ਹਰਿੰਦਰ ਨਿੱਕਾ , ਬਰਨਾਲਾ 22 ਮਾਰਚ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੌਮੀ ਮੁਕਤੀ ਲਹਿਰ ਦੇ ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ 92 ਵੇਂ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ ਕਰਵਾਈ ਜਾ ਰਹੀ ਵਿਸ਼ਾਲ ਸੂਬਾ ਪੱਧਰੀ ਸਾਮਰਾਜ ਵਿਰੋਧੀ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਇਸੇ ਕੜੀ ਵਜੋਂ ਇਤਿਹਾਸਕ ਪਿੰਡ ਠੀਕਰੀਵਾਲਾ ਅਤੇ ਅਮਲਾ ਸਿੰਘ ਵਾਲਾ ਵਿਖੇ ਨੌਜਵਾਨ ਮੀਟਿੰਗਾਂ ਕਰਵਾਈਆਂ ਗਈਆਂ।ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ,ਸੁਖਵਿੰਦਰ ਵਿੰਦਰ ਠੀਕਰੀਵਾਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਸਾਡਾ ਸੰਘਰਸ਼ ਸਾਡੀ ਮੌਤ ਨਾਲ ਇਹ ਖ਼ਤਮ ਨਹੀਂ ਹੁੰਦਾ ਅਤੇ ਉਨ੍ਹਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਅਤੇ ਲੁਟੇਰਾ, ਜਾਬਰ ਰਾਜ ਪ੍ਰਬੰਧ ਬਦਲਕੇ ਲੋਕਾਂ ਦੀ ਕਿਰਤ ਦੀ ਪੁੱਗਤ ਵਾਲਾ ਰਾਜ ਪ੍ਰਬੰਧ ਸਥਾਪਤ ਨਹੀਂ ਹੁੰਦਾ।
ਉਹ ਸੰਘਰਸ਼ ਸਾਮਰਾਜੀ ਲੁਟੇਰਿਆਂ ਅਤੇ ਉਨ੍ਹਾਂ ਦੇ ਦਲਾਲ ਭਾਰਤੀ ਹਾਕਮਾਂ ਖਿਲਾਫ਼ ਅੱਜ ਵੀ ਜਾਰੀ ਹੈ। ਉਨ੍ਹਾਂ ਨੌਜਵਾਨ ਕਿਸਾਨਾਂ ਨੂੰ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਭਾਕਿਯੂ ਏਕਤਾ ਡਕੌਂਦਾ ਵੱਲੋਂ ਕੀਤੀ ਜਾ ਰਹੀ ਸਾਮਰਾਜ ਵਿਰੋਧੀ ਕਲਵੈਨਸ਼ਨ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਣ ਦਾ ਸੱਦਾ ਦਿੱਤਾ।ਇਸ ਸਮੇਂ ਨਾਨਕ ਸਿੰਘ ਮਲਕੀਤ ਸਿੰਘ ਅਮਲਾ ਸਿੰਘ ਵਾਲਾ, ਦਰਸ਼ਨ ਸਿੰਘ ਚਤਰ ਸਿੰਘ ਕੁਲਵੀਰ ਸਿੰਘ ਨੇ ਵੀ ਵਿਚਾਰ ਰੱਖੇ।