ਪਾਵਰਕਾਮ ਦੇ ਪੈਨਸ਼ਨਰਾਂ ਦੀ ਦਿਹਾਤੀ ਅਤੇ ਸ਼ਹਿਰੀ ਮੰਡਲ ਬਰਨਾਲਾ ਦੀ ਜਨਰਲ ਮੀਟਿੰਗ
- ਪਾਵਰਕੌਮ ਦੇ ਪੈਨਸ਼ਨਰਾਂ ਵੱਲੋਂ ਕਰੋਨਾ ਦੀ ਆੜ ਹੇਠ ਪਹਿਲੀ ਤੋਂ ਪੰਜਵੀਂ ਤੱਕ ਜਬਰੀ ਬੰਦ ਕੀਤੇ ਸਕੂਲ ਖੋਹਲਣ ਦੀ ਕੀਤੀ ਮੰਗ
ਸੋਨੀ ਪਨੇਸਰ,ਬਰਨਾਲਾ,8 ਫਰਵਰੀ 2022
ਪਾਵਰਕਾਮ ਦੇ ਪੈਨਸ਼ਨਰ ਐਸੋਸ਼ੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਦੀ ਸਾਂਝੀ ਮੀਟਿੰਗ ਰਣਜੀਤ ਸਿੰਘ ਜੋਧਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਦਫਤਰ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਪਿਛਲੇ ਅਰਸੇ ਦੌਰਾਨ ਵਿਛੜ ਗਏ ਸਾਥੀਆਂ ਨੂੰ ਮੋਨ ਧਾਰਨ ਕਰਨ ਨਾਲ ਹੋਈ। ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਹਰਨੇਕ ਸਿੰਘ ਸੰਘੇੜਾ ਅਤੇ ਸੁਖਜੰਟ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮਨੇਜਮੈਂਟ ਦੇ ਮੁਲਾਜਮ ਮਾਰੂ ਹੱਲੇ ਖਿਲਾਫ ਚੱਲ ਰਹੇ ਸੰਘਰਸ਼ ਦਾ ਮੁਲਾਂਕਣ ਕੀਤਾ ਗਿਆ। ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਬਰਨਾਲਾ ਦੇ ਸਕੱਤਰ ਸ਼ਿੰਦਰ ਧੌਲਾ ਨੇ ਪਾਵਰਕੌਮ ਦੀ ਮਨੇਜਮੈਂਟ ਵੱਲੋਂ ਪੈਨਸ਼ਨਰਾਂ ਦੇ 01-01-2016 ਤੋਂ ਬਣਦੇ ਬਣਾਏ( ਗਰੈਵਿਟੀ, ਲੀਵ ਇਨ ਕੈਸ਼) ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਨਾਲ ਹੀ ਜਥੇਬੰਦੀ ਨੂੰ ਮਜਬੂਤ ਕਰਨ ਲਈ ਵਿਚਾਰ ਪੇਸ਼ ਕੀਤੇ। ਫਰਬਰੀ ਮਹੀਨੇ ਤੱਕ ਪ੍ਰੀਵਾਰਕ ਪੈਨਸ਼ਨ ਹਾਸਲ ਕਰ ਰਹੇ ਬਿਜਲੀ ਕਾਮਿਆਂ ਦੇ ਮ੍ਰਿਤਕਾਂ ਦੇ ਵਾਰਸਾਂ/ਪ੍ਰੀਵਾਰਾਂ ਨਾਲ ਸੰਪਰਕ ਮੁਹਿੰਮ ਚਲਾ ਕੇ ਜਥੇਬੰਦਕ ਘੇਰੇ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ। ਬਹੁਤ ਸਾਰੇ ਪਰਿਵਾਰਕ ਪੈਨਸ਼ਨਰਾਂ ਤੱਕ ਆਗੂ ਟੀਮਾਂ ਨੇ ਸੰਪਰਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਨੂੰ ਬਹੁਤ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਮੀਟਿੰਗ ਵਿੱਚ ਸ਼ਾਮਿਲ ਆਗੂਆਂ ਮੇਲਾ ਸਿੰਘ ਕੱਟੂ, ਸਾਧੂ ਸਿੰਘ,ਹਰਜੀਤ ਸਿੰਘ, ਸੁਦਾਗਰ ਸਿੰਘ, ਸੁਖਵੰਤ ਸਿੰਘ , ਹਰਜੀਤ ਸਿੰਘ, ਜੋਗਿੰਦਰਪਾਲ ਸ਼ਰਮਾ, ਬੂਟਾ ਸਿੰਘ, ਦਰਸ਼ਨ ਸਿੰਘ , ਗਮਦੁਰ ਸਿੰਘ, ਗੁਰਤੇਜ ਸਿੰਘ, ਜੱਗਾ ਸਿੰਘ ਨੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਵਿੱਚ ਪਾਵਰਕਾਮ ਦੇ ਪੈਨਸ਼ਨਰਜ਼ ਸਾਥੀਆਂ ਵੱਲੋਂ ਨਿਭਾਈ ਜਿੰਮੇਵਾਰਾਨਾ ਭੂਮਿਕਾ ਦੀ ਜੋਰਦਾਰ ਸ਼ਲਾਘਾ ਕੀਤੀ। 9 ਦਸੰਬਰ ਨੂੰ ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਨਾਲ ਕੀਤੇ ਲਿਖਤੀ ਵਾਅਦੇ ਅਨੁਸਾਰ ਐਮਐਸਪੀ ਦੀ ਕਾਨੰਨਨ ਗਰੰਟੀ, ਸਮੁੱਚੀਆਂ ਫਸਲਾਂ ਦੀ ਖਰੀਦ ਯਕੀਨੀ ਬਨਾਉਣ, ਕਿਸਾਨ ਅੰਦੋਲਨ ਦੌਰਾਨ ਸਮੁੱਚੇ ਮੁਲਕ ਅੰਦਰ ਦਰਜ ਪੁਲਿਸ ਕੇਸ ਵਾਪਸ ਲੈਣ, ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਨੌਕਰੀ ਅਤੇ ਮੁਆਵਜ਼ਾ ਦੇਣ ਆਦਿ ਮੰਗਾਂ ਪੂਰੀਆਂ ਕਰਨ ਦੀ ਜੋਰਦਾਰ ਮੰਗ ਕੀਤੀ। 14 ਫਰਬਰੀ ਨੂੰ ਪਾਵਰਕੌਮ ਦੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਦੀ ਵਿਓਂਤਬੰਦੀ ਉਲੀਕਣ ਲਈ ਸਰਕਲ ਪੱਧਰੀ ਧੂਰੀ ਵਿਖੇ ਹੋ ਰਹੀ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।