ਹਰਿੰਦਰ ਨਿੱਕਾ , ਪਟਿਆਲਾ 9 ਅਪ੍ਰੈਲ 2022
ਇੱਕ ਸਿਰਫਿਰੇ ਨੌਜਵਾਨ ਤੋਂ ਤੰਗ ਆਈ ਰਾਜਪੁਰਾ ਸ਼ਹਿਰ ਦੀ ਰਹਿਣ ਵਾਲੀ ਇੱਕ ਨਾਬਾਲਿਗ ਲੜਕੀ ਨੇ ਸਲਫਾਸ ਨਿਗਲ ਕੇ ਜਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਥਾਣਾ ਰਾਜਪੁਰਾ ਦੀ ਪੁਲਿਸ ਨੇ ਮ੍ਰਿਤਕ ਦੀ ਮਾਂ ਰਜਨੀ ਪਤਨੀ ਪਰਮਜੀਤ ਸਿੰਘ ਵਾਸੀ ਦਾਦਾ ਕਲੋਨੀ ਰਾਜਪੁਰਾ ਦੇ ਬਿਆਨ ਪਰ ਦੋਸ਼ੀ ਨੌਜਵਾਨ ਲੱਕੀ ਵਾਸੀ ਏਕਤਾ ਕਲੋਨੀ, ਰਾਜਪੁਰਾ ਦੇ ਖਿਲਾਫ ਆਤਮ ਹੱਤਿਆ ਲਈ, ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਰਜਨੀ ਪਤਨੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਸਿੰਪੀ ਉਮਰ ਕਰੀਬ 17 ਸਾਲ ਨੇ ਆਪਣੇ ਕਮਰੇ ਵਿੱਚ ਜਾ ਕੇ ਸਲਫਾਸ ਦੀ ਗੋਲੀ ਖਾ ਲਈ ਅਤੇ ਪੁੱਛਣ ਪਰ ਦੱਸਿਆ ਕਿ ਉਕਤ ਦੋਸ਼ੀ ਲੱਕੀ ਨੇ ਉਸ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ । ਹਰ ਦਿਨ ਉਸ ਦੀਆਂ ਫੋਟੋਆ ਵਾਇਰਲ ਕਰਨ ਬਾਰੇ ਕਹਿੰਦਾ ਰਹਿੰਦਾ ਹੈ। ਜਿਸ ਤੋਂ ਦੁਖੀ ਸਿੰਪੀ ਨੇ ਸਲਫਾਸ ਦੀ ਗੋਲੀ ਖਾ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਥਾਣਾ ਸਿਟੀ ਰਾਜਪੁਰਾ ਦੇ ਐਸ.ਐਚ.ਉ ਇੰਸਪੈਕਟਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਨੌਜਵਾਨ ਦੇ ਖਿਲਾਫ ਅਧੀਨ ਜੁਰਮ 306 ਆਈ.ਪੀ.ਸੀ. ਤਹਿਤ ਕੇਸ ਦਰਜ਼ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ।