ਕੇਜਰੀਵਾਲ ਨੂੰ ਦਿੱਲੀ ਦਾ ਫੇਲ੍ਹ ਮਾਡਲ ਪੰਜਾਬ ਵਿਚ ਲਾਗੂ ਕਰਨ ਦਾ ਮੌਕਾ ਨਹੀਂ ਦੇਣਗੇ ਪੰਜਾਬੀ: ਸੁਖਬੀਰ ਸਿੰਘ ਬਾਦਲ
ਪਟਿਆਲਾ,ਰਾਜੇਸ਼ ਗੌਤਮ, 30 ਜਨਵਰੀ 2022
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬੀ ਕਦੇ ਵੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੁੰ ਦਿੱਲੀ ਦਾ ਫੇਲ੍ਹ ਮਾਡਲ ਪੰਜਾਬ ਵਿਚ ਲਾਗੂ ਕਰਨ ਦਾ ਮੌਕਾ ਨਹੀਂ ਦੇਣਗੇ।
ਇਥੇ ਪਟਿਆਲਾ ਦਿਹਾਤੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੀ ਰਿਹਾਇਸ਼ ’ਤੇ ਅਨੇਕਾਂ ਸਰਪੰਚਾਂ ਤੇ ਸੀਨੀਅਰ ਆਗੂਆਂ ਸਮੇਤ 200 ਤੋਂ ਜ਼ਿਆਦਾ ਕਾਂਗਰਸੀਆਂ ਨੁੰ ਅਕਾਲੀ ਦਲ ਵਿਚ ਸ਼ਾਮਲ ਕਰਨ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਦਾ ਦਿੱਲੀ ਮਾਡਲ ਪੰਜਾਬ ਵਿਚ ਲਾਗੂ ਕਰਨ ਦਾ ਮਤਲਬ ਹੋਵੇਗਾ ਕਿ ਖੇਤੀਬਾੜੀ ਸੈਕਟਰ ਲਈ ਬਿਜਲੀ ਸਪਲਾਈ ਦੇ ਕਿਸਾਨਾਂ ਤੋਂ ਪੈਸੇ ਵਸੂਲ ਕਰਨੇ ਅਤੇ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਬਿਜਲੀ ਯੋਜਨਾ ਬੰਦ ਕਰ ਦੇਣਗੀ। ਇਸਦਾ ਇਹ ਮਤਲਬ ਵੀ ਹੋਵੇਗਾ ਕਿ ਘਰੇਲੂ ਤੇ ਉਦਯੋਗਿਕ ਖੇਤਰ ਵਾਸਤੇ ਬਿਜਲੀ 13 ਰੁਪਏ ਪ੍ਰਤੀ ਯੁਨਿਟ ਦੇਣੀ। ਉਹਨਾਂ ਸਵਾਲ ਕੀਤਾ ਕਿ ਕੀ ਅਸੀਂ ਇਹ ਚਾਹੁੰਦੇ ਹਾਂ ? ਉਹਨਾਂ ਕਿਹਾ ਕਿ ਹੁਣ ਮੌਕਾ ਹੈ ਕਿ ਕੇਜਰੀਵਾਲ ਨੂੰ ਨਾਂਹ ਕਹਿ ਕੇ ਸੂੁਬੇ ਨੁੰ ਮੁੜ ਲੀਹ ’ਤੇ ਲਿਆਂਦਾ ਜਾਵੇ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਸ੍ਰੀ ਕੇਜਰੀਵਾਲ ਨੇ ਹਮੇਸ਼ਾ ਅਹਿਮ ਮੁੱਦਿਆਂ ’ਤੇ ਪੰਜਾਬ ਦੇ ਖਿਲਾਫ ਸਟੈਂਡ ਲਿਆ ਹੈ। ਭਾਵੇਂ ਉਹ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਜਾਂ ਦਿੱਲੀ ਨਾਲ ਸਾਂਝਾ ਕਰਨ ਦਾ ਮਾਮਲਾ ਹੋਵੇ, ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਜਾਂ ਫਿਰ ਪੰਜਾਬ ਦੇ ਕਿਸਾਨਾਂ ਖਿਲਾਫ ਪਰਾਲੀ ਸਾੜਨ ਦੇ ਕੇਸ ਦਰਜ ਕਰਨ ਦਾ ਮਾਮਲਾ ਹੋਵੇ, ਕੇਜਰੀਵਾਲ ਨੇ ਹਮੇਸ਼ਾ ਸੁਪਰੀਮ ਕੋਰਟ ਵਿਚ ਪੰਜਾਬੀਆਂ ਦੇ ਖਿਲਾਫ ਸਟੈਂਡ ਲਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਸੂਬੇ ਦੇ ਲੋਕਾਂ ਦੀਆਂ ਖੇਤਰੀ ਇੱਛਾਵਾਂ ਪੂਰੀਆਂ ਕਰ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਅੱਜ ਵੀ ਤੁਹਾਡੇ ਨਾਲ ਹਾਂ ਤੇ ਕੱਲ੍ਹ ਵੀ ਤੇ ਹਮੇਸ਼ਾ ਤੁਹਾਡੇ ਨਾਲ ਰਹਾਂਗੇ। ਕੇਜਰੀਵਾਲ ਪੰਜਾਬ ਵਿਚ ਸਿਰਫ ਤੁਹਾਡੀਆਂ ਵੋਟਾਂ ਲੈਣ ਆਇਆ ਹੈ। ਇਕ ਵਾਰ ਵੋਟਾਂ ਦਾ ਅਮਲ ਪੂਰਾ ਹੋ ਗਿਆ ਤਾਂ ਉਹ ਕਿਸੇ ਹੋਰ ਸੁਬੇ ਵਿਚ ਤੁਰਦਾ ਬਣੇਗਾ।
ਉਹਨਾਂ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਆਪ ਵੱਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ਦੇ ਝਾਂਸੇ ਵਿਚ ਨਾ ਆਉਣ। ਉਹਨਾਂ ਕਿਹਾ ਕਿ ਇਸ ਗੱਲ ਦੀ ਕੀ ਗਰੰਟੀ ਹੈ ਕਿ ਆਪ ਇਕ ਪਾਰਟੀ ਵਜੋਂ ਇਕਜੁੱਟ ਰਹੇਗੀ। ਉਹਨਾਂ ਕਿਹਾ ਕਿ ਪਹਿਲਾਂ ਤੁਸੀਂ ਵੇਖਿਆ ਹੈ ਕਿ ਇਸਦੇ 4 ਵਿਚੋਂ ਤਿੰਨ ਐਮ ਪੀ ਤੇ 20 ਵਿਚੋਂ 11 ਵਿਧਾਇਕ ਪਾਰਟੀ ਛੱਡ ਗਏ ਸਨ।
ਇਸ ਤੋਂ ਸਰਦਾਰ ਬਾਦਲ ਨੇ ਸੀਨੀਅਰ ਕਾਂਗਰਸੀ ਆਗੂ ਮਦਨ ਭਾਰਦਵਾਜ, ਯਾਦਵਿੰਦਰ ਕੌਰ ਜੱਸੋਵਾਲ ਸਰਪੰਚ ਜੱਸੋਵਾਲ, ਲਾਭ ਸਿੰਘ ਸਾਬਕਾ ਸਰਪੰਚ ਤੇ 200 ਤੋਂ ਵਧੇਰੇ ਕਾਂਗਰਸੀਆਂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਕਾਂਗਰਸ ਛੱਡ ਜਾਣ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਦਾ ਸੂਬੇ ਵਿਚ ਮੁਕੰਮਲ ਸਫਾਇਆ ਹੋਣ ਵਾਲਾ ਹੈ। ਪੰਜਾਬੀਆਂ ਦਾ ਕਾਂਗਰਸ ਪਾਰਟੀ ਤੋਂ ਵਿਸ਼ਵਾਸ ਉਠ ਗਿਆ ਹੈ ਕਿਉਂਕਿ ਇਸਨੇ ਝੁਠੇ ਵਾਅਦੇ ਕਰ ਕੇ ਲੋਕਾਂ ਨਾਲ ਧੋਖਾ ਕੀਤਾ। ਇਹੀ ਨਹੀਂ ਬਲਕਿ ਲੋਕ ਇਸਦੇ ਵਿਧਾਇਕਾਂ ਦੀਆਂ ਭ੍ਰਿਸ਼ਟ ਕਾਰਵਾਈਆਂ ਤੋਂ ਵੀ ਔਖੇ ਹਨ ਕਿਉਂਕਿ ਇਹਨਾਂ ਨੇ ਸ਼ਰਾਬ ਤੇ ਰੇਤ ਮਾਫੀਆ ਚਲਾਇਆ ਤੇ ਸੂਬੇ ਵਿਚ ਅਮਨ ਕਾਨੂੰਨ ਦੀ ਹਾਲਤ ਵਿਗਾੜੀ।
ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਮਦਨ ਭਾਰਦਵਾਜ ਆਲੋਵਾਲ ਸੀਨੀਅਰ ਕਾਂਗਰਸੀ ਆਗੂ, ਯਾਦਵਿੰਦਰ ਕੌਰ ਜੱਸੋਵਾਲ ਸਰਪੰਚ ਜੱਸੋਵਾਲ, ਸਰੀਤਾ ਗੈਰਾ ਸਾਬਕਾ ਐਮ ਸੀ, ਗੁਰਸ਼ਰਨ ਸਿੰਘ ਗਿੱਲ ਜ਼ਿਲ੍ਹਾ ਸਕੱਤਰ ਸੰਯੁਕਤ ਅਕਾਲੀ ਦਲ, ਲਾਭ ਸਿੰਘ ਸਾਬਕਾ ਸਰਪੰਚ ਹਿਆਣਾ ਕਲਾਂ, ਹੰਸਾ ਸਿੰਘ ਪੰਚ ਹਿਆਣਾ ਕਲਾਂ, ਸਤਿਗੁਰ ਸਿੰਘ ਪੰਚ, ਨਵੀਨ ਸੰਧੀਰ, ਅਸ਼ੋਕ ਕੁਮਾਰ ਚੋਪੜਾ, ਅਕਸ਼ੇ ਕੁਮਾਰ, ਸ਼ਾਮ ਲਾਲ, ਸੁਨੀਤਾ ਮਹਿਤਾ, ਅਸ਼ੋਕ ਚਾਵਲਾ, ਸੋਨੁੰ ਜਲੋਟਾ, ਪ੍ਰਿੰਸ ਜਲਿਆਰ, ਪ੍ਰਮੋਦ ਕੁਮਾਰ, ਰਾਜੂ, ਸਨੀ ਯਾਦਵ, ਸੁਰਿੰਦਰ ਰਾਣਾ, ਸੁਭਾਸ਼ ਵਲੇਚਾ, ਗੁਰਸਿਮਰਨ ਸਿੰਘ ਮੀਤ ਪ੍ਰਧਾਨ ਓ ਬੀ ਸੀ ਵਿੰਗ ਕਾਂਗਰਸ, ਨਰਿੰਦਰ ਸਿੰਘ ਅਜਨੌਦਾ, ਕਰਨਵੀਰ ਅਜਨੌਦਾ, ਰੂਬਲਦੀਪ ਅਜਨੌਦਾ, ਜਸਵੀਰ ਕੌਰ, ਸੁਖਵੀਰ ਕੌਰ, ਰਮਨਦੀਪ ਕੌਰ, ਪਰਮਜੀਤ ਕੌਰ, ਸੁਰਜੀਤ ਸਿੰਘ ਰੋਹਟੀ ਖਾਸ ਮੀਤ ਪ੍ਰਧਾਨ ਟਰੱਕ ਯੂਨੀਅਨ ਨਾਭਾ, ਤੇ ਹਿਆਣਾ ਕਲਾਂ, ਹਰਦਾਸਪੁਰ ਤੇ ਹੋਰ ਇਲਾਕਿਆਂ ਦੇ ਕਾਂਗਰਸੀ ਆਗੂ ਸ਼ਾਮਲ ਸਨ।