਰਦੀਪ ਗਾਲਿਬ ਕਿਸਾਨੀ ਸੰਘਰਸ਼ ਦਾ ਝੰਡਾ ਬੁਲੰਦ ਰੱਖਣ ਵਾਲੇ ਆਗੂ ਸਮੇਤ ਨਵਾਂ ਲੋਕ ਪੱਖੀ ਸਮਾਜ ਸਿਰਜਣ ਲਈ ਚੱਲ ਰਹੀ ਇਨਕਲਾਬੀ ਜਮਹੂਰੀ ਲਹਿਰ ਦਾ ਸਜਿੰਦ ਅੰਗ ਵੀ ਸੀ। ਇਨਕਲਾਬੀ ਕੇਂਦਰ, ਪੰਜਾਬ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਸਾਥੀ ਹਰਦੀਪ ਗਾਲਿਬ ਦੇ ਬੇਵਕਤੀ ਵਿਛੋੜੇ ਸਮੇਂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਮੁਖਤਿਆਰ ਪੂਹਲਾ, ਜਸਵੰਤ ਜੀਰਖ, ਜਗਜੀਤ ਲਹਿਰਾ ਮੁਹੱਬਤ ਨੇ ਦੱਸਿਆ ਕਿ ਸਾਥੀ ਹਰਦੀਪ ਗਾਲਿਬਕਲਾਂ ਦਾ 16 ਅਪ੍ਰੈਲ ਸ਼ਨੀਵਾਰ ਨੂੰ ਸਵੇਰੇ 11 ਵਜੇ ਪਿੰਡ ਗਾਲਿਬ ਕਲਾਂ ਵਿਖੇ ਕੀਤਾ ਜਾਵੇਗਾ। ਆਗੂਆਂ ਨੇ ਭਾਕਿਯੂ ਏਕਤਾ ਡਕੌਂਦਾ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਕਾਰਕੁਨਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।