ਮਨਜੀਤ ਧਨੇਰ ਦਹਾੜਿਆ-ਪ੍ਰਸ਼ਾਸ਼ਨ ਵਾਲਿਉ, ਐਂਵੇ ਪੁੱਠਾ ਪੰਗਾਂ ਨਾ ਲੈ ਲਿਉ,,,,,
ਪ੍ਰਸ਼ਾਸ਼ਨ ਨੇ ਔਰਤਾਂ ਤੇ ਬੱਚਿਆਂ ਨੂੰ ਬਾਥਰੂਮ ਵੱਲ ਜਾਣ ਤੋਂ ਵੀ ਰੋਕਿਆ,,
ਹਰਿੰਦਰ ਨਿੱਕਾ , ਬਰਨਾਲਾ 4 ਅਪ੍ਰੈਲ 2022
ਲੋਹੜੇ ਦੀ ਗਰਮੀ, ਨਾ ਪੀਣ ਲਈ ਪਾਣੀ, ਨਾ ਸਿਰ ਢੱਕਣ ਲਈ ਟੈਂਟ, ਭੁੱਖੇ ਤ੍ਰਿਹਾਏ ਸੈਂਕੜੇ ਔਰਤ ਤੇ ਪੁਰਸ਼ ਅਧਿਆਪਕਾਂ ਨੇ ਸੜਕ ਤੇ ਪੈ ਕੇ ਹੀ ਲੰਘੀ ਰਾਤ ਗੁਜਾਰੀ, ਮੱਛਰ ਤੋਂ ਤੰਗ ਨੰਨ੍ਹੇ-ਮੁੰਨੇ ਵਿਲਕਦੇ ਬਾਲਾਂ ਦੀ ਪੁਕਾਰ ਸੁਣਨ ਲਈ ਵੀ ਕੋਈ ਪ੍ਰਸ਼ਾਸ਼ਨਿਕ ਅਧਿਕਾਰੀ ਨਹੀਂ ਬਹੁੜਿਆ। ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਇਹ ਮੰਜਰ ਬਾਬਾ ਆਲਾ ਸਿੰਘ ਦੇ ਵਰੋਸਾਏ ਸ਼ਹਿਰ ਬਰਨਾਲਾ ਅੰਦਰ ਲੰਘੀ ਰਾਤ ਸੂਬੇ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦੇ ਬਾਹਰ ਦੇਖਣ ਨੂੰ ਮਿਲਿਆ। ਚੋਣਾਂ ਸਮੇਂ ਲੋਕਾਂ ਦੀਆਂ ਲੇਲੜ੍ਹੀਆਂ ਤੇ ਹਾੜੇ ਕੱਢਣ ਵਾਲੇ ਮੀਤ ਦੇ ਪਰਿਵਾਰ ਦੇ ਕਿਸੇ ਜੀਅ , ਪਾਰਟੀ ਦੇ ਕਿਸੇ ਵਰਕਰ ਜਾਂ ਆਗੂ ਨੇ ਵੀ ਤਪਦੀ ਸੜਕ ਤੇ ਰਾਤ ਗੁਜਾਰਨ ਲਈ ਮਜਬੂਰ ਔਰਤ ਅਧਿਆਪਕਾਂ ਨੂੰ ਸਹਾਰਾ ਦੇਣ ਲਈ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ । ਦੂਜੇ ਦਿਨ ਵੀ ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਡਟੇ ਪ੍ਰਦਰਸ਼ਨਕਾਰੀਆਂ ਦੇ ਹੌਂਸਲੇ ਬੁਲੰਦ ਹਨ, ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਧਨੇਰ ਅਤੇ ਇੰਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਸਾਥੀ ਨਰਾਇਣ ਦੱਤ ਵੀ ਆਪਣੇ ਸਾਥੀਆਂ ਸਣੇ, ਸੰਘਰਸ਼ਸ਼ੀਲ ਅਧਿਆਪਕਾਂ ਨੂੰ ਸਮਰਥਨ ਦੇਣ ਲਈ ਧਰਨੇ ਤੇ ਪਹੁੰਚੇ। ਪ੍ਰਦਰਸ਼ਨਕਾਰੀਆਂ ਦੇ ਸਾਥੀਆਂ ਨੂੰ ਪਾਣੀ ਤੱਕ ਨਾ ਪਹੁੰਚਣ ਦੇਣ ਅਤੇ ਫਲੱਸ਼ ਬਾਥਰੂਮਾਂ ਵੱਲ ਜਾਣ ਤੋਂ ਰੋਕਣ ਲਈ ਨਾਕਬੰਦੀ ਕਰੀ ਬੈਠੇ ਪੁਲਿਸ ਵਾਲਿਆਂ ਨੂੰ ਉਦੋਂ ਆਪਣਾ ਸਖਤੀ ਵਾਲਾ ਰਵੱਈਆਂ ਬਦਲਣ ਲਈ ਮਜਬੂਰ ਹੋਣਾ ਪਿਆ, ਜਦੋਂ ਬੀਕੇਯੂ ਦੇ ਆਗੂ ਮਨਜੀਤ ਧਨੇਰ ਨੇ ਪ੍ਰਸ਼ਾਸ਼ਨ ਨੂੰ ਸੰਬੋਧਿਤ ਹੁੰਦਿਆਂ ਦਹਾੜ ਮਾਰੀ ਕਿ ਐਂਵੇ ਪੁੱਠਾ ਪੰਗਾ ਨਾ ਲੈ ਲਿਉ, ਬੋਕ ਦੇ ਸਿੰਗਾਂ ਨੂੰ ਹੱਥ ਲਾ ਕੇ, ਹੁਣ ਅਸੀਂ ਚੁਨਿੰਦਾ ਆਗੂ ਆਏ ਹਾਂ, ਜਥੇਬੰਦੀ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ, ਅਸੀਂ, ਸੰਘਰਸ਼ੀ ਅਧਿਆਪਕਾਂ ਦਾ ਡਟ ਕੇ ਸਾਥ ਦਿਆਂਗੇ। ਨਰਾਇਣ ਦੱਤ ਨੇ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਸ਼ਾਂਤਮਈ ਸੰਘਰਸ਼ ਕਰਦੇ ਅਧਿਆਪਕਾਂ ਤੇ ਅੱਤਿਆਚਾਰ ਕਰਨ ਦੀ ਭੁੱਲ ਨਾ ਕਰ ਬੈਠਣ, ਬਰਨਾਲਾ ਦੀ ਧਰਤੀ ਇੰਨਕਲਾਬੀ ਖਾਸੇ ਦੀ ਧਰਤੀ ਹੈ, ਇੱਥੋਂ ਦੇ ਲੋਕ ਵੱਡੇ ਵੱਡੇ ਜਾਲਮਾਂ ਦਾ ਲੋਕ ਸੰਘਰਸ਼ ਨਾਲ ਮੂੰਹ ਮੋੜਨ ਦਾ ਲੰਬਾ ਤਜਰਬਾ ਰੱਖਦੇ ਹਨ । ਦੋਵਾਂ ਆਗੂਆਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਿਹਾ ਕਿ ਸੰਘਰਸ਼ੀਲ ਅਧਿਆਪਕਾਂ ਲਈ ਪਾਣੀ, ਅਸਥਾਈ ਪਖਾਨਿਆਂ ਅਤੇ ਧੁੱਪ ਤੋਂ ਬਚਾਅ ਲਈ ਟੈਂਟ ਦਾ ਪ੍ਰਬੰਧ ਕਰਨ ਦਿੱਤਾ ਜਾਵੇ। ਜੇਕਰ ਪੁਲਿਸ ਨੇ ਸੰਘਰਸ਼ੀ ਲੋਕਾਂ ਨੂੰ ਜਨਸੁਵਿਧਾਵਾਂ ਦੇਣ ਵਿੱਚ ਕੋਈ ਅੜਿੱਕਾ ਡਾਹਿਆ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ।
ਰੋਸ ਧਰਨੇ ਦੀ ਅਗਵਾਈ ਕਰ ਰਹੇ ਅਧਿਆਪਕ ਆਗੂ ਮਨੀਸ਼ ਕੁਮਾਰ , ਮਨਦੀਪ ਸਿੰਘ ਥਿੰਦ, ਅਮਰੀਕ ਸਿੰਘ ਜਲਾਲਾਬਾਦ, ਇਕਬਾਲ ਸਿੰਘ, ਭਗਵਾਨ ਸਿੰਘ ਜਲਾਲਾਬਾਦ ਅਤੇ ਤੁਲਸੀ ਰਾਮ ਨੇ ਕਿਹਾ ਕਿ ਉਨ੍ਹਾਂ ਨੇ ਲੰਘੀ ਕੱਲ੍ਹ ਤੋਂ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਨ ਵਾਲੇ ਅਧਿਕਾਰੀਆਂ ਨੂੰ ਦੋ ਟੁੱਕ ਗੱਲ ਸਮਝਾ ਦਿੱਤੀ ਹੈ ਕਿ ਜਿੰਨ੍ਹੀ ਦੇਰ ਤੱਕ ਉਨਾਂ ਦੇ ਡੈਪੂਟੇਸ਼ਨ ਰੱਦ ਕਰਕੇ, ਉਨਾਂ ਨੂੰ ਪਿਤਰੀ ਜਿਲ੍ਹਿਆਂ ਵਿੱਚ ਭੇਜਣ ਲਈ ਪੱਤਰ ਜ਼ਾਰੀ ਨਹੀਂ ਕੀਤਾ ਜਾਂਦਾ, ਉਨ੍ਹੀਂ ਦੇਰ ਤੱਕ ਉਹ ਇਸੇ ਥਾਂ ਤੇ ਡਟੇ ਰਹਿਣਗੇ। ਉਨ੍ਹਾਂ ਪੁਲਿਸ ਅਧਿਕਾਰੀਆਂ ਵੱਲੋਂ ਸੰਘਰਸ਼ ਕਰ ਰਹੇ ਅਧਿਆਪਕਾਂ ਤੇ ਪਰਚੇ ਦਰਜ਼ ਕਰਨ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਉਹ ਕਰੋ ਜਾਂ ਮਰੋ ਦੀ ਨੀਤੀ ਤਹਿਤ ਸੰਘਰਸ਼ ਦੇ ਮੈਦਾਨ ਵਿੱਚ ਉੱਤਰੇ ਹਨ, ਮੰਗਾਂ ਦੀ ਪ੍ਰਾਪਤੀ ਤੋਂ ਬਿਨਾਂ ਆਪਣੇ ਘਰੀਂ ਵਾਪਿਸ ਨਹੀਂ ਜਾਣਗੇ। ਬੇਸ਼ੱਕ ਪੁਲਿਸ ਜਿਹੜਾ ਮਰਜੀ ਤਸ਼ੱਦਦ ਕਰ ਲਵੇ। ਮਨੀਸ਼ ਕੁਮਾਰ ਨੇ ਮੀਡੀਆ ਅੱਗੇ ਉਹ ਤਸਵੀਰ ਵੀ ਰੱਖੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਉਨਾਂ ਨੂੰ 2016 ਵਿੱਚ ਜਲਾਲਾਬਾਦ ਦੇ ਪਿੰਡ ਲਮਚੌੜ ਦੀ ਪਾਣੀ ਵਾਲੀ ਟੈਂਕੀ ਤੇ ਮਿਲਣ ਪਹੁੰਚੇ ਸਨ, ਉਨਾਂ ਯਾਨੀ ਭਗਵੰਤ ਮਾਨ ਨੇ ਉਸ ਸਮੇਂ ਕਿਹਾ ਸੀ ਤੁਸੀਂ ਸੰਘਰਸ਼ ਤੇ ਡਟੇ ਰਹੋ, ਮੈਂ ਤੇ ਮੇਰੀ ਪਾਰਟੀ ਤੁਹਾਡੇ ਨਾਲ ਖੜ੍ਹੀ ਹੈ, ਮਨੀਸ਼ ਕੁਮਾਰ ਨੇ ਕਿਹਾ , ਹੁਣ ਭਗਵੰਤ ਮਾਨ ਖੁਦ ਮੁੱਖ ਮੰਤਰੀ ਹਨ, ਫਿਰ ਉਨਾਂ ਨੂੰ ਸਾਡੀ ਬਿਲਕੁਲ ਜਾਇਜ ਮੰਗ ਦਾ ਤੁਰੰਤ ਪ੍ਰਭਾਵ ਨਾਲ ਹੱਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਸਰਕਾਰ ਦੀ ਬਦਨਾਮੀ ਦਾ ਕਾਰਣ ਬਣ ਰਹੇ ਸਿੱਖਿਆ ਮੰਤਰੀ ਮੀਤ ਹੇਅਰ ਦੀ ਵਜਾਰਤ ਤੋਂ ਛੁੱਟੀ ਕਰ ਦੇਣੀ ਚਾਹੀਂਦੀ ਹੈ। ਜਿੰਨ੍ਹਾਂ ਕੋਲ ਸੈਂਕੜੇ ਕਿਲੋਮੀਟਰ ਦੂਰੋਂ ਚੱਲ ਕੇ ਉਨ੍ਹਾਂ ਦੀ ਕੋਠੀ ਪਹੁੰਚੇ ਸੈਂਕੜੇ ਅਧਿਆਪਕਾਂ ਦੀ ਗੱਲ ਸੁਣਨ ਦੀ ਵੀ ਫੁਰਸਤ ਨਹੀਂ ਹੈ।
CM ਸਾਬ੍ਹ! ਔਰਤਾਂ ਦੀ ਚੁੰਨੀਆਂ ਨਾ ਰੁਲਣ ਦੇਣ ਦਾ ਵਾਅਦਾ ਕਿੱਥੇ ਗਿਆ,, ਅਧਿਆਪਕ ਆਗੂ ਰਮਨਦੀਪ ਕੌਰ ਤਰਨਤਾਰਨ, ਮਨਜੀਤ ਕੌਰ ਫਾਜਿਲਕਾ, ਨੀਰਜ ਰਾਣੀ, ਰੀਟਾ ਰਾਣੀ, ਆਸ਼ਾ ਰਾਣੀ ਅਤੇ ਹਰਦੀਪ ਕੌਰ ਨੇ ਕਿਹਾ ਕਿ ਸੀ.ਐਮ. ਸਾਬ੍ਹ ਤੁਸੀਂ ਚੋਣਾਂ ਸਮੇਂ ਤੇ ਸਹੁੰ ਚੁੱਕਣ ਤੋਂ ਬਾਅਦ ਵੀ ਆਪਣੀ ਹਰ ਤਕਰੀਰ ਵਿੱਚ ਕਹਿੰਦੇ ਸੀ ਕਿ ਉਨ੍ਹਾਂ ਦੀ ਸਰਕਾਰ ਔਰਤਾਂ ਦੀ ਚੁੰਨੀਆਂ ਤੇ ਪੁਰਸ਼ਾਂ ਦੀਆਂ ਪੱਗਾਂ ਨਹੀਂ ਰੁਲਣ ਦੇਵੇਗੀ। ਆਹ ਦੇਖ ਲਉ ਤੁਹਾਡੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਅਸੀਂ, ਤਪਦੀ ਸੜਕ ਤੇ ਗਰਮੀ ਦੇ ਦਿਨਾਂ ਵਿੱਚ ਰੁਲ ਰਹੀਆਂ ਹਾਂ। ਉਨ੍ਹਾਂ ਕਿਹਾ ਕਿ ਬਰਨਾਲਾ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਬਾਥਰੂਮ ਅਤੇ ਪਖਾਨਿਆਂ ਵਿੱਚ ਜਾਣ ਤੋਂ ਰੋਕ ਕੇ ਅਤੇ ਪੀਣ ਵਾਲੇ ਪਾਣੀ ਅਤੇ ਰੋਟੀ ਤੋਂ ਵਾਝਿਆਂ ਰੱਖ ਕੇ ਸਾਨੂੰ ਭੁੱਖੇ ਪਿਆਸੇ ਰਹਿਣ ਨੂੰ ਮਜਬੂਰ ਕੀਤਾ ਹੋਇਆ ਹੈ। ਤਾਂਕਿ ਸਾਨੂੰ ਧਰਨੇ ਤੋਂ ਜਬਰਦਸੀ ਉਠਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਨੇੜਲੇ ਪੈਟ੍ਰੌਲ ਪੰਪ ਤੇ ਬਣੇ ਪਖਾਨਿਆਂ ਤੇ ਬਾਥਰੂਮਾਂ ਵੱਲ ਜਾਣ ਲਈ ਲੱਗੀ ਪੌੜੀ ਤੇ ਕੁਰਸੀਆਂ ਵੀ ਸਾਨੂੰ ਤੰਗ ਕਰਨ ਲਈ ਚੁੱਕ ਦਿੱਤੀਆਂ ਹਨ। ਅਜਿਹਾ ਕਰਨ ਦਾ ਵਿਰੋਧ ਕਰਨ ਤੇ ਪੁਲਿਸ ਅਧਿਕਾਰੀ ਪਰਚੇ ਦਰਜ਼ ਕਰਨ ਦੀਆਂ ਧਮਕੀਆਂ ਦੇਣ ਲੱਗ ਪਏ। ਉਨਾਂ ਭਰੇ ਮਨ ਨਾਲ ਕਿਹਾ ਕਿ ਅਸੀਂ ਰਵਾਇਤੀ ਪਾਰਟੀਆਂ ਦੇ ਬਦਲ ਵਜੋਂ, ਤੁਹਾਨੂੰ ਚੁਣਿਆ ਹੈ, ਕੀ ਆਹ ਹੀ ਤੁਹਾਡੀ ਬਦਲੀ ਹੋਈ ਸੋਚ ਤੇ ਸਰਕਾਰ ਹੈ, ਤੁਹਾਡੀ ਸਰਕਾਰ ਤੇ ਸਿੱਖਿਆ ਮੰਤਰੀ ਨੇ ਤਾਂ 20 ਦਿਨਾਂ ਅੰਦਰ ਹੀ ਸਾਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਤੁਸੀਂ ਵੀ ਸੰਘਰਸ਼ ਕਰਨ ਵਾਲੇ ਲੋਕਾਂ ਨਾਲ ਹੁਣ ਰਵਾਇਤੀ ਪਾਰਟੀਆਂ ਵਾਲਾ ਹੀ ਦੁਰਵਿਵਹਾਰ ਤੇ ਅੱਤਿਆਚਾਰ ਕਰੋਂਗੇ। ਉੱਧਰ ਇਸ ਮੌਕੇ ਡੀਐਸਪੀ ਬਰਨਾਲਾ ਰਜੇਸ਼ ਸਨੇਹੀ ਬੱਤਾ, ਡੀਐਸਪੀ ਕੁਲਦੀਪ ਸਿੰਘ ਅਤੇ ਡਿਊਟੀ ਮਜਿਸਟ੍ਰੇਟ ਵਜੋਂ ਤਾਇਨਾਤ ਤਹਿਸੀਲਦਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦਾ ਸਿਲਿਸਲਾ ਵਿੱਢਿਆ ਹੋਇਆ ਹੈ।