ਸਰਕਾਰੀ ਗਲੀ ਤੇ ਨਜਾਇਜ਼ ਕਬਜਾ ਕਰਨ ਵਾਲੇ ਕਲੋਨਾਈਜਰ ਤੇ ਪੁਲਿਸ ਹੋਈ ਮਿਹਰਬਾਨ
ਸਰਕਾਰੀ ਗਲੀ ਤੇ ਕਬਜ਼ੇ ਦਾ ਵਿਰੋਧ ਕਰਨ ਵਾਲਿਆਂ ਤੇ ਪੁਲਿਸ ਕਾਰਵਾਈ ਲਈ ਤਿਆਰ
ਹਰਿੰਦਰ ਨਿੱਕਾ, ਬਰਨਾਲਾ 26 ਮਾਰਚ 2022
ਜਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਾਰੀ ਹੁਕਮਾਂ ਨੂੰ ਲਾਗੂ ਕਰਵਾਉਣ ਦੀ ਬਜਾਏ ਬਰਨਾਲਾ ਪੁਲਿਸ ਹੁਕਮਾਂ ਨੂੰ ਟਿੱਚ ਹੀ ਸਮਝਦੀ ਹੈ। ਜਿਸ ਦੀ ਤਾਜ਼ਾ ਮਿਸਾਲ ਇੱਨ੍ਹੀਂ ਦਿਨੀਂ, ਧਨੌਲਾ ਰੋਡ ਤੇ ਸਥਿਤ ਪ੍ਰੇਮ ਨਗਰ ਇਲਾਕੇ ਦੀ ਇੱਕ ਸਰਕਾਰੀ ਗਲੀ ਤੇ ਕਬਜ਼ਾ ਕਰਨ ਤੋਂ ਬਾਅਦ ਚਰਚਾ ਵਿੱਚ ਆਈ ਅੱਗਰਵਾਲ ਗਰੈਂਡ ਕਲੋਨੀ ਦੇ ਮਾਲਿਕਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਤੋਂ ਸਾਹਮਣੇ ਆਈ ਹੈ। ਉਲਟਾ ਸਰਕਾਰੀ ਗਲੀ ਤੇ ਕਬਜ਼ਾ ਕਰ ਰਹੇ ਕਲੋਨਾਈਜਰਾਂ ਤੇ ਮਿਹਰਬਾਨ ਹੋਈ ਬਰਨਾਲਾ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਸਰਕਾਰੀ ਗਲੀ ਤੇ ਕਬਜ਼ੇ ਦਾ ਵਿਰੋਧ ਕਰ ਰਹੇ, ਲੋਕਾਂ ਤੇ ਹੀ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਸੀ ਫਿਰਦੇ ਹਨ।
ਵਰਨਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਅੱਗਰਵਾਲ ਗਰੈਂਡ ਕਲੋਨੀ ਵਾਲਿਆਂ ਵੱਲੋਂ ਕਰੋੜਾਂ ਰੁਪਏ ਮੁੱਲ ਦੀ ਸਰਕਾਰੀ ਗਲੀ ਤੇ ਕਬਜ਼ਾ ਕਰਨ ਦੀ ਨੀਯਤ ਨਾਲ ਗਲੀ ਤੇ ਨਗਰ ਕੌਂਸਲ ਦੁਆਰਾ ਲਗਾਈਆਂ ਇੱਟਾਂ ਅਤੇ ਵਾਟਰ ਸਪਲਾਈ ਦੀ ਪਾਈਪ ਖੁਰਦ ਬੁਰਦ ਕਰਕੇ ਉਸ ਨੂੰ ਆਪਣੀ ਕਲੋਨੀ ਵਿੱਚ ਮਿਲਾ ਕੇ ਗਲੀ ਨੂੰ ਲੋਹੇ ਦਾ ਗੇਟ ਲਗਾ ਦਿੱਤਾ ਗਿਆ ਸੀ। ਜਦੋਂਕਿ ਸਰਕਾਰੀ ਗਲੀ ਤੇ ਕਬਜ਼ੇ ਦਾ ਵਿਰੋਧ ਆਮ ਆਦਮੀ ਪਾਰਟੀ ਦੇ ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਮੰਗ ਕਰਕੇ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਭੇਜਣ ਵਾਲੇ ਰਣਜੀਤ ਸਿੰਘ ਜੀਤਾ ਮੋਰ ਦੀ ਅਗਵਾਈ ਵਿੱਚ ਮੁਹੱਲੇ ਦੇ ਲੋਕ ਕਰ ਰਹੇ ਹਨ।
ਇੱਥੇ ਹੀ ਬੱਸ ਨਹੀਂ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਜੇ.ਈ. ਨਿਖਲ ਸ਼ਰਮਾਂ ਨੂੰ ਨਾਲ ਲੈ ਕੇ ਮੌਕਾ ਵੀ ਦੇਖਿਆ ਸੀ ਤੇ ਈ.ਉ. ਮੋਹਿਤ ਸ਼ਰਮਾ ਵੱਲੋਂ ਵੀ ਸਰਕਾਰੀ ਗਲੀ ਤੋਂ ਨਜਾਇਜ਼ ਕਬਜਾ ਹਟਾਉਣ ਲਈ, ਕਲੋਨਾਈਜਰ ਨੂੰ ਨੋਟਿਸ ਤੇ ਨੋਟਿਸ ਕੱਢੇ ਗਏ ਹਨ। ਪਰੰਤੂ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਤਕੜੇ ਦਾ ਸੱਤੀਂ ਵੀਹੀਂ, 100 ਹੀ ਹੁੰਦਾ ਹੈ। ਉਸੇ ਤਰਜ਼ ਤੇ ਹੀ ਕਲੋਨਾਈਜ਼ਰ ਦੇ ਰਾਜਸੀ ਰਸੂਖ ਦੇ ਚਲਦਿਆਂ ਕਾਨੂੰਨ ਵੀ ਕਲੋਨਾਈਜ਼ਰ ਅੱਗੇ ਬੌਣਾ ਹੋ ਚੁੱਕਾ ਹੈ।
ਡੀ.ਐਸ.ਪੀ. ਰਾਜੇਸ਼ ਸਨੇਹੀ ਬੱਤਾ ਅਤੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ ਮਨੀਸ਼ ਕੁਮਾਰ ਵੀ ਮੌਕਾ ਵੇਖ ਚੁੱਕੇ ਹਨ, ਪਰੰਤੂ ਪੁਲਿਸ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਕਰਵਾਉਣ ਲਈ ਤਾਂ ਜ਼ੋਰ ਲਾ ਰਹੀ ਹੈ, ਪਰ ਸਰਕਾਰੀ ਗਲੀ ਤੇ ਨਜਾਇਜ ਕਬਜ਼ਾ ਕਰਨ ਵਾਲਿਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਦੇ ਰਾਹ ਨਹੀਂ ਤੁਰ ਰਹੀ।
ਯਾਦ ਰਹੇ ਕਿ ਅੱਜ ਵੀ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ. ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਸਰਕਾਰੀ ਸੜਕ, ਰਸਤੇ ਅਤੇ ਜ਼ਮੀਨ ’ਤੇ ਨਜਾਇਜ਼ ਕਬਜ਼ਾ ਨਹੀਂ ਕਰ ਸਕਦਾ। ਇਸ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਪੁਲਿਸ ਕਾਰਵਾਈ ਕੀਤੀ ਜਾਵੇਗੀ। ਅਜਿਹਾ ਤਾਜ਼ਾ ਹੁਕਮ ਦੇ ਜ਼ਾਰੀ ਹੋਣ ਤੋਂ ਬਾਅਦ ਵੀ ਪੁਲਿਸ ਪਤਾ ਨਹੀਂ ਹਾਲੇ ਕਿਸ ਦੇ ਹੁਕਮਾਂ ਦਾ ਇੰਤਜ਼ਾਰ ਕਰ ਰਹੀ ਹੈ।