ਕਿਸੇ ਵੀ ਪੀੜਤ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ:- ਕਾਂਗੜਾ
ਝੁੱਗੀ-ਝੌਂਪੜੀ ਵਾਲੇ ਪਰਿਵਾਰਾਂ ਦੀ ਕਥਿਤ ਕੁੱਟਮਾਰ ਦੀ ਸ਼ਿਕਾਇਤ ਦੇ ਮਾਮਲੇ ’ਚ ਜਾਂਚ ਟੀਮ ਕਾਇਮ
ਹਰਿੰਦਰ ਨਿੱਕਾ , ਰਘਵੀਰ ਹੈਪੀ , ਬਰਨਾਲਾ/ਤਪਾ, 29 ਮਾਰਚ 2022
ਪੰਜਾਬ ਰਾਜ ਅਨੁਸੂੁਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪੂਨਮ ਕਾਂਗੜਾ ਅੱਜ ਰੈਸਟ ਹਾਊਸ ਬਰਨਾਲਾ ਪੁੱਜੇ ਅਤੇ ਸਬਜ਼ੀ ਮੰਡੀ ਨੇੜਲੇ ਝੁੱਗੀ-ਝੌਂਪੜੀ ਵਾਲੇ ਪਰਿਵਾਰਾਂ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਦੋਹਾਂ ਧਿਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕਮਿਸ਼ਨ ਨੇ ਝੁੱਗੀ ਝੌਂਪੜੀਆਂ ਦੇ ਪਰਿਵਾਰਾਂ ਤਰਫੋਂ ਆਗੂ ਗੰਗਾ ਰਾਮ ਦਾ ਪੱਖ ਸੁਣਿਆ, ਜਿਸ ਮਗਰੋਂ ਪੁਲੀਸ ਦਾ ਪੱਖ ਵੀ ਸੁਣਿਆ ਗਿਆ।
ਇਸ ਮੌਕੇ ਕਮਿਸ਼ਨ ਦੀ ਮੈਂਬਰ ਸ੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਇਸ ਮਾਮਲੇ ’ਚ ਐਸ. ਪੀ ਕੁਲਦੀਪ ਸਿੰਘ ਸੋਹੀ ਦੀ ਅਗਵਾਈ ’ਚ ਜਾਂਚ ਟੀਮ ਗਠਿਤ ਕੀਤੀ ਗਈ ਹੈ, ਜੋ ਕਿ ਪੂਰੇ ਮਾਮਲੇ ਦੀ ਜਾਂਚ ਕਰੇਗੀ ਅਤੇ 12 ਅਪਰੈਲ ਤੱਕ ਮੁਕੰਮਲ ਰਿਪੋਰਟ ਕਮਿਸ਼ਨ ਦੇ ਦਫਤਰ ਵਿਖੇ ਦੇਵੇਗੀ। ਉਨਾਂ ਆਖਿਆ ਕਿ ਇਸ ਮਾਮਲੇ ਵਿੱਚ ਕਿਸੇ ਨਾਲ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਅਤੇ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨ ਮੈਂਬਰ ਵੱਲੋਂ ਝੁੱਗੀਆਂ-ਝੌਂਪੜੀਆਂ ਵਾਲੀ ਜਗ੍ਹਾ ਦਾ ਵੀ ਦੌਰਾ ਕੀਤਾ ਗਿਆ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਮਹਿਲਾਵਾਂ ਦਾ ਪੱਖ ਜਾਣਿਆ।
ਦੱਸਣਯੋਗ ਹੈ ਕਿ ਪੰਜਾਬ ਰਾਜ ਅਨੁਸੂੁਚਿਤ ਜਾਤੀਆਂ ਕਮਿਸ਼ਨ ਕਮਿਸ਼ਨ ਕੋਲ ਪੁੱਜੇ ਮਾਮਲੇ ਵਿੱਚ ਝੁੱਗੀ-ਝੌਂਪੜੀ ਵਾਲੇ ਪਰਿਵਾਰਾਂ ਵੱਲੋਂ ਪੁਲੀਸ ’ਤੇ ਕੁੱਟਮਾਰ ਦੇ ਦੋਸ਼ ਲਾਏ ਗਏ ਸਨ ਅਤੇ ਸਬਜ਼ੀ ਮੰਡੀ ਨੇੜੇ ਨਸ਼ੇੜੀਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲੇ ’ਚ ਢੁਕਵੀਂ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਾਏ ਗਏ। ਇਸ ਮੌਕੇ ਪੁਲੀਸ ਨੇ ਭਰੋਸਾ ਦਿਵਾਇਆ ਕਿ ਮੰਡੀ ਵਿਖੇ ਨਸ਼ੇੜੀਆਂ ਵੱਲੋਂ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲੇ ’ਚ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸਿਮਰਪ੍ਰੀਤ ਕੌਰ, ਡੀਐਸਪੀ ਰਾਜੇਸ਼ ਸਨੇਹੀ, ਡੀਐਸਪੀ ਕੁਲਦੀਪ ਸਿੰਘ ਤੇ ਹੋਰ ਹਾਜ਼ਰ ਸਨ।
ਜ਼ਮੀਨੀ ਵਿਵਾਦ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ, 29 ਅਪ੍ਰੈਲ ਤੱਕ ਮੰਗੀ ਰਿਪੋਰਟ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪੂਨਮ ਕਾਂਗੜਾ ਵੱਲੋਂ ਤਹਿਸੀਲ ਕੰਪਲੈਕਸ ਤਪਾ ਨੇੜੇ ਕੁਝ ਮਹੀਨੇ ਪਹਿਲਾਂ ਗੁਰਦੁਆਰਾ ਸਾਹਿਬ ਦੀ ਜਗਾ ਨੂੁੰ ਲੈ ਕੇ ਹੋਏ ਵਿਵਾਦ ਦੇ ਮਾਮਲੇ ’ਚ ਤਪਾ ਦਾ ਦੌਰਾ ਕੀਤਾ ਗਿਆ ਅਤੇ ਜ਼ਮੀਨ ਵਿਵਾਦ ਮਾਮਲੇ ਵਿੱਚ ਸ਼ਿਕਾਇਤਕਰਤਾ ਧਿਰ ਅਤੇ ਪ੍ਰਸ਼ਾਸਨ ਦਾ ਪੱਖ ਸੁਣਿਆ।
ਇਸ ਮੌਕੇ ਸ਼ਿਕਾਇਤਕਰਤਾ ਧਿਰ ਵੱਲੋਂ ਤਪਾ ਮੰਡੀ ਖੱਟਰ ਪੱਤੀ ਨੇੜੇ ਗੁਰਦੁਆਰਾ ਸਾਹਿਬ ਬਣਾਉਣ ਦੀ ਕਵਾਇਦ ਦੌਰਾਨ ਪੁਲੀਸ-ਪ੍ਰਸ਼ਾਸਨ ’ਤੇ ਝੂਠਾ ਕੇਸ ਦਰਜ ਕਰਨ ਦੇ ਦੋਸ਼ ਲਾਏ ਗਏ, ਜਦੋਂਕਿ ਪ੍ਰਸ਼ਾਸਨ ਵੱਲੋਂ ਕਮਿਸ਼ਨ ਕੋਲ ਪਹੁੰਚ ਕਰਨ ਵਾਲੀ ਸ਼ਿਕਾਇਤਕਰਤਾ ਧਿਰ ਨੂੰ ਜ਼ਮੀਨ ਦੀ ਮਾਲਕੀ ਦਾ ਰਿਕਾਰਡ ਪੇਸ਼ ਕਰਨ ਲਈ ਆਖਿਆ ਗਿਆ। ਇਸ ਮੌਕੇ ਕਮਿਸ਼ਨ ਮੈਂਬਰ ਵੱਲੋਂ ਦੋਹਾਂ ਧਿਰਾਂ ਦਾ ਪੱਖ ਸੁਣਿਆ ਗਿਆ ਅਤੇ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਗਏ। ਸ੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਮੁਕੰਮਲ ਰਿਪੋਰਟ ਮਿਲਣ ’ਤੇ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਮੀਨ ਦੇ ਵਿਵਾਦ ਦੇ ਮਾਮਲੇ ਵਿੱਚ ਮਾਣਯੋਗ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਵਧੀਕ ਜ਼ਿਲਾ ਮੈਜਿਸਟ੍ਰੇਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ 29 ਅਪ੍ਰੈਲ ਤੱਕ ਮਾਮਲੇ ਦੀ ਰਿਪੋਰਟ ਕਮਿਸ਼ਨ ਅੱਗੇ ਪੇਸ਼ ਕੀਤੀ ਜਾਵੇਗੀ।