ਰਵੀ ਸੈਣ , ਬਰਨਾਲਾ 1 ਮਾਰਚ 2022
ਬਰਨਾਲਾ ਦੇ ਸਿਹਤ ਵਿਭਾਗ ਦੇ ਸੇਵਾ ਮੁਕਤ ਫਾਰਮਾਸਿਸਟ ਸ਼ੀਸ਼ਨ ਕੁਮਾਰ ਦਾ ਪੁੱਤਰ ਯੂਕ੍ਰੇਨ ਦੀ ਨੈਸ਼ਨਲ ਪਰੋਗੀਵ ਮੈਡੀਕਲ ਯੂਨੀਵਰਸਿਟੀ ਵਿਨਿਆਸਤਾ ਵਿੱਚ ਐੱਮ.ਬੀ.ਬੀ.ਐੱਸ. ਦੇ ਚੌਥੇ ਸਾਲ ਦਾ ਵਿਦਿਆਰਥੀ ਚੰਦਨ ਜਿੰਦਲ 3 ਫਰਵਰੀ ਨੂੰ ਸਿਰ ਵਿੱਚ ਖੂਨ ਦੇ ਜਮਾਂ ਹੋਣ ਕਾਰਨ ਬੇਹੋਸ਼ ਹੋ ਗਿਆ ਸੀ।
ਹੋਸਟਲ ਦੇ ਸਹਿਪਾਠੀਆਂ ਨੇ ਐਮਰਜੈਂਸੀ ਵਿੱਚ ਚੰਦਨ ਨੂੰ ਹਸਪਤਾਲ ਦਾਖ਼ਲ ਕਰਵਾਇਆ। ਉਸੇ ਰਾਤ ਡਾਕਟਰਾਂ ਨੇ ਉਸਦੇ ਸਿਰ ਦਾ ਆਪ੍ਰੇਸ਼ਨ ਕੀਤਾ। ਚੰਦਨ ਜਿੰਦਲ ਦੇ ਪਿਤਾ ਸ਼ੀਸ਼ਨ ਕੁਮਾਰ ਅਤੇ ਤਾਇਆ ਕ੍ਰਿਸ਼ਨ ਗੋਪਾਲ 7 ਫਰਵਰੀ ਨੂੰ ਵਿਨਿਆਸਤਾ ਹਸਪਤਾਲ ਪਹੁੰਚ ਗਏ। ਚੰਦਨ ਹਸਪਤਾਲ ਵਿੱਚ ਅਜੇ ਇਲਾਜ ਅਧੀਨ ਹੀ ਸੀ ਕਿ ਰੂਸ ਅਤੇ ਯੂਕ੍ਰੇਨ ਦਾ ਯੁੱਧ ਸ਼ੁਰੂ ਹੋ ਗਿਆ। ਜਿਸ ਕਾਰਣ ਮਰੀਜ ਦੀ ਦੇਖਭਾਲ ਕਰਨ ਗਏ ਮਾਪੇ ਉੱਥੇ ਫਸ ਗਏ।ਕ੍ਰਿਸ਼ਨ ਗੋਪਾਲ ਪੋਲੈਡ ਦੀ ਸਰਹੱਦ ਤੇ ਫਸ ਗਏ ਹਨ।
ਮਰੀਜ ਦੀ ਦੇਖਭਾਲ ਅਤੇ ਇਲਾਜ ਲਈ ਭਾਸ਼ਾ ਸੰਬੰਧੀ ਸਮਸਿਆਵਾਂ ਦਰਪੇਸ਼ ਹਨ। ਇਸ ਲਈ ਇਲਾਕੇ ਦੀਆਂ ਜਥੇਬੰਦੀਆਂ ਵੱਲੋਂ ਇੱਕ ਵਫ਼ਦ ਡਿਪਟੀ ਕਮਿਸ਼ਨਰ ਬਰਨਾਲਾ ਕੁਮਾਰ ਸੌਰਵ ਰਾਜ ਨੂੰ ਉਹਨਾਂ ਦੇ ਰਿਹਾਇਸ਼ ਉਪਰ ਮੰਗ ਪੱਤਰ ਸੌਂਪਿਆ ਗਿਆ ਕਿ ਮਰੀਜ ਦੀ ਸਹਾਇਤਾ ਲਈ ਤਤਕਾਲ ਕਦਮ ਉਠਾਏ ਜਾਣ ਅਤੇ ਦੋਭਾਸ਼ੀਏ ਦਾ ਪ੍ਰਬੰਧ ਕੀਤਾ ਜਾਵੇ।
ਇਸ ਵਫ਼ਦ ਵਿਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜੁਗਰਾਜ ਸਿੰਘ ਟੱਲੇਵਾਲ, ਖੁਸ਼ਮਿੰਦਰਪਾਲ ਹੰਡਿਆਇਆ, ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਗੁਰਮੀਤ ਸੁਖਪੁਰ, ਟੈਕਨੀਕਲ ਅਤੇ ਮਕੈਨੀਕਲ ਯੂਨੀਅਨ ਦੇ ਮਹਿਮਾ ਸਿੰਘ, ਫਾਰਮਾਸਿਸਟ ਐਸੋਸੀਏਸ਼ਨ ਦੇ ਦਰਸ਼ਨ ਕੁਮਾਰ, ਰਾਜ ਕੁਮਾਰ, ਮੁਲਾਜ਼ਮ ਡਿਫੈਂਸ ਕਮੇਟੀ ਦੇ ਰਾਜੀਵ ਕੁਮਾਰ ,ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਰਾਜਿੰਦਰ ਭੱਪਾ, ਜਮਹੂਰੀ ਅਧਿਕਾਰ ਸਭਾ ਦੇ ਹਰਚਰਨ ਪੱਤੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕੁਲਵੰਤ ਸਿੰਘ ਠੀਕਰੀਵਾਲਾ, ਵਪਾਰ ਮੰਡਲ ਦੇ ਨੀਰਜ ਜਿੰਦਲ ਅਤੇ ਵਰਿੰਦਰ ਕੁਮਾਰ, ਖੁਸ਼ਦੇਵ ਬਾਂਸਲ, ਪਰਮੋਦ ਕੁਮਾਰ, ਰਾਜਿੰਦਰ ਕੁਮਾਰ ਆਦਿ ਸ਼ਾਮਲ ਸਨ।