ਅਮਰਿੰਦਰ ਦਾ ਕਿਲ੍ਹਾ ਢਹਿ ਢੇਰੀ ਕਰਨ ਲਈ ਜਾਂਬਾਜ ਸਿਪਾਹੀ ਵਿਸ਼ਨੂੰ ਸ਼ਰਮਾ ਨੂੰ ਉਤਾਰਿਆ ਹੈ ਮੈਦਾਨ ‘ਚ
– ਦੇਰ ਰਾਤ ਤਿੰਨ ਘੰਟੇ ਵਿਸ਼ਨੂੰ ਸ਼ਰਮਾ ਦੇ ਗ੍ਰਹਿ ਵਿਖੇ ਚੰਨੀ ਨੇ ਕੀਤੀ ਵਰਕਰਾਂ ਤੇ ਕਾਂਗਰਸੀ ਨੇਤਾਵਾਂ ਨਾਲ ਹੰਗਾਮੀ ਮੀਟਿੰਗ
– ਸਮੁੱਚੇ ਵਰਕਰਾਂ ਤੇ ਨੇਤਾਵਾਂ ਨੂੰ ਮੈਦਾਨ ਵਿੱਚ ਪੂਰੀ ਤਰ੍ਹਾਂ ਡਟਕੇ ਕੰਮ ਕਰਨ ਦੇ ਦਿੱਤੇ ਹੁਕਮ
ਰਿਚਾ ਨਾਗਪਾਲ,ਪਟਿਆਲਾ, 8 ਫਰਵਰੀ 2022
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਆਖਿਆ ਹੈ ਕਿ ਅਮਰਿੰਦਰ ਦਾ ਕਿਲਾ ਢਹਿ ਢੇਰੀ ਕਰਨ ਲਈ ਵੀ ਕਾਂਗਰਸ ਪਾਰਟੀ ਨੇ ਇੱਕ ਜਾਂਬਾਜ, ਇਮਾਨਦਾਰ ਅਤੇ ਦਲੇਰ ਨੇਤਾ ਵਿਸ਼ਨੂੰ ਸ਼ਰਮਾ ਨੇ ਪਟਿਆਲਾ ਸ਼ਹਿਰ ਦੇ ਮੈਦਾਨ ਵਿੱਚ ਉਤਾਰਿਆ ਹੈ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਵਿਸ਼ਨੂੰ ਸ਼ਰਮਾ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਸਿਰ ’ਤੇ ਵੱਡੀ ਜਿੱਤ ਪ੍ਰਾਪਤ ਕਰਕੇ ਬਣਨ ਵਾਲੀ ਕਾਂਗਰਸ ਸਰਕਾਰ ਵਿੱਚ ਅਹਿਮ ਯੋਗਦਾਨ ਪਾਉਣਗੇ। ਚਰਨਜੀਤ ਚੰਨੀ ਨੇ ਅੱਜ ਦੇਰ ਰਾਤ ਲਗਾਤਾਰ ਤਿੰਨ ਘੰਟੇ ਵਿਸ਼ਨੂੰ ਸ਼ਰਮਾ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ, ਨੇਤਾਵਾਂ ਨਾਲ ਹੰਗਾਮੀ ਮੀਟਿੰਗ ਕੀਤੀ ਅਤੇ ਚੋਣ ਮੁਹਿੰਮ ਦੀ ਕਮਾਂਡ ਖੁਦ ਸੰਭਾਲਦਿਆਂ ਸਮੁੱਚੇ ਨੇਤਾਵਾਂ ਅਤੇ ਵਰਕਰਾਂ ਨੂੰ ਚੋਣ ਮੈਦਾਨ ਵਿੱਚ ਹੋਰ ਤੇਜ਼ੀ ਨਾਲ ਡਟਣ ਦੇ ਹੁਕਮ ਦਿੱਤੇ।
ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਅਮਰਿੰਦਰ ਦਾ ਮੁਕਾਬਲਾ ਕਰਨ ਲਈ ਹਾਈਕਮਾਂਡ ਨਾਲ ਵਿਸ਼ਨੂੰ ਸ਼ਰਮਾ ਨੂੰ ਲੈ ਕੇ ਲੰਬੀ ਚਰਚਾ ਹੋਈ ਅਤੇ ਉਨ੍ਹਾਂ ਦੇ ਮੁਕਾਬਲੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਇਸ ਲਈ ਪਰੇ ਕਰ ਦਿੱਤਾ ਗਿਆ ਕਿਉਂਕਿ ਵਿਸ਼ਨੂੰ ਸ਼ਰਮਾ ਨੇ ਪਟਿਆਲਾ ਸ਼ਹਿਰ ਵਿੱਚ ਪਿਛਲੇ 35 ਸਾਲ ਤੋਂ ਗਰਾਊਂਡ ਲੈਵਲ ’ਤੇ ਇਮਾਨਦਾਰੀ ਨਾਲ ਕੰਮ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਹਰ ਗਲੀ, ਮੁਹੱਲੇ ਦਾ ਪਤਾ ਹੈ ਕਿ ਪਟਿਆਲਾ ਦੇ ਲੋਕ ਵਿਸ਼ਨੂੰ ਨੂੰ ਬੇਹਦ ਪਿਆਰ ਕਰਦੇ ਹਨ।
ਚਰਨਜੀਤ ਚੰਨੀ ਲੇ ਇਸ ਮੌਕੇ ਲੰਬੀ ਚੱਲੀ ਮੀਟਿੰਗ ਵਿੱਚ ਸਮੁੱਚੇ ਨੇਤਾਵਾਂ ਅਤੇ ਵਰਕਰਾਂ ਨਾਲ ਪੂਰੇ ਸ਼ਹਿਰ ਦੀ ਰਾਜਨੀਤਿ ਸਾਂਝੀ ਕੀਤੀ ਅਤੇ ਕਮਾਂਡ ਆਪਣੇ ਹੱਥ ਵਿੰਚ ਲੈਂਦਿਆਂ ਕਿਹਾ ਕਿ ਮੈਂ ਹਰ ਰੋਜ਼ ਰਾਤ ਨੂੰ ਵਿਸ਼ਨੂੰ ਸ਼ਰਮਾ ਜੀ ਨਾਲ ਗੱਲ ਕਰਕੇ ਹਲਕੇ ਦੀ ਪੂਰੀ ਰਿਪੋਰਟ ਪ੍ਰਾਪਤ ਕਰਿਆ ਕਰਾਂਗਾ ਕਿਉਂਕਿ ਕਾਂਗਰਸ ਨੇ ਵਿਸ਼ਨੂੰ ਸ਼ਰਮਾ ਨੂੰ ਹਰ ਹਾਲ ਦੇ ਵਿੱਚ ਜਿੱਤ ਦਿਲਾ ਕੇ ਵਿਧਾਇਕ ਬਣਾਉਣਾ ਹੈ।
ਚਰਨਜੀਤ ਚੰਨੀ ਨੇ ਆਖਿਆ ਕਿ ਅਮਰਿੰਦਰ ਨੇ ਸਾਢੇ ਚਾਰ ਸਾਲ ਸੋਕੇ ਹੀ ਗੁਜ਼ਾਰ ਦਿੱਤੇ ਤੇ ਜਦੋਂ ਹਾਈਕਮਾਂਡ ਨੇ ਉਨ੍ਹਾਂ ਨੂੰ ਸਮਾਂ ਦਿੱਤਾ ਤਾਂ ਸਿਰਫ਼ 111 ਦਿਨਾਂ ਵਿੱਚ ਉਨ੍ਹਾਂ ਨੇ ਪੰਜਾਬ ਦੇ ਹਰ ਵਰਗ ਨੂੰ ਵੱਡੀ ਰਾਹਤ ਦਿੱਤੀ ਤੇ ਲੋਕਾਂ ਨੂੰ ਦੱਸਿਆ ਕਿ ਕਾਂਗਰਸ ਹੀ ਅਸਲ ਵਿੱਚ ਉਨ੍ਹਾਂ ਦਾ ਭਲਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ 10 ਸਾਲ ਅਕਾਲੀਆਂ ਨੇ ਪੰਜਾਬ ਨੂੰ ਲੁੱਟਿਆ ਤੇ ਹੁਣ ਦਿੱਲੀ ਚੋਂ ਇੱਕ ਅਰਬਪਤੀ ਕੇਜਰੀਵਾਲ ਆਪਣੇ ਆਪ ਨੂੰ ਆਮ ਆਦਮੀ ਦੱਸ ਕੇ ਪੰਜਾਬ ਨੂੰ ਲੁੱਟਣਾ ਚਾਹੁੰਦਾ ਹੈ ਪਰ ਉਹ ਪੰਜਾਬ ਨੂੰ ਲੁੱਟਣ ਨਹੀਂ ਦੇਣਗੇ। ਉਨ੍ਹਾਂ ਆਖਿਆ ਕਿ ਪਟਿਆਲਾ ਸ਼ਹਿਰ ਤੋਂ ਅਮਰਿੰਦਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਦੀ ਜਮਾਨਤ ਜਬਤ ਹੋ ਜਾਵੇਗੀ।
ਇਸ ਮੌਕੇ ਵਿਸ਼ਨੂੰ ਸ਼ਰਮਾ ਤੇ ਹੋਰ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਰਹਿੰਦੇ ਦਿਨਾਂ ਵਿੱਚ ਉਹ ਅਜਿਹੀ ਮਜਬੂਤੀ ਤੇ ਤਾਕਤ ਨਾਲ ਲੜਾਈ ਲੜਨਗੇ ਕਿਪਟਿਆਲਾ ਵਿੱਚ ਕਾਂਗਰਸ ਇਤਿਹਾਸਕ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਆਖਿਆ ਕਿ ਪਟਿਆਲਾ ਸ਼ਹਿਰ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ। ਇਸ ਲਈ ਉਹ ਹਰ ਵਰਗ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।
ਵਿਸ਼ਨੂੰ ਸ਼ਰਮਾ ਨੂੰ ਨਾਲ ਲੈ ਕੇ ਚੰਨੀ ਨੇ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਟੇਕਿਆ ਮੱਥਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ਨੂੰ ਸ਼ਰਮਾ ਅਤੇ ਹੋਰ ਨੇਤਾਵਾਂ ਨੂੰ ਲੈ ਕੇ ਵਿਸ਼ੇਸ਼ ਤੋਰ ’ਤੇ ਸ੍ਰੀ ਕਾਲੀ ਮਾਤਾ ਮੰਦਿਰ ਵਿੱਚ ਮੱਥਾ ਟੇਕਿਆ ਅਤੇ ਕਾਲੀ ਮਾਤਾ ਅੱਗੇ ਕਾਂਗਰਸ ਦੀ ਵੱਡੀ ਜਿੱਤ ਲਈ ਪ੍ਰਾਥਨਾ ਕੀਤੀ। ਉਨ੍ਹਾਂ ਇਸ ਵਾਰ ਫਿਰ ਪਿਛਲੇ ਦਿਨੀਂ ਹੋਈ ਬੇਅਦਬੀ ਦੀ ਘਟਨਾਂ ’ਤੇ ਚਿੰਤਾ ਜਾਹਿਰ ਕੀਤੀ ਅਤੇ ਸਮੂਹ ਹਿੰਦੂ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਚਰਨਜੀਤ ਸਿੰਘ ਚੰਨੀ ਉਨ੍ਹਾਂ ਨਾਲ ਹਿੱਕ ਤਾਨ ਕੇ ਖੜਾ ਹੈ। ਉਨ੍ਹਾਂ ਆਖਿਆ ਕਿ ਧਾਰਮਿਕ ਸਥਾਨ ਸਮੁੱਚੇ ਵਰਗ ਦੇ ਸਾਂਝੇ ਹਨ, ਇਸ ਲਈ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।