ਹਰਿੰਦਰ ਨਿੱਕਾ , ਬਰਨਾਲਾ 01 ਮਾਰਚ 2022
ਜਿਲ੍ਹਾ ਜੇਲ੍ਹ ਦੇ ਸੁਰੱਖਿਆ ਪਹਿਰੇ ਤੋਂ ਬੇਖੌਫ ਕੋਈ ਵਿਅਕਤੀ ਜੇਲ੍ਹ ਅੰਦਰ ਪੈਕਟਾਂ ਵਿੱਚ ਬੰਦ ਕਰਕੇ ਮੋਬਾਈਲ ਫੋਨ ਸੁੱਟ ਕੇ ਫਰਾਰ ਹੋ ਗਿਆ। ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਕਾਇਤ ਦੇ ਅਧਾਰ ਪਰ, ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਭੇਜੀ ਲਿਖਤੀ ਸ਼ਕਾਇਤ ਵਿੱਚ ਪੁਨੀਤ ਕੁਮਾਰ ਗਰਗ , ਸਹਾਇਕ ਸੁਪਰਡੈਂਟ ਜਿਲ੍ਹਾ ਜੇਲ੍ਹ ਬਰਨਾਲਾ ਨੇ ਦੱਸਿਆ ਕਿ ਮਿਤੀ 13/14 ਫਰਵਰੀ ਦੀ ਦਰਮਿਆਨੀ ਰਾਤ ਨੂੰ ਸਮਾਂ ਕਰੀਬ 11 ਵਜੇ ਜੇਲ੍ਹ ਦੇ ਕੋਟ ਮੌਕੇ ਦੀ ਗਸਤ ਕਰ ਰਹੇ ਜੇਲ੍ਹ ਵਾਰਡਰ ਨੇ ਟਾਵਰ ਨੰ. 3/4 ਦੇ ਵਿਚਕਾਰੋਂ ਲਪੇਟੇ ਹੋਏ 2 ਪੈਕਟ ਬਰਾਮਦ ਕੀਤੇ । ਜਿੰਨ੍ਹਾਂ ਵਿੱਚੋ ਇੱਕ ਮੋਬਾਇਲ ਫੋਨ ਸੈਮਸੰਗ ਕੰਪਨੀ ਦਾ , 1 ਮੋਬਾਇਲ ਫੋਨ ਹੀਰੋ ਕੰਪਨੀ ਰੰਗ ਕਾਲਾ ਤੇ 1 ਮੋਬਾਇਲ ਚਾਰਜਰ ਅਤੇ 10 ਪੈਕਟ ਤੰਬਾਕੂ ਦੇ ਬ੍ਰਾਮਦ ਕੀਤੇ ਗਏ। ਡੀਐਸਪੀ ਰਾਜੇਸ਼ ਸਨੇਹੀ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜਿਲ੍ਹਾ ਜੇਲ੍ਹ ਬਰਨਾਲਾ ਦੇ ਪੱਤਰ ਦੇ ਅਧਾਰ ਤੇ ਥਾਣਾ ਸਿਟੀ 1 ਬਰਨਾਲਾ ਵਿਖੇ ਅਣਪਛਾਤੇ ਦੋਸ਼ੀ ਖਿਲਾਫ ਅਧੀਨ ਜੁਰਮ 42,52A Prison Act ਤਹਿਤ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਏ.ਐਸ.ਆਈ. ਦਲਵਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਜਲਦ ਹੀ ਦੋਸ਼ੀ ਦੀ ਸ਼ਨਾਖਤ ਕਰਕੇ,ਉਸ ਨੂੰ ਕਾਬੂ ਕਰ ਲਿਆ ਜਾਵੇਗਾ।