ਹਰਿੰਦਰ ਨਿੱਕਾ, ਬਰਨਾਲਾ ,5 ਅਪ੍ਰੈਲ 2022
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿਚ ਖ਼ਾਸ ਕਰਕੇ ਪਿੰਡਾਂ ਵਿਚ ਜਾ ਕੇ ਨਿਰੰਤਰ ਜਨਤਕ ਮਿਲਣੀਆਂ ਕਰਨ ਲਈ ਕਿਹਾ ਹੈ ਕਿ ਲੋਕਾਂ ਦੀ ਤਸੱਲੀ ਮੁਤਾਬਿਕ ਉਨ੍ਹਾਂ ਦੀ ਸਮੱਸਿਆਵਾਂ ਨੂੰ ਮੌਕੇ ’ਤੇ ਹੀ ਸੁਲਝਾਉਣਾ ਯਕੀਨੀ ਬਣਾਇਆ ਜਾ ਸਕੇ । ਮਾਨ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਉੱਤੇ ਪਿੰਡ ਜਾਂ ਕਸਬੇ ਵਿਚ ਜਾ ਕੇ ਅਧਿਕਾਰੀਆਂ ਦੀ ਟੀਮ ਨਾਲ ਵਿਸ਼ੇਸ਼ ਕੈਂਪ ਲਾਉਣ ਲਈ ਵੀ ਆਖਿਆ ਤਾਂ ਕਿ ਆਮ ਲੋਕਾਂ ਦੇ ਬਕਾਏ ਮਸਲੇ ਜਾਂ ਦਰਪੇਸ਼ ਸਮੱਸਿਆਵਾਂ ਦਾ ਮੌਕੇ ਉੱਤੇ ਹੀ ਹੱਲ ਹੋ ਸਕੇ।
ਐਡਵੋਕੇਟ ਪਰਵਿੰਦਰ ਸਿੰਘ ਝਲੂਰ ਨੇ ਕਿਹਾ ਕਿ ਉਪਰੋਕਤ ਫ਼ੈਸਲਾ ਲੋਕ ਹਿਤਾਂ ਲਈ ਲਾਭਦਾਇਕ ਸਿੱਧ ਹੋਵੇਗਾ ਅਤੇ ਸ਼ਲਾਘਾਯੋਗ ਫ਼ੈਸਲਾ ਹੈ । ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋ ਸਰਦਾਰ ਭਗਵੰਤ ਮਾਨ ਦੀ ਟੀਮ ਬਣ ਕੇ ਜੁੜੇ ਹੋਏ ਹਨ , ਹੁਣ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਦੇ ਤੌਰ ਤੇ ਸਭ ਤੋ ਵਧੀਆ ਮੁੱਖ ਮੰਤਰੀ ਸਾਬਤ ਹੋਣਗੇ ਅਤੇ ਆਮ ਆਦਮੀ ਦੀ ਸਰਕਾਰ ਦਾ ਅਸਲ ਚਿਹਰਾ ਹੋਣਗੇ । ਨਸ਼ਾ ਗ੍ਰਸਤ ਲੋਕਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਭਗਵੰਤ ਮਾਨ ਨੇ ਵੱਲੋਂ ਸਾਰੇ ਜ਼ਿਲ੍ਹਿਆਂ ਵਿਚ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਇਕ ਮਹੀਨੇ ਵਿਚ ਸ਼ੁਰੂ ਅਤੇ ਅਪਗ੍ਰੇਡ ਕਰਨ ਦਾ ਟੀਚਾ ਦਿੱਤਾ ਗਿਆ ਹੈ ਤਾਂ ਕਿ ਨੌਜਵਾਨਾਂ ਦਾ ਸਹੀ ਢੰਗ ਨਾਲ ਮੁੜ ਵਸੇਬਾ ਕੀਤਾ ਜਾ ਸਕੇ , ਜੋ ਭੁੱਲੇ-ਭਟਕੇ ਨਸ਼ਿਆਂ ਦੀ ਗ੍ਰਿਫ਼ਤ ਵਿਚ ਫਸ ਗਏ ਹਨ । ਉਨ੍ਹਾਂ ਕਿਹਾ ਕਿ ਨਸ਼ਾ ਗ੍ਰਸਤ ਲੋਕਾਂ ਦਾ ਮੁੜ ਵਸੇਬਾ ਸਭ ਤੋਂ ਅਹਿਮ ਹੈ ,ਜੋ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਸਵੈ-ਮਾਣ ਨਾਲ ਬਿਤਾਉਣ ਵਿਚ ਸਹਾਈ ਸਿੱਧ ਹੋਵੇਗਾ।