ਰਾਜੇਸ਼ ਗੌਤਮ ਪਟਿਆਲਾ, 8 ਮਾਰਚ 2022
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਊਰਜਾ ਵਿਕਾਸ ਵਿਭਾਗ, ਪੰਜਾਬ ਊਰਜਾ ਵਿਕਾਸ ਏਜੰਸੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਿਸਾਨਾਂ ਲਈ ਇਕ ਰੋਜ਼ਾ ਊਰਜਾ ਅਤੇ ਪਾਣੀ ਸੰਭਾਲ ਸਬੰਧੀ ਇਕ ਦਿਨਾ ਸਿਖਲਾਈ ਕੋਰਸ ਕੇ.ਵੀ.ਕੇ. ਰੌਣੀ ਵਿਖੇ ਆਯੋਜਿਤ ਕੀਤਾ ਗਿਆ।
ਕੇ.ਵੀ.ਕੇ. ਪਟਿਆਲਾ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਵਿਪਨ ਕੁਮਾਰ ਰਾਮਪਾਲ ਨੇ ਆਏ ਹੋਏ ਮਾਹਿਰਾਂ ਦਾ ਸਵਾਗਤ ਕਰਦੇ ਹੋਏ ਕਿਸਾਨਾਂ ਨੂੰ ਊਰਜਾ ਅਤੇ ਪਾਣੀ ਦੀ ਬੱਚਤ ਬਾਰੇ ਜਾਣੂ ਕਰਵਾਇਆ। ਭੂਮੀ ਅਤੇ ਪਾਣੀ ਇੰਜੀਨੀਅਰਿੰਗ, ਪੀ.ਏ.ਯੂ. ਤੋਂ ਪੁੱਜੇ ਮਾਹਿਰ ਡਾ. ਸੁਨੀਲ ਗਰਗ ਨੇ ਕਿਸਾਨਾਂ ਨੂੰ ਤੁਪਕਾ ਸਿੰਚਾਈ ਦੀ ਵੱਖ-ਵੱਖ ਫ਼ਸਲਾਂ ਵਿਚ ਵਰਤੋ, ਸੋਲਰ ਪੰਪ ਦੀ ਸਹੀ ਚੋਣ ਅਤੇ ਸਹੀ ਊਰਜਾ ਕੁਸ਼ਲਤਾ ਦੇ ਪੰਪਾਂ ਦੀ ਵਰਤੋਂ ਨਾਲ ਪਾਣੀ ਬਚਾਉਣ ਦੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ। ਡਾ.ਮਨਪ੍ਰੀਤ ਸਿੰਘ ਨੇ ਸੂਰਜੀ ਊਰਜਾ ਦੀ ਵੱਖ-ਵੱਖ ਉਪਕਰਨਾਂ ਵਿਚ ਵਰਤੋਂ ਬਾਰੇ ਦੱਸਿਆ।
ਫਾਰਮ ਸਲਾਹਕਾਰ ਕੇਂਦਰ ਤੋਂ ਡਾ. ਗੁਰਪ੍ਰੀਤ ਸਿੰਘ ਨੇ ਵੱਖ-ਵੱਖ ਫ਼ਸਲਾਂ ਵਿਚ ਪਾਣੀ ਨੂੰ ਬਚਾਉਣ ਦੇ ਨੁਕਤਿਆਂ ਬਾਰੇ ਦੱਸਿਆ। ਡਾ. ਰਜਨੀ ਗੋਇਲ, ਡਾ. ਰਚਨਾ ਸਿੰਗਲਾ, ਡਾ. ਪਰਮਿੰਦਰ ਸਿੰਘ, ਡਾ. ਜਸ਼ਨਜੋਤ ਕੌਰ ਨੇ ਖੇਤੀ ਵਿਸ਼ਿਆਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਸਮੇਂ ਅਖੀਰ ਵਿਚ ਡਾ. ਰਚਨਾ ਸਿੰਗਲਾ ਨੇ ਕਿਸਾਨਾਂ ਨੂੰ ਕੇ.ਵੀ.ਕੇ ਦੀ ਬਿਲਡਿੰਗ ਵਿਚ ਸੂਰਜੀ ਊਰਜਾ ਦੀ ਵਰਤੋਂ ਦਿਖਾਈ ਅਤੇ ਛੱਤਾਂ ਰਾਹੀਂ ਮੀਂਹ ਵਾਲੇ ਪਾਣੀ ਨੂੰ ਜ਼ਮੀਨ ਵਿਚ ਨਿਗਾਰਣ ਵਾਲਾ ਯੂਨਿਟ ਦਿਖਾ ਕੇ ਉਨ੍ਹਾਂ ਤਕਨੀਕਾਂ ਨੂੰ ਅਪਣਾਉਣ ਲਈ ਜਾਗਰੂਕ ਕੀਤਾ।