ਮਜਦੂਰ ਪਰਿਵਾਰ ਦੇ ਲਾਭ ਸਿੰਘ ਨੇ ‘ਮੁੱਖ ਮੰਤਰੀ ’ ਨੂੰ ਪਾਇਆ ‘ਵਾਹਣੀ’

Advertisement
Spread information

ਹਲਕਾ ਭਦੌੜ ਤੋਂ ਆਪ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਦੀਆਂ ਜਨ-ਸਭਾਵਾਂ ਚ ਉੱਮੜ ਰਿਹਾ ਜਨ-ਸੈਲਾਬ ‘ਮੁੱਖ ਮੰਤਰੀ ਚੰਨੀ’ ਲਈ ਖਤਰੇ ਦੀ ‘ਘੰਟੀ’
ਬਾਬਿਆਂ’ ਨਾਲ ਬੈਠ ਕੇ ਸੀਪ ਦੀ ਬਾਜ਼ੀ ਲਾਉਣ ਵਾਲੇ ‘ਮੁੱਖ ਮੰਤਰੀ ’ ਦੀ ਭਦੌੜ ਦੇ ਜਜ਼ਬਾਤੀ ਲੋਕ ਕਿਧਰੇ ‘ਸਿਆਸੀ ਸੀਪ ’ ਨਾ ਲਾ ਦੇਣ !


ਜਗਸੀਰ ਸਿੰਘ ਚਹਿਲ , ਬਰਨਾਲਾ, 11 ਫਰਵਰੀ 2022

     ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਬੇਹੱਦ ਗਰੀਬ ਮਜਦੂਰ ਪਰਿਵਾਰ ਦੇ ਨੌਜਵਾਨ ਲਾਭ ਸਿੰਘ ਉੱਗੋਕੇ ਦੇ ਹਰ ਦਿਨ ਵੱਧ ਰਹੇ ਕਾਫਿਲੇ ਨੇ ਕਾਂਗਰਸੀ ਉਮੀਦਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਾਹਨੀ ਪਾ ਛੱਡਿਆ ਹੈ। ਮੁੱਖ ਮੰਤਰੀ ਚੰਨੀ ਦਾ ਚੋਣ ਪਿੜ ‘ਚ ਪੱਛੜਿਆ ਦਿਖਣਾ, ਉਨਾਂ ਦੇ ਸਿਪਾਹਸਿਲਾਰਾਂ ਦੀ ਫੌਜ ਲਈ ਚਿੰਤਾਂ ਦਾ ਕਾਰਣ ਬਣਿਆ ਹੋਇਆ ਹੈ। ਹਾਲੇ ਤੱਕ , ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ, ਲਾਭ ਸਿੰਘ ਉੱਗੋਕੇ ਦੀ ਚੋਣ ਮੁਹਿੰਮ ਦੇ ਹਾਣ ਦਾ ਬਣਨ ਤੇ ਹੀ ਲੱਗੀਆਂ ਹੋਈਆਂ ਹਨ। ਲਾਭ ਸਿੰਘ ਉੱਗੋਕੇ ਦੇ ਚੋਣ ਜਲਸਿਆਂ ਵਿੱਚ ਹੋ ਰਿਹਾ, ਆਪ ਮੁਹਾਰਾ ਹੋ ਇਕੱਠ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਲਈ ਖਤਰੇ ਦੀ ਘੰਟੀ ਬਣ ਚੁੱਕਿਆ ਹੈ।

Advertisement

        ਮਹਿਜ ਕਰੀਬ ਤਿੰਨ ਲੱਖ ਰੁਪਏ ਦੀ ਜਾਇਦਾਦ ਦੇ ਮਾਲਕ ਦਿਹਾੜੀਦਾਰ ਪਰਿਵਾਰ ਦੇ ਆਮ ਮੁੰਡੇ ਦੇ ਮੁਕਾਬਲੇ ਸੁਰੱਖਿਅਤ ਸੀਟ ਮੰਨ ਕੇ ਭਾਵੇਂ ਕਾਂਗਰਸ ਪਾਰਟੀ ਵਲੋਂ ਕਰੀਬ ਸਾਢੇ ਚੌਦਾਂ ਕਰੋੜ ਦੀ ਨਾਮੀ ਚੱਲ ਅਚੱਲ ਜਾਇਦਾਦ ਦੇ ਮਾਲਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਰ ਮੌਜੂਦਾ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਚੋਣ ਮੁਹਿੰਮ ਵਿੱਚ ਲਾਭ ਸਿੰਘ ਉੱਗੋਕੇ ਅਤੇ ਸੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਤੋਂ ਦੋ ਕਦਮ ਪਿੱਛੇ ਪਿੱਛੇ ਹੀ ਚੱਲ ਰਹੇ ਹਨ। ਭਦੌੜ (ਰਿਜਰਵ) ਸੀਟ ਤੋਂ ਸੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਤੇ ਪੰਜਾਂ ਸਾਲਾਂ ਤੋਂ ਹਲਕੇ ਅੰਦਰ ਵਿਚਰਦਿਆਂ ਹਲਕੇ ਦੇ ਲੋਕਾਂ ਦੇ ਦੁੱਖ ਸੁਖ ਵਿੱਚ ਸਰੀਕ ਹੁੰਦੇ ਆ ਰਹੇ ਹਨ। ਪਰ ਕਾਂਗਰਸ ਪਾਰਟੀ ਵਲੋਂ ਸਤਾ ਵਿੱਚ ਹੋਣ ਦੇ ਬਾਵਜੂਦ ਹਲਕੇ ਦੀ ਕਮਾਂਡ ਕਿਸੇ ਇੱਕ ਸੁਹਿਰਦ ਹੱਥ ਵਿੱਚ ਦੇਣ ਦੀ ਬਜਾਏ ਹਲਕੇ ਨੂੰ ਲਾਵਾਰਿਸ ਛੱਡੀ ਰੱਖਿਆ।

          ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਜੇਤ ਤੋਂ ਬਾਅਦ ਪਾਰਟੀ ਤੋਂ ਬਾਗੀ ਹੋਏ ਵਿਧਾਇਕ ਪਿਰਮਲ ਸਿੰਘ ਧੌਲਾ ਦੇ ਕਾਂਗਰਸ ਵਿੱਚ ਜਾਣ ਤੋਂ ਬਾਅਦ ਹਲਕੇ ਅੰਦਰ ਵਿਚਰਨ ਲੱਗੇ। ਲੰਮਾਂ ਸਮਾਂ ਲਾਵਾਰਿਸ ਰਹਿਣ ਕਾਰਨ ਹਲਕਾ ਭਦੌੜ ਦੀਆਂ ਪੰਚਾਇਤਾਂ ਨੂੰ ਬਾਕੀ ਹਲਕਿਆਂ ਦੇ ਮੁਕਾਬਲੇ ਫੰਡ ਨਾ ਮਿਲਣ ਕਾਰਨ ਹਲਕਾ ਭਦੌੜ ਵਿਕਾਸ ਪੱਖੋਂ ਪਛੜ ਗਿਆ ਅਤੇ ਹਲਕੇ ਦੇ ਵਰਕਰਾਂ ਦੀ ਦੁੱਖ-ਤਕਲੀਫ ਵਿੱਚ ਕਿਸੇ ਆਗੂ ਨੇ ਬਾਂਹ ਨਾ ਫੜੀ। 2022 ਚੋਣਾਂ ਲਈ ਟਿਕਟ ਦੀ ਦੌੜ ਵਿੱਚ ਮੌਜੂਦਾ ਵਿਧਾਇਕ ਪਿਰਮਲ ਸਿੰਘ ਧੌਲਾ ਅਤੇ ਹੋਰ ਕਈ ਆਗੂ ਜੋਰ ਅਜਮਾਈ ਕਰ ਰਹੇ ਸਨ। ਪਰ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਇਸ ਵਾਰ ਚਰਨਜੀਤ ਸਿੰਘ ਚੰਨੀ ਲਈ ਸਿਆਸੀ ਹਵਾ ਠੀਕ ਨਾ ਹੋਣ ਨੂੰ ਦੇਖਦਿਆਂ ਕਾਂਗਰਸ ਹਾਈਕਮਾਂਡ ਵਲੋਂ ਹਲਕੇ ਅੰਦਰਲੇ ਟਿਕਟ ਦੇ ਸਾਰੇ ਦਾਅਵੇਦਾਰਾ ਨੂੰ ਲਾਂਭੇ ਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ।

       ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਉਣ ਨਾਲ ਭਾਵੇਂ ਕਿ ਕਾਂਗਰਸੀ ਆਗੂ ਚੋਣ ਮੁਹਿੰਮ ਦੀ ਖਾਨਾਪੂਰਤੀ ਕਰ ਰਹੇ ਹਨ ਅਤੇ ਸੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਰਬਾਰਾ ਸਿੰਘ ਗੁਰੂ ਵੀ ਕਾਂਗਰਸ ਵਿੱਚ ਸਾਮਿਲ ਹੋ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਪ੍ਰਚਾਰ ਕਰ ਰਹੇ ਹਨ। ਸੋ੍ਰਮਣੀ ਅਕਾਲੀ ਦਲ ਦੇ ਇੱਕ ਹੋਰ ਵੱਡਾ ਆਗੂ ਦੇ ਵੀ ਲੁਕਵੇਂ ਢੰਗ ਨਾਲ ਮੁੱਖ ਮੰਤਰੀ ਦੀ ਮੱਦਦ ਕਰਨ ਦੇ ਵੀ ਚਰਚੇ ਹਨ। ਪਰ ਇਸ ਸਭ ਦੇ ਬਾਵਜੂਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਬੇਹੱਦ ਪਛੜ ਕੇ ਚੱਲ ਰਹੀ ਹੈ। ਨਾਮਜਦੀ ਭਰਨ ਤੋਂ ਬਾਅਦ ਪਹਿਲੀ ਫੇਰੀ ਦੌਰਾਨ ਹਲਕੇ ਅੰਦਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੇ ਵੱਖ-ਵੱਖ ਪਿੰਡਾਂ ਕਾਲੇਕੇ, ਅਸਪਾਲ ਕਲਾਂ, ਪੱਖੋਂ ਕਲਾਂ,ਢਿੱਲਵਾਂ ,ਮੌੜ ਨਾਭਾ, ਭਦੌੜ ਆਦਿ ਵਿਖੇ ਮੁੱਖ ਮੰਤਰੀ ਦੀਆਂ ਚੋਣ ਰੈਲੀਆਂ ਦਾ ਪ੍ਰੋਗਰਾਮ ਰੱਖਿਆ ਗਿਆ । ਹਰ ਰੈਲੀ ਨਾਲ ਲਗਭਗ ਪੰਜ ਤੋਂ ਵੱਧ ਪਿੰਡਾਂ ਨਾ ਜੋੜਿਆ ਗਿਆ ਸੀ ਤਾਂ ਜੋ ਵੱਡੇ ਇਕੱਠ ਹੋ ਸਕਣ।

       ਪਰ ਇਹਨਾ ਰੈਲੀਆਂ ਵਿੱਚ ਇਕੱਠ ਕਰਨ ਲਈ ਜਿੱਥੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਨਰੇਗਾ ਕਾਮਿਆਂ ਆਦਿ ਦਾ ਸਹਾਰਾ ਲਿਆ । ਪਰ ਇਸਦੇ ਬਾਵਜੂਦ ਵੀ ਵੱਡੇ ਇਕੱਠ ਦੇਖਣ ਨੂੰ ਨਾ ਮਿਲੇ। ਬੀਤੇ ਦਿਨੀ ਮੁੱਖ ਮੰਤਰੀ ਦੀ ਦੂਜੀ ਫੇਰੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਕੁਝ ਥਾਵਾਂ ਤੇ ਭਾਰੀ ਵਿਰੋਧ ਹੋਣ ਅਤੇ ਮੁੱਖ ਮੰਤਰੀ ਲੋਕਾਂ ਦੇ ਸੁਆਲਾਂ ਦੇ ਜੁਆਬ ਦੇਣ ਤੋਂ ਭੱਜਦੇ ਨਜ਼ਰ ਆਏ। ਉਕਤ ਫੇਰੀ ਦੌਰਾਨ ਪਿੰਡਾਂ ਅੰਦਰਲੇ ਕਾਂਗਰਸੀ ਆਗੂਆਂ ਵਲੋਂ ਲੋਕਾਂ ਨੂੰ ਘਰੋਂ ਤੋਂ ਬੁਲਾ ਕੇ ਲਿਆਉਣ ਦੇ ਬਾਵਜੂਦ ਮੁੱਖ ਮੰਤਰੀ ਦੇ ਚੋਣ ਜਲਸਿਆਂ ਚ ਜਿਆਦਾ ਇਕੱਠ ਦੇਖਣ ਨੂੰ ਨਾ ਮਿਲਿਆ। ਚੋਣ ਜਲਸਿਆਂ ਵਿੱਚ ਇਕੱਠ ਨਾ ਹੋਣ ਅਤੇ ਹਲਕੇ ਅੰਦਰ ਹੋਏ ਵਿਰੋਧ ਦੀ ਚਿੰਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੇਹਰੇ ਤੇ ਝਲਦੀ ਦੇਖੀ ਗਈ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੀ ਫੇਰੀ ਵਾਲੇ ਉਕਤ ਪਿੰਡਾਂ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਵਲੋਂ ਚੋਣ ਜਲਸੇ ਕੀਤੇ ਗਏ।

      ਇਹਨਾ ਚੋਣ ਜਲਸਿਆਂ ਵਿੱਚ ਆਪ ਮੁਹਾਰੇ ਲੋਕਾਂ ਦਾ ਵੱਡਾ ਜਨਸੈਲਾਬ ਉੱਮੜਿਆ। ਭਗਵੰਤ ਮਾਨ ਸਟਾਇਲ ਚ ਸਾਦੇ ਢੰਗ ਨਾਲ ਕਾਰ ਦੇ ਉੰਪਰ ਖੜ ਕੇ ਲੋਕਾਂ ਨੂੰ ਸੰਬੋਧਨ ਕਰਦੇ ਲਾਭ ਸਿੰਘ ਉੱਗੋਕੇ ਨੂੰ ਲੋਕ ਘਰਾਂ ਦੀਆਂ ਛੱਤਾਂ ਤੇ ਖੜ ਕੇ ਸੁਣਦੇ ਰਹੇ। ਇੱਕ ਆਮ ਘਰ ਦੇ ਗਰੀਬ ਮੁੰਡੇ ਖਿਲਾਫ਼ ਮੁੱਖ ਮੰਤਰੀ ਵਲੋਂ ਚੋਣ ਲੜਨ ਨੂੰ ਲੈ ਕੇ ਜਿੱਥੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਲਕੇ ਦੇ ਲੋਕਾਂ ਅੰਦਰ ਚਰਨਜੀਤ ਸਿੰਘ ਚੰਨੀ ਖਿਲਾਫ਼ ਰੋਹ ਅਤੇ ਲਾਭ ਸਿੰਘ ਉੱਗੋਕੇ ਪ੍ਰਤੀ ਹਮਦਰਦੀ ਪਾਈ ਜਾ ਰਹੀ ਹੈ। ਮੁੱਖ ਮੰਤਰੀ ਦੇ ਚੋਣ ਜਲਸੇ ਚ ਬੁਲਾਏ ਲੋਕਾਂ ਤੋਂ ਜਿਆਦਾ ਲਾਭ ਸਿੰਘ ਉੱਗੋਕੇ ਦੇ ਚੋਣ ਜਲਸਿਆਂ ਚ ਆਪ ਮੁਹਾਰੇ ਉੱਮੜ ਰਹੇ ਇਕੱਠ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਖਤਰੇ ਦੀ ਘੰਟੀ ਜਾਪ ਰਹੇ ਹਨ। ਮੌਜੂਦਾ ਹਾਲਾਤਾਂ ਨੂੰ ਦਿਖਦਿਆਂ ਸੱਥ ਵਿੱਚ ਬੈਠ ਕੇ ਬਾਬਿਆਂ ਨਾਲ ਸੀਪ ਦੀ ਬਾਜ਼ੀ ਲਾਉਣ ਵਾਲੇ ਚਰਨਜੀਤ ਸਿੰਘ ਚੰਨੀ ਦੀ ਹਲਕਾ ਭਦੌੜ ਦੇ ਜਜਬਾਤੀ ਲੋਕ ਕਿਧਰੇ 20 ਫਰਵਰੀ ਨੂੰ ‘ਸਿਆਸੀ ਸੀਪ’ ਨਾ ਲਾ ਦੇਣ।

Advertisement
Advertisement
Advertisement
Advertisement
Advertisement
error: Content is protected !!