ਸੌ ਫ਼ੀਸਦੀ ਮਤਦਾਨ ਲਈ ਚੋਣ ਕਮਿਸ਼ਨ ਨੇ ਜ਼ਿਲ੍ਹੇ ‘ਚ 13 ਹਜ਼ਾਰ ਵਲੰਟੀਅਰ ਕੀਤੇ ਤਾਇਨਾਤ
ਰਿਚਾ ਨਾਗਪਾਲ,ਪਟਿਆਲਾ 18 ਫਰਵਰੀ 2022
ਜ਼ਿਲ੍ਹਾ ਪਟਿਆਲਾ ‘ਚ ਵੱਧ ਤੋਂ ਵੱਧ ਮਤਦਾਨ ਕਰਵਾਉਣ ਤੇ ਮਤਦਾਤਾਵਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ‘ਚ 13000 ਵਲੰਟੀਅਰ ਤਾਇਨਾਤ ਕੀਤੇ ਹਨ। ਸਵੀਪ ਮੁਹਿੰਮ ਤਹਿਤ ਤਿਆਰ ਕੀਤੇ ਗਏ ਵਲੰਟੀਅਰਾਂ ਦੀ ਅੱਜ ਜ਼ਿਲ੍ਹੇ ਦੇ ਸਾਰੇ ਅੱਠ ਵਿਧਾਨ ਸਭਾ ਹਲਕਿਆਂ ‘ਚ ਮੋਕ ਡਰਿੱਲ ਕੀਤੀ ਗਈ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਦਿਵਿਆਂਗ ਅਤੇ 80 ਸਾਲ ਤੋਂ ਵਧੇਰੇ ਉਮਰ ਦੇ ਮਤਦਾਤਾਵਾਂ ਦੀ ਮਦਦ ਲਈ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਲੰਟੀਅਰ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਹਮੇਸ਼ਾ ਹੀ ਚੋਣਾਂ ‘ਚ ਵੱਡੀ ਭੂਮਿਕਾ ਰਹਿੰਦੀ ਹੈ। ਨੌਜਵਾਨ ਜਿੱਥੇ ਵੱਧ ਤੋਂ ਵੱਧ ਖ਼ੁਦ ਵੋਟਾਂ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ‘ਚ ਯੋਗਦਾਨ ਪਾ ਸਕਦੇ ਹਨ ਅਤੇ ਨਾਲ ਹੋਰਨਾਂ ਵਰਗਾਂ ਦੇ ਮਤਦਾਤਾਵਾਂ ਨੂੰ ਵੀ ਪ੍ਰੇਰਿਤ ਕਰ ਸਕਦੇ ਹਨ।
ਵਲੰਟੀਅਰ ਤਿਆਰ ਕਰਨ ਦੀ ਮੁਹਿੰਮ ਦੀ ਦੇਖ-ਰੇਖ ਕਰਨ ਵਾਲੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਵਲੰਟੀਅਰ ਨਿਯੁਕਤ ਕਰਨ ਲਈ ਜ਼ਿਲ੍ਹੇ ਦੇ ਸਾਰੇ ਅੱਠ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਦਾ ਭਰਵਾਂ ਸਹਿਯੋਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਵਲੰਟੀਅਰਾਂ ਨੂੰ ਚੋਣ ਮਿੱਤਰ ਵਜੋਂ ਸ਼ਨਾਖ਼ਤੀ ਕਾਰਡ ਅਤੇ ਟੋਪੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਸਾਰੇ ਵਲੰਟੀਅਰਾਂ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਪੋਲਿੰਗ ਬੂਥ ‘ਤੇ 5 ਵਲੰਟੀਅਰ, ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰ ਤਾਇਨਾਤ ਕੀਤੇ ਜਾਣਗੇ। ਪ੍ਰੋ. ਅੰਟਾਲ ਨੇ ਦੱਸਿਆ ਕਿ ਵਲੰਟੀਅਰ ਨਿਯੁਕਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਪਟਿਆਲਾ ਹਰਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਇੰਜੀ. ਅਮਰਜੀਤ ਸਿੰਘ, ਮਮਤਾ ਸ਼ਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਮਰਜੀਤ ਕੌਰ ਨਹਿਰੂ ਯੁਵਾ ਕੇਂਦਰ ਆਦਿ ਨੇ ਵੱਡਾ ਯੋਗਦਾਨ ਪਾਇਆ।