ਭਾਜਪਾ ਉਮੀਦਵਾਰ ਰਾਣਾ ਸੋਢੀ ਨੇ ਉਡਾਈ ਪਤੰਗ, ਲੋਕਾਂ ਨੂੰ ਆਪਸੀ ਪਿਆਰ ਨਾਲ ਰਹਿਣ ਦਾ ਦਿੱਤਾ ਸੁਨੇਹਾ
- ਸ਼ਹਿਰ-ਛਾਉਣੀ ‘ਚ ਵੱਖ-ਵੱਖ ਘਰਾਂ ਦੀਆਂ ਛੱਤਾਂ ‘ਤੇ ਪਹੁੰਚੇ ਰਾਣਾ, ਲੜਾਏ ਪਤੰਗਾਂ ਦੇ ਪੇਚੇ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 5 ਫਰਵਰੀ 2022
ਬਸੰਤ ਪੰਚਮੀ ਦੇ ਮੌਕੇ ‘ਤੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਨੀਵਾਰ ਨੂੰ ਸ਼ਹਿਰ-ਛਾਉਣੀ ਦੇ ਵੱਖ-ਵੱਖ ਘਰਾਂ ਦੀਆਂ ਛੱਤਾਂ ‘ਤੇ ਪਤੰਗਾਂ ਉਡਾਈਆਂ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਬਸੰਤ ਰੁੱਤ ਦੀ ਵਧਾਈ ਦਿੰਦੇ ਹੋਏ ਇਹ ਤਿਉਹਾਰ ਆਪਸੀ ਪਿਆਰ ਅਤੇ ਸਦਭਾਵਨਾ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੀ ਬਸੰਤ ਦੁਨੀਆਂ ਭਰ ਵਿੱਚ ਮਸ਼ਹੂਰ ਹੈ ਅਤੇ ਦੇਸ਼-ਵਿਦੇਸ਼ ਤੋਂ ਲੋਕ ਇੱਥੇ ਪਤੰਗ ਉਡਾਉਣ ਲਈ ਆਉਂਦੇ ਹਨ। ਉਸ ਨੇ ਦੱਸਿਆ ਕਿ ਜਵਾਨੀ ਵਿੱਚ ਉਹ ਵੀ ਬਹੁਤ ਪਤੰਗ ਉਡਾਇਆ ਕਰਦੇ ਸਨ ਅਤੇ ਹੁਣ ਮੁੜ ਪਤੰਗ ਉਡਾ ਕੇ ਆਪਣੇ ਪੁਰਾਣੇ ਦਿਨ ਯਾਦ ਕਰ ਲਏ ਹਨ।
ਰਾਣਾ ਸੋਢੀ ਨੇ ਬਸੰਤ ਦਾ ਤਿਉਹਾਰ ਝੁੱਗੀਆਂ ਦੇ ਬੱਚਿਆਂ ਨਾਲ ਮਨਾਇਆ ਅਤੇ ਵੀਰ ਹਕੀਕਤ ਰਾਏ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸ਼ਹੀਦ ਸਾਡੇ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਛਾਉਣੀ ਦੀ ਗਲੀ ਨੰਬਰ 6, ਕੁੰਮਹਾਰ ਮੰਡੀ, ਕਬਾੜੀ ਬਾਜ਼ਾਰ, ਸੁੰਦਰ ਨਗਰ, ਸੂਜੀ ਬਾਜ਼ਾਰ ਸਮੇਤ ਸ਼ਹਿਰ ਦੇ ਜੰਡੀ ਮੁਹੱਲਾ, ਹੀਰਾ ਮੰਡੀ, ਕਿੱਲਿਆਂਵਾਲੀ ਗਲੀ, ਅੰਮ੍ਰਿਤਸਰ ਗੇਟ, ਗਲੀ ਨਹੋਰੀਆ, ਅਜੀਤ ਨਗਰ, ਸੰਤ ਲਾਲ ਰੋਡ, ਬੈਂਕ ਕਲੋਨੀ ਆਦਿ ਦਾ ਦੌਰਾ ਕੀਤਾ। ਰਾਣਾ ਸੋਢੀ ਨੇ ਧਾਗੇ ਦੀ ਡੋਰ ਨਾਲ ਕਾਫੀ ਕਾਫੀ ਪੇਚੇ ਲੜਾਏ ਅਤੇ ਸਮਰਥਕਾਂ ਨਾਲ ਵੋਹ ਕਾਟਾ ਵਰਗੇ ਸ਼ਬਦਾਂ ਰਾਹੀਂ ਸਾਰਿਆਂ ਨਾਲ ਬਸੰਤ ਪੰਚਮੀ ਦਾ ਆਨੰਦ ਮਾਣਿਆ।
ਰਾਣਾ ਨੇ ਕਿਹਾ ਕਿ ਜਿਸ ਤਰ੍ਹਾਂ ਪਤੰਗ ਡੋਰ ਦੇ ਢਿੱਲੇ ਪੈਣ ਨਾਲ ਉੱਚੀ ਉੱਠਦੀ ਹੈ, ਉਸੇ ਤਰ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਦੇ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬ ਵਿੱਚ ਭਾਜਪਾ ਦੀ ਜਿੱਤ ਹੋਵੇ ਅਤੇ ਪੰਜਾਬ ਤਰੱਕੀ ਦੀ ਰਾਹ ‘ਤੇ ਤੁਰੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜਾਰੀ ਕੀਤਾ ਗਿਆ 11 ਸੂਤਰੀ ਏਜੰਡਾ ਸਾਰੇ ਵਰਗਾਂ ਦੇ ਹਿੱਤ ਵਿੱਚ ਹੈ ਅਤੇ ਪਾਰਟੀ ਇਸ ’ਤੇ ਖਰੀ ਉਤਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ, ਉਦਯੋਗਾਂ ਨੂੰ ਪ੍ਰਫੁੱਲਤ ਕਰਨ, ਖੇਤੀਬਾੜੀ ਨੂੰ ਸੁਰੱਖਿਆ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਤੋਂ ਇਲਾਵਾ, ਹੁਨਰ ਦੇਣ ਵਰਗੇ ਅਹਿਮ ਮੁੱਦੇ ਹਨ।