ਕੋਵਿਡ ਪਾਬੰਦੀਆਂ ਵਿਚ 8 ਫਰਵਰੀ ਤੱਕ ਦਾ ਵਾਧਾ: ਜ਼ਿਲਾ ਮੈਜਿਸਟ੍ਰੇਟ

Advertisement
Spread information

ਕੋਵਿਡ ਪਾਬੰਦੀਆਂ ਵਿਚ 8 ਫਰਵਰੀ ਤੱਕ ਦਾ ਵਾਧਾ: ਜ਼ਿਲਾ ਮੈਜਿਸਟ੍ਰੇਟ


ਸੋਨੀ ਪਨੇਸਰ,ਬਰਨਾਲਾ, 2 ਫਰਵਰੀ 2022
ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਸੋਧੀਆਂ ਕੋਵਿਡ ਪਾਬੰਦੀਆਂ 8 ਫਰਵਰੀ 2022 ਤੱਕ ਵਧਾ ਦਿੱਤੀਆਂ ਹਨ। ਪਾਬੰਦੀਆਂ ਅਨੁਸਾਰ ਜਨਤਕ ਥਾਵਾਂ ’ਤੇ ਮਾਸਕ ਪਾਉਣਾ ਅਤੇ 6 ਫੁੱਟ ਦੀ ਦੂਰੀ ਦੇ ਨਿਯਮ ਨੂੰ ਲਾਗੂ ਕੀਤਾ ਗਿਆ ਹੈ। ਰਾਤ 10 ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿਚ ਗ਼ੈਰ ਜ਼ਰੂਰੀ ਗਤੀਵਿਧੀਆਂ ’ਤੇ ਰੋਕ ਰਹੇਗੀ, ਹਾਲਾਂਕਿ ਜ਼ਰੂਰੀ ਸੇਵਾਵਾਂ ਨੂੰ ਇਸ ਤੋਂ ਛੋਟ ਹੋਵੇਗੀ।
  ਪਾਬੰਦੀਆਂ ਅਨੁਸਾਰ ਹੁਣ ਅੰਦਰ (ਇੰਡੋਰ) ਵੱਧ ਤੋਂ ਵੱਧ 500 ਅਤੇ ਆਊਟਡੋਰ ਵਿਚ ਵੱਧ ਤੋਂ ਵੱਧ 1000 ਵਿਅਕਤੀਆਂ ਦੇ ਇੱਕਠ ਕਰਨ ਦੀ ਛੋਟ ਹੋਵੇਗੀ, ਪਰ ਇਹ ਇਕੱਠ ਉਪਲਬੱਧ ਥਾਂ ਦੀ ਸਮੱਰਥਾ ਤੋਂ 50 ਫੀਸਦੀ ਤੋਂ ਵੱਧ ਨਾ ਹੋਵੇ। ਇੱਕਠ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਲਾਜ਼ਮੀ ਹੋਵੇਗੀ।
  ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਤੇ ਕੋਚਿੰਗ ਸੰਸਥਾਨ ਬੰਦ ਰਹਿਣਗੇ, ਪਰ ਆਨਲਾਈਨ ਵਿਧੀ ਨਾਲ ਪੜਾਈ ਜਾਰੀ ਰਹੇਗੀ। ਮੈਡੀਕਲ ਅਤੇ ਨਰਸਿੰਗ ਕਾਲਜ ਆਮ ਵਾਂਗ ਖੁੱਲ ਸਕਣਗੇ।
  ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾਅ, ਜਿਮ, ਸਪੋਰਟਸ ਕੰਪਲੈਕਸ, ਮਿਉਜ਼ੀਅਮ, ਚਿੜੀਆਘਰ 50 ਫ਼ੀਸਦੀ ਸਮੱਰਥਾ ਨਾਲ ਖੁੱਲ ਸਕਦੇ ਹਨ, ਪਰ ਸਾਰਾ ਸਟਾਫ ਵੈਕਸੀਨੇਟਡ ਹੋਵੇ। ਏਸੀ ਬੱਸਾਂ 50 ਫੀਸਦੀ ਸਵਾਰੀਆਂ ਨਾਲ ਹੀ ਚੱਲ ਸਕਦੀਆਂ ਹਨ।
   ਬਿਨਾਂ ਮਾਸਕ ਤੋਂ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਦਫਤਰਾਂ ਜਾਂ ਪ੍ਰਾਈਵੇਟ ਦਫਤਰਾਂ ਤੋਂ ਸੇਵਾ ਉਪਲਬੱਧ ਨਹੀਂ ਹੋ ਸਕੇਗੀ। ਜ਼ਿਲੇ ਤੋਂ ਬਾਹਰ ਤੋਂ ਆਉਣ ਵਾਲੇ ਲੋਕ ਪੂਰੀ ਤਰਾਂ ਵੈਕਸੀਨੇਟਡ ਹੋਣ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ 15 ਸਾਲ ਤੋਂ ਵੱਡੀ ਉਮਰ ਦੇ ਵਿਦਿਆਰਥੀਆਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ। ਇਸ ਤੋਂ ਬਿਨਾਂ ਸਾਰੇ ਵਿਭਾਗਾਂ ਨੂੰ ਕੋਵਿਡ ਪ੍ਰੋਟੋਕਾਲ ਪਾਲਣ ਦੀ ਹਦਾਇਤ ਕੀਤੀ ਗਈ ਹੈ। ਇਨਾਂ ਹਦਾਇਤਾਂ ਦੀ ਉਲਘਣਾ ਕਰਨ ’ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।   

Advertisement
Advertisement
Advertisement
Advertisement
Advertisement
error: Content is protected !!