ਡੇਰਾ ਸਿਰਸਾ ਪ੍ਰੇਮੀਆਂ ਨੇ ‘ਮੁੱਛ ਦਾ ਸਵਾਲ’ ਬਣਾਈ ਜੱਸੀ ਦੀ ਚੋਣ
ਅਸ਼ੋਕ ਵਰਮਾ,ਬਠਿੰਡਾ, 1 ਫਰਵਰੀ 2022
ਡੇਰਾ ਸੱਚਾ ਸੌਦਾ ਸਰਸਾ ਦੇ ਪੈਰੋਕਾਰਾਂ ਨੇ ਹਲਕਾ ਤਲਵੰਡੀ ’ਚ ਕਾਂਗਰਸ ਤੋਂ ਬਾਗੀ ਹੋਕੇ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ’ਚ ਉੱਤਰੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੀ ਚੋਣ ਨੂੰ ‘ਮੁੱਛ ਦਾ ਸਵਾਲ’ ਬਣਾ ਲਿਆ ਹੈ। ਜੱਸੀ ਡੇਰਾ ਸਿਰਸਾ ਦੇ ਮੌਜਦਾ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਹਨ। ਇਸ ਹਲਕੇ ’ਚ ਕਾਂਗਰਸ ਦਾ ਆਫੀਸ਼ੀਅਲ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਹੈ ਜਦੋਂਕਿ ਆਮ ਆਦਮੀ ਪਾਰਟੀ,ਭਾਜਪਾ,ਅਕਾਲੀ ਦਲ ਅਤੇ ਸੰਯੁਕਤ ਸਮਾਜ ਮੋਰਚੇ ਵਰਗੀਆਂ ਧਿਰਾਂ ਵੀ ਚੋਣ ਮੈਦਾਨ ਵਿਚ ਹਨ। ਦਰਅਸਲ ਇਸ ਹਲਕੇ ਦਾ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਸੀ। ਕੁੱਝ ਸਮਾਂ ਪਹਿਲਾਂ ਜੱਸੀ ਨੇ ਹਲਕੇ ’ਚ ਵਿਚਰਨਾ ਸ਼ੁਰੂ ਕੀਤਾ ਤਾਂ ਜਟਾਣਾ ਸਮਰਥਕਾਂ ਨੇ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ ਸੀ।
ਇਸੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਮਾ ਮੰਡੀ ’ਚ ਰੈਲੀ ਰੱਖ ਲਈ ਜਿਸ ਦੇ ਇੰਤਜ਼ਾਮ ਦੇਖਣ ਲਈ ਮੌਕੇ ਤੇ ਪੁੱਜੇ ਜੱਸੀ ਅਤੇ ਜਟਾਣਾ ਦੇ ਸਮਰਥਕ ਆਹਮੋ ਸਾਹਮਣੇ ਹੋ ਗਏ ਸਨ ਜਿੱਥੋਂ ਇਸ ਦਵੰਦ ਯੁੱਧ ਦਾ ਮੁੱਢ ਬੱਝਿਆ ਹੈ। ਪਤਾ ਲੱਗਿਆ ਹੈ ਕਿ ਇਸ ਮੌਕੇ ਕੁੱਝ ਲੋਕਾਂ ਨੇ ਜੱਸੀ ਨੂੰ ਡੇਰਾ ਮੁਖੀ ਨਾਲ ਜੋੜਕੇ ਭੱਦੀ ਸ਼ਬਦਾਵਲੀ ਵਰਤੀ ਜੋ ਜੱਸੀ ਹਮਾਇਤੀਆਂ ਖਾਸ ਤੌਰ ਤੇ ਡੇਰਾ ਪੈਰੋਕਾਰਾਂ ’ਚ ਰੋਸ ਦਾ ਸਬੱਬ ਬਣ ਗਈ । ਜਦੋਂ ਕਾਂਗਰਸ ਪਾਰਟੀ ਨੇ ਜਟਾਣਾ ਨੂੰ ਉਮੀਦਵਾਰ ਬਣਾ ਲਿਆ ਅਤੇ ਕਾਂਗਰਸ ਦੀ ਟਿਕਟ ਦੇ ਦਾਅਵੇਦਾਰਾਂ ਵਿੱਚੋਂ ਇੱਕ ਜੱਸੀ ਨੂੰ ਦਰਕਿਨਾਰ ਕਰ ਦਿੱਤਾ ਤਾਂ ਰੋਹ ’ਚ ਆਏ ਜੱਸੀ ਸਮਰਥਕਾਂ ਨੇ ਇਸ ਕਾਂਗਰਸੀ ਆਗੂ ਤੇ ਅਜਾਦ ਚੋਣ ਲੜਨ ਲਈ ਦਬਾਅ ਬਨਾਉਣਾ ਸ਼ੁਰੂ ਕਰ ਦਿੱਤਾ।
ਜੱਸੀ ਨੂੰ ਆਸ ਸੀ ਕਿ ਪਾਰਟੀ ਉਨਾਂ ਦੀ ਸੁਣੇਗੀ ਜਿਸ ਦੇ ਪੂਰੀ ਨਾਂ ਹੋਣ ਤੇ ਆਪਣੇ ਹਮਾਇਤੀਆਂ ਤੇ ਡੇਰਾ ਪੈਰੋਕਾਰਾਂ ਦੇ ਦਬਾਅ ਹੇਠ ਅਜਾਦ ਉਮੀਦਵਾਰ ਵਜੋਂ ਮੈਦਾਨ ’ਚ ਕੁੱਦਣਾ ਪਿਆ। ਤਲਵੰਡੀ ਹਲਕੇ ’ਚ ਜੱਸੀ ਦੀ ਪ੍ਰਚਾਰ ਮੁਹਿੰਮ ਦਾ ਮੁਲਾਂਕਣ ਕਰਨ ਉਪਰੰਤ ਇਹ ਤੱਥ ਸਾਹਮਣੇ ਆਏ ਹਨ ਕਿ ਡੇਰਾ ਪੈਰੋਕਾਰ ਜੱਸੀ ਦੀ ਪੂਰੀ ਤਰਾਂ ਪਿੱਠ ਤੇ ਹਨ। ਹਲਕੇ ’ਚ ਚੋਣ ਮੈਨੇਜਮੈਂਟ ਚਲਾ ਰਹੇ ਆਗੂਆਂ ਨੇ ਇਸ ਮੁੱਦੇ ਤੇ ਚੁੱਪ ਧਾਰੀ ਹੋਈ ਹੈ ਪਰ ਹਕੀਕਤ ’ਚ ਜੱਸੀ ਦੇ ਆਪਣੇ ਪ੍ਰਭਾਵ ਵਾਲੇ ਲੋਕਾਂ ਅਤੇ ਡੇਰਾ ਪ੍ਰੇਮੀਆਂ ਨੇ ਚੋਣ ਪ੍ਰਚਾਰ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਜੱਸੀ ਪ੍ਰੀਵਾਰ ਦੇ ਨਾਲ ਮਿਲਕੇ ਡੇਰੇ ਨਾਲ ਸਬੰਧਤ ਔਰਤ ਆਗੂ ਵੀ ਵੋਟਰਾਂ ਤੱਕ ਪਹੁੰਚ ਕਰ ਰਹੀਆਂ ਹਨ।
ਵੱਡੀ ਗੱਲ ਹੈ ਕਿ ਡੇਰਾ ਆਗੂਆਂ ਵੱਲੋਂ ਪਿੰਡਾਂ ਕਸਬਿਆਂ ’ਚ ਡੇਰਾ ਪ੍ਰੇਮੀਆਂ ਦੇ ਘਰਾਂ ’ਚ ਜੱਸੀ ਦੇ ਹੱਕ ਵਿੱਚ ਦਸਤਕ ਦਿੱਤੀ ਜਾ ਰਹੀ ਹੈ । ਇੰਨਾਂ ਫੇਰੀਆਂ ਮੌਕੇ ਜੇਕਰ ਕਿਸੇ ਪ੍ਰੀਵਾਰ ਦੀ ਕੋਈ ਨਰਾਜ਼ਗੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਪੂਰੀ ਤਾਂ ਦੂਰ ਕੀਤਾ ਜਾ ਰਿਹਾ ਹੈ। ਡੇਰਾ ਆਗੂਆਂ ਦੀ ਘਰ ਘਰ ਦਸਤਕ ਪੈਰੋਕਾਰਾਂ ਤੇ ਚੰਗਾ ਅਸਰ ਪਾਉਣ ਵਾਲੀ ਦੱਸੀ ਜਾ ਰਹੀ ਹੈ। ਵਿਸ਼ੇਸ਼ ਪਹਿਲੂ ਇਹ ਵੀ ਹੈ ਕਿ ਡੇਰਾ ਆਗੂਆਂ ਵੱਲੋਂ ਬਿਨਾਂ ਨਾਗਾ ਇਸ ਚੋਣ ਪ੍ਰਚਾਰ ਮੁਹਿੰਮ ਦਾ ਬਰੀਕੀ ਨਾਲ ਜਾਇਜਾ ਲਿਆ ਜਾ ਰਿਹਾ ਹੈ। ਬਕਾਇਦਾ ਪ੍ਰਚਾਰ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਜਿਸ ਦੀ ਜੱਸੀ ਖੁਦ ਵੀ ਪੁਣਛਾਣ ਵੀ ਕਰਦੇ ਹਨ ਅਤੇ ਉਨਾਂ ਦੇ ਇੱਕ ਬੇਹੱਦ ਨਜ਼ਦੀਕੀ ਵੱਲੋਂ ਵੀ ਡੂੰਘਾਈ ਨਾਲ ਝਾਤੀ ਮਾਰੀ ਜਾਂਦੀ ਹੈ।
ਇਸ ਦੇ ਅਧਾਰ ਤੇ ਅਗਲੇ ਦਿਨ ਦੇ ਪ੍ਰਚਾਰ ਦਾ ਏਜੰਡਾ ਤੈਅ ਕੀਤਾ ਜਾਂਦਾ ਹੈ। ਇਸ ਤੋਂ ਜਾਹਰ ਹੈ ਕਿ ਡੇਰਾ ਸਿਰਸਾ ਜੱਸੀ ਦੀ ਚੋਣ ਨੂੰ ਕਿੰਨੀ ਸੰਜੀਦਗੀ ਨਾਲ ਲੈ ਰਿਹਾ ਹੈ। ਸਾਲ 2007 ’ਚ ਬਠਿੰਡਾ ਵਾਂਗ ਪੂਰੇ ਅਨੁਸ਼ਾਸ਼ਨ ’ਚ ਰਹਿਕੇ ਚਲਾਈ ਜਾ ਰਹੀ ਇਸ ਮੁਹਿੰਮ ਕਾਰਨ ਹਲਕੇ ’ਚ ਮੁਕਾਬਲਾ ਅਗੇਤਾ ਹੀ ਰੌਚਕ ਬਣਨ ਲੱਗਿਆ ਹੈ। ਤਲਵੰਡੀ ਹਲਕੇ ’ਚ ਡੇਰਾ ਪ੍ਰੇਮੀਆਂ ਦੀ 25 ਤੋਂ 30 ਹਜਾਰ ਵੋਟ ਹੈ ਜੋ ਸਿਆਸੀ ਤਵਾਜ਼ਨ ਵਿਗਾੜਨ ਦੇ ਸਮਰੱਥ ਹੈ। ਪਿਛਨਂ ਵਾਰ ਕਈ ਮੋਹਰੀ ਡੇਰਾ ਪ੍ਰੇਮੀ ਆਪ ਉਮੀਦਵਾਰ ਦੀ ਪ੍ਰਚਾਰ ਮੁਹਿੰਮ ’ਚ ਸ਼ਾਮਲ ਸਨ। ਅਕਾਲੀ ਅਤੇ ਕਾਂਗਰਸੀ ਉਮੀਦਵਾਰਾਂ ਨਾਲ ਵੀ ਡੇਰਾ ਪੈਰੋਕਾਰਾਂ ਦੇ ਚੰਗੇ ਸਬੰਧ ਰਹੇ ਹਨ। ਚੋਣ ਲੜ ਰਹੇ ਆਗੂ ਹਾਲੇ ਆਪਣੇ ਪੱਤੇ ਨਹੀਂ ਖੋਹਲ ਰਹੇ ਪਰ ਧੜਕਣਾਂ ਸਭ ਦੀਆਂ ਤੇਜ਼ ਦੱਸੀਆਂ ਜਾ ਰਹੀਆਂ ਹਨ। ਹਰਮਿੰਦਰ ਜੱਸੀ ਦਾ ਸਿਆਸੀ ਸਫਰ ਸਾਲ 1992 ਦੀਆਂ ਚੋਣਾਂ ਮੌਕੇ ਅਕਾਲੀ ਦਲ ਦੇ ਬਾਈਕਾਟ ਦੌਰਾਨ ਜੱਸੀ ਨੇ ਬਸਪਾ ਉਮੀਦਵਾਰ ਨੂੰ 992 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸਾਲ 1997 ਵਿਚ ਇੱਕ ਵਾਰ ਫਿਰ ਕਾਂਗਰਸੀ ਉਮੀਦਵਾਰ ਵਜੋਂ ਜੱਸੀ ਅਕਾਲੀ ਦਲ ਤਰਫੋਂ ਚੋਣ ਲੜੇ ਜੀਤਮੋਹਿੰਦਰ ਸਿੰਘ ਸਿੱਧੂ ਨੂੰ 3173 ਵੋਟਾਂ ਨਾਲ ਹਰਾਉਣ ’ਚ ਸਫਲ ਰਿਹਾ ਸੀ। ਸਾਲ 2002 ‘ਚ ਸਿੱਧੂ ਨੇ ਅਕਾਲੀ ਦਲ ਤੋਂ ਬਾਗੀ ਹੋ ਕੇ ਅਜ਼ਾਦ ਚੋਣ ਲੜੀ ਸੀ ਤਾਂ ਉਹ ਪੂਰੀ ਜੱਦੋਜਹਿਦ ਦੇ ਬਾਵਜੂਦ ਜੱਸੀ ਨੂੰ ਮਸਾਂ 237 ਵੋਟਾਂ ਦੇ ਮਾਮੂਲੀ ਫਰਕ ਨਾਲ ਮਸਾਂ ਹਰਾ ਸਕਿਆ ਸੀ। ਸਾਲ 2007 ’ਚ ਜੱਸੀ ਬਠਿੰਡਾ ਤੋਂ ਚੋਣ ਜਿੱਤੇ ਅਤੇ 2012 ’ਚ ਹਾਰ ਗਏ ਸਨ ਜਦੋਂਕਿ 2017 ’ਚ ਹਲਕਾ ਮੌੜ ਤੋਂ ਸਫਲਤਾ ਨਹੀਂ ਮਿਲੀ ਸੀ। ਅਜਿਹੇ ਹਾਲਾਤਾਂ ਦਰਮਿਆਨ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਤਲਵੰਡੀ ਸਾਬੋ ਤੇ ਟਿਕੀਆਂ ਹੋਈਆਂ ਹਨ।