ਸੰਯੁਕਤ ਕਿਸਾਨ ਮੋਰਚਾ ਨੂੰ ਹਰ ਹਾਲਤ ਇੱਕਜੁਟ ਰੱਖਿਆ ਜਾਵੇਗਾ- ਮਨਜੀਤ ਧਨੇਰ
ਹਰਿੰਦਰ ਨਿੱਕਾ , ਬਰਨਾਲਾ 1 ਅਪ੍ਰੈਲ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ ਬੂਟਾ ਸਿੰਘ ਬੁਰਜ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਮੁੱਚੇ ਪੰਜਾਬ ਵਿੱਚੋਂ 15 ਜਿਲ੍ਹਿਆਂ ਦੇ ਪ੍ਰਧਾਨ/ਸਕੱਤਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਗੰਭੀਰ ਵਿਚਾਰ ਚਰਚਾ ਕਰਨ ਤੋਂ ਬਾਅਦ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਮਨਜੀਤ ਧਨੇਰ,ਗੁਰਦੀਪ ਰਾਮਪੁਰਾ ਅਤੇ ਬਲਵੰਤ ਉੱਪਲੀ ਨੇ ਸਾਂਝੇ ਤੌਰ’ਤੇ ਦੱਸਿਆ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਫਾਸ਼ੀ ਹਕੂਮਤ ਨੇ ਇੱਕ ਤੋਂ ਬਾਅਦ ਦੂਜਾ ਪੰਜਾਬ ਦੇ ਹੱਕਾਂ ਉੱਤੇ ਡਾਕੇ ਮਾਰਨੇ ਸ਼ੁਰੂ ਕੀਤੇ ਹੋਏ ਹਨ।
ਪਹਿਲਾ ਹਮਲਾ ਪੰਜਾਬ ਦੇ ਪਾਣੀਆਂ ਉੱਤੇ ਭਾਖੜਾ ਬਿਆਸ ਮੈਨੇਜਮੈਂਟ ਰੂਲਜ, 1974 ਵਿੱਚ ਬਦਲਾਅ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (22M2) ਵਿੱਚ ਪੰਜਾਬ ਦੀ ਪੱਕੀ ਮੈਂਬਰਸ਼ਿਪ ਬੰਦ ਕਰ ਦਿੱਤੀ ਹੈ। ਇਸ ਤਰ੍ਹਾਂ ਪੰਜਾਬ ਨੂੰ ਪਾਣੀ ਦੇ ਪ੍ਰਬੰਧ ਵਿੱਚੋਂ ਬਾਹਰ ਕੱਢ ਕੇ ਕੇਂਦਰ ਸਰਕਾਰ ਦੀ ਝਾਕ ਪੰਜਾਬ ਦੇ ਪਾਣੀ ਖੋਹਣ ’ਤੇ ਹੈ। ਹੁਣ ਚੰਡੀਗੜ੍ਹ ਉੱਪਰੋਂ ਪੰਜਾਬ ਦੀ ਮੁਕੰਮਲ ਹੱਕ ਜਤਾਈ ਖਤਮ ਚੰਡੀਗੜ੍ਹ ਨੂੰ ਪੱਕੇ ਤੌਰ’ਤੇ ਕੇਂਦਰ ਦੇ ਅਧੀਨ ਕਰਨ ਦੇ ਪਹਿਲੇ ਪੜਾਅ ਵਜੋਂ ਉੱਥੇ ਕੰਮ ਕਰਦੇ ਦਹਿ ਹਜਾਰਾਂ ਮੁਲਾਜ਼ਮਾਂ ਲਈ ਪੰਜਾਬ ਦੀ ਥਾਂ ਕੇ਼ਦਰ ਦੇ ਸਰਵਿਸ ਰੂਲ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ। ਇਸੇ ਤਰ੍ਹਾਂ ਹੀ ਕੇਂਦਰੀ ਹਕੂਮਤ ਨੇ ਪੰਜਾਬ ਦੇ ਲੋਕਾਂ ਲਈ ਕੇਂਦਰੀ ਪੂਲ ਵਿੱਚੋਂ ਬਿਜਲੀ ਦੀ ਮੰਗ ਤੋਂ ਕੋਰਾ ਜਵਾਬ ਦੇਕੇ ਵੱਡਾ ਧੱਕਾ ਕੀਤਾ ਹੈ।ਕੇਂਦਰ ਵੱਲੋਂ ਘਰਾਂ ਵਿੱਚ ਪ੍ਰੀਪੇਡ ਲਾਉਣਾ ਨਿੱਜੀਕਰਨ ਦੀ ਨੀਤੀ ਦਾ ਜਾਰੀ ਰੂਪ ਹੈ। ਅਜਿਹਾ ਹੋਣ ਨਾਲ ਜ਼ਿੰਦਗੀ ਦੀ ਸਾਂਹ ਰਗ ਬਿਜਲੀ ਤੋਂ ਆਮ ਲੋਕਾਂ ਗਰੀਬ ਕਿਸਾਨਾਂ-ਮਜਦੂਰਾਂ ਨੂੰ ਵਾਂਝਿਆਂ ਕਰ ਦਿੱਤਾ ਜਾਵੇਗਾ।
ਪੰਜਾਬ ਦੀ ਲੋਕਾਈ ਨਾਲ ਇਹ ਵਿਤਕਰਾ, ਪੰਜਾਬ ਦੀ ਮੁੜ ਵੰਡ ਤੋਂ ਹੀ ਜਾਰੀ ਹੈ ਅਤੇ ਇਸ ਧੱਕੇ ਦੇ ਉਲਟ ਪੰਜਾਬ ਦੇ ਲੋਕ ਲੰਮੇ ਸਮੇਂ ਤੋਂ ਕੇਂਦਰੀ ਹਕੂਮਤ ਦੇ ਹਰ ਧੱਕੇ ਦੇ ਖਿਲਾਫ਼ ਲੜ ਰਹੇ ਹਨ। ਆਗੂਆਂ ਨੇ ਕੇਂਦਰ ਹਕੂਮਤ ਦੇ ਇਸ ਫੈਸਲੇ ਨੂੰ ਫੈਡਰਿਲਜਮ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਪਹਿਲਾਂ ਹਕੂਮਤ ਨੇ 5 ਜੂਨ 2020 ਨੂੰ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਰਾਹੀਂ ਰਾਜਾਂ ਦੇ ਸੰਘੀ ਢਾਂਚੇ ਉੁੱਪਰ ਹਮਲਾ ਬੋਲਿਆ ਸੀ। ਖੇਤੀ, ਪਾਣੀ, ਬਿਜਲੀ ਨਿਰੋਲ ਰਾਜਾਂ ਦੇ ਵਿਸ਼ੇ ਹਨ। ਕੇਂਦਰੀ ਹਕੂਮਤ ਦੀ ਇਸ ਧੱਕੇਸ਼ਾਹੀ ਖਿਲਾਫ਼, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜਮਾਨਤ ਖਾਰਜ ਕਰਾਉਣ,ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਖਾਰਜ ਕਰਾਉਣ, 9 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਨਾਲ ਕੇਂਦਰੀ ਹਕੂਮਤ ਵੱਲੋਂ ਕੀਤੇ ਗਏ ਫੈਸਲੇ ਨੂੰ ਲਾਗੂ ਨਾਂ ਕਰਨ ਖਿਲਾਫ ਪੰਜਾਬ ਦੇ ਸਾਰੇ ਜਿਲ੍ਹਾ/ਤਹਿਸੀਲ ਕੇਂਦਰਾਂ ਤੇ ਵਿਸ਼ਾਲ ਮੁਜ਼ਾਹਰੇ, ਦੋ ਘੰਟੇ ਸੜਕਾਂ ਜਾਮ ਕਰਕੇ ਸੰਘਰਸ਼ ਸ਼ੁਰੂ ਕੀਤਾ ਜਾ ਚੁੱਕਾ ਹੈ। ਭਾਕਿਯੂ ਏਕਤਾ ਡਕੌਂਦਾ ਆਉਣ ਵਾਲੇ ਸਮੇਂ ਵਿੱਚ ਦਿੱਤੇ ਜਾਣ ਵਾਲੇ ਸੰਘਰਸ਼ ਸੱਦੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਕੇ ਵਧ ਚੜ੍ਹਕੇ ਹਿੱਸਾ ਲਵੇਗੀ।
ਸੰਯੁਕਤ ਕਿਸਾਨ ਮੋਰਚੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਬਲਵੰਤ ਸਿੰਘ ਉੱਪਲੀ,ਰਾਮ ਸਿੰਘ ਮਟੋਰੜਾ, ਕੁਲਵੰਤ ਸਿੰਘ ਕਿਸ਼ਨਗੜ, ਦਰਸ਼ਨ ਸਿੰਘ ਉੱਗੋਕੇ,ਗੁਰਦੇਵ ਸਿੰਘ ਮਾਂਗੇਵਾਲ,ਬਲਦੇਵ ਸਿੰਘ ਭਾਈਰੂਪਾ,ਮਹਿੰਦਰ ਸਿੰਘ ਕਮਾਲਪੁਰਾ, ਪਰਮਿੰਦਰ ਸਿੰਘ ਮੁਕਤਸਰ, ਹਰੀਸ਼ ਨੱਢਾ,ਗੁਲਜਾਰ ਸਿੰਘ ਕੱਬਰਵੱਛਾ, ਮਹਿੰਦਰ ਸਿੰਘ ਭੈਣੀਬਾਘਾ, ਬੂਟਾ ਖਾਨ, ਗੁਰਬਿੰਦਰ ਸਿੰਘ ,ਬਲਵਿੰਦਰ ਸਿੰਘ ਗੁਰਦਾਸਪੁਰ,ਪਰਮਿੰਦਰ ਸਿੰਘ,ਜਵਾਲਾ ਸਿੰਘ,ਜਗਜੀਤ ਸਿੰਘ ਮੁਹਾਲੀ,ਜਗਮੇਲ ਸਿੰਘ ਪਟਿਆਲਾ ਨੇ ਦੱਸਿਆ ਕਿ ਸੂਬੇ ਅੰਦਰ ਅਪ੍ਰੈਲ-ਮਈ ਮਹੀਨੇ ਦੌਰਾਨ ਨਵੀਂ ਮੈਂਬਰਸ਼ਿਪ ਦਾ ਦੌਰ ਪੂਰਾ ਕਰਨ ਤੋਂ ਮਈ ਮਹੀਨੇ ਵਿੱਚ ਬਲਾਕ ਚੋਣਾਂ ਦਾ ਦੌਰ ਸ਼ੁਰੂ ਕਰ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਉਲੀਕੇ ਸੰਘਰਸ਼ ਸੱਦਿਆਂ ਨੂੰ ਲਾਗੂ ਕਰਨ ਲਈ ਤਨਦੇਹੀ ਨਾਲ ਜੁੱਟ ਜਾਣ ਦਾ ਸੱਦਾ ਦਿੱਤਾ ਹੈ।