ਹਿੰਦੂ ਸਮਾਜ ਦੇ ਪ੍ਰਤੀਨਿਧੀਆਂ ਨੇ ਕਿਹਾ, ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਠੇਸ, ਬਰਨਾਲਾ ‘ਚ ਕੀਤੀ ਨਾਅਰੇਬਾਜੀ
ਹਰਿੰਦਰ ਨਿੱਕਾ, ਬਰਨਾਲਾ 2 ਫਰਵਰੀ 2022
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਤਪਾ ਦੀ ਐਸ.ਡੀ.ਐਮ/ਰਿਟਰਨਿੰਗ ਅਫਸਰ ਕੋਲ ਵਿਧਾਨ ਸਭਾ ਹਲਕਾ ਭਦੌੜ ਤੋਂ ਆਪਣੇ ਨਾਮਜ਼ਦਗੀ ਪੱਤਰ ਭਰਨ ਉਪਰੰਤ ਮੀਡੀਆ ਵਿੱਚ ਸੁਦਾਮਾ ਬਣਕੇ ਆਉਣ ਅਤੇ ਕ੍ਰਿਸ਼ਨ ਬਣਾ ਕੇ ਭੇਜ਼ਣ ਲਈ ਦਿੱਤੇ ਬਿਆਨ ਤੋਂ ਹਿੰਦੂਆਂ ਵਿੱਚ ਰੋਸ ਫੈਲ ਗਿਆ ਹੈ। ਹਿੰਦੂ ਸਮਾਜ ਦੇ ਪ੍ਰਤੀਨਿਧੀਆਂ ਨੇ ਅੱਜ ਬਰਨਾਲਾ ਵਿੱਚ ਮੁੱਖ ਮਤਰੀ ਚੰਨੀ ਦੇ ਬਿਆਨ ਦੀ ਨਿੰਦਿਆਂ ਕਰਦਿਆਂ, ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਧਰਮ ਬਚਾਓ ਮੋਰਚਾ ਪੰਜਾਬ , ਜ਼ਿਲ੍ਹਾ ਬਰਨਾਲਾ ਦੇ ਸੰਯੋਜਕ ਸੁਖਵਿੰਦਰ ਸਿੰਘ ਭੰਡਾਰੀ, ਸਹਿ-ਸੰਯੋਜਕ ਅਵਤਾਰ ਸਿੰਘ ਬਰਨਾਲਾ ਅਤੇ ਦਰਸ਼ਨ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਦੇ ਅਧਾਰ ਤੇ ਇੱਕ ਪੰਜਾਬੀ ਅਖਬਾਰ ਵਿੱਚ ਪ੍ਰਕਾਸ਼ਿਤ ਖਬਰ ਅਨੁਸਾਰ ਉਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ” ਮੈਂ ਤਾਂ ਸੁਦਾਮਾ ਬਣ ਕੇ ਮਾਲਵੇ ਦੇ ਲੋਕਾਂ ਦੇ ਦਰ ਤੇ ਆਇਆਂ ਹਾਂ, ਅੱਗੇ ਕ੍ਰਿਸ਼ਨ ਬਣਾ ਕੇ ਭੇਜਣਾ ਉਨ੍ਹਾਂ ਦੀ ਜਿੰਮੇਵਾਰੀ ਹੈ ।
ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ”ਚੰਨੀ ਦੇ ਉਕਤ ਬਿਆਨ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਲੱਗੀ ਹੈ। ਉਨ੍ਹਾਂ ਨੇ ਚੰਨੀ ਦੇ ਇਸ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਉਹ ਚੰਨੀ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਬਿਆਨਬਾਜੀ ਤੇ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਕਰੋੜਪਤੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰਿਆ ਚੰਨੀ, ਸੁਦਾਮਾ ਕਿਵੇਂ ਹੋਇਆ !
ਧਰਮ ਬਚਾੳ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸੁਦਾਮਾ ਇੱਕ ਸਬਰ ਸੰਤੋਖ਼ ਵਾਲਾ ,ਵਿਦਵਾਨ ਅਤੇ ਗਰੀਬ ਬ੍ਰਾਹਮਣ ਸੀ। ਜਿਹੜਾ ਕਿ ਇੱਕ ਫਟੀ ਪੁਰਾਣੀ ਧੋਤੀ ਪਹਿਨ ਕੇ ਨੰਗੇ ਪੈਂਰੀ ਚੱਲ ਕੇ ਮਥੁਰਾ ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲਣ ਲਈ ਪਹੁੰਚਿਆ ਸੀ । ਦੂਸਰੇ ਪਾਸੇ ਮੁੱਖ ਮੰਤਰੀ ਚੰਨੀ ਹੈ,ਜਿਹੜਾ ਵੋਟਾਂ ਮੰਗ ਕੇ ਆਪਣੀ ਤੁਲਨਾ ਸੁਦਾਮਾ ਨਾਲ ਅਤੇ ਜਿੱਤ ਉਪਰੰਤ ਭਗਵਾਨ ਕ੍ਰਿਸ਼ਨ ਨਾਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਮੁੱਖ ਮੰਤਰੀ ਦੇ ਭਾਣਜੇ ਕੋਲੋਂ 10 ਕਰੋੜ ਰੁਪਏ ਤੋਂ ਵੱਧ ਦੀ ਨਗਦੀ ਅਤੇ ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ ਦੇ ਕਾਗਜ਼ਾਤ ਬਰਾਮਦ ਹੋਏ ਹੋਣ ਅਤੇ ਜਿਸ ਨੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਜਿਆਦਾਤਰ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਮੂਰਖ ਬਣਾਇਆ ਹੋਵੇ, ਉਹ ਆਪਣੀ ਤੁਲਨਾ ਇੱਕ ਦਰਵੇਸ਼ ਬ੍ਰਾਹਮਣ ਸੁਦਾਮਾ ਅਤੇ ਭਗਵਾਨ ਕ੍ਰ੍ਰਿਸ਼ਨ ਨਾਲ ਕਿਵੇਂ ਕਰ ਸਕਦਾ ਹੈ।
ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਆਪਣੇ ਵੱਲੋਂ ਦਿੱਤੇ ਇਤਰਾਜ਼ਯੋਗ ਬਿਆਨ ਕਾਰਨ ਸਮੁੱਚੇ ਹਿੰਦੂ ਸਮਾਜ ਤੋਂ ਬਿਨਾਂ ਦੇਰੀ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਹਿੰਦੂ ਸਮਾਜ ਚੰਨੀ, ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਪਰਚਾ ਦਰਜ਼ ਕਰਵਾਉਣ ਲਈ ਮਜਬੂਰ ਹੋਵੇਗਾ । ਇਸ ਮੌਕੇ ਹਿੰਦੂ ਸਮਾਜ ਦੇ ਪ੍ਰਤੀਨਿਧੀ ਨੰਦ ਕਿਸ਼ੋਰ, ਹਰਪ੍ਰੀਤ ਸੋਬਤੀ, ਸ਼ਮਸ਼ੇਰ ਭੰਡਾਰੀ, ਇੰਦਰਜੀਤ ਸਿੰਘ, ਕੇਵਲ ਕ੍ਰਿਸ਼ਨ ਗਰਗ ਅਤੇ ਹੇਮ ਰਾਜ ਵਰਮਾ ਆਦਿ ਹਾਜ਼ਰ ਸਨ।