ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੁਚੇਤ ਪਹਿਲਕਦਮੀ
- ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੁਲਵਾਉਣ ਲਈ ਵਿਸ਼ਾਲ ਰੈਲੀ/ਮੁਜ਼ਹਰਾ
ਰਵੀ ਸੈਣ,ਮਹਿਲਕਲਾਂ 29 ਜਨਵਰੀ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੁਚੇਤ ਪਹਿਲਕਦਮੀ ਕਰਦਿਆਂ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੁਲਵਾਉਣ ਲਈ ਵਿਸ਼ਾਲ ਰੈਲੀ/ਮੁਜ਼ਹਰਾ ਕੀਤਾ ਗਿਆ। ਦਾਣਾ ਮੰਡੀ ਮਹਿਲਕਲਾਂ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ, ਸਕੂਲੀ ਬੱਚਿਆਂ ਦੇ ਮਾਪੇ, ਸਕੂਲੀ ਵਿਦਿਆਰਥੀ ਇਕੱਠੇ ਹੋਏ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਗੁਰਦੇਵ ਸਿੰਘ ਮਾਂਗੇਵਾਲ, ਜੁਗਰਾਜ ਸਿੰਘ ਹਰਦਾਸਪੁਰਾ,ਅਮਨਦੀਪ ਸਿੰਘ ਰਾਏਸਰ,ਮਲਕੀਤ ਸਿੰਘ ਈਨਾ, ਨਾਨਕ ਸਿੰਘ ਅਮਲਾਂ ਸਿੰਘ ਵਾਲਾ ਨੇ ਕਿਹਾ ਕਿ ਸਰਕਾਰ ਸਾਡੇ ਬੱਚਿਆਂ ਨੂੰ ਗਿਆਨ ਤੋਂ ਵਿਰਵੇ ਕਰਨਾ ਚਾਹੁੰਦੀ ਹੈ। ਸਕੂਲ, ਕਾਲਜ ਬੰਦ ਕੀਤੇ ਹੋਏ ਹਨ,। ਵਿਧਾਨ ਸਭਾ ਚੋਣਾਂ ਦਾ ਦੌਰ ਪੂਰੇ ਜੋਰਾਂ’ਤੇ ਹੈ। ਬਜ਼ਾਰ ਖੁੱੱਲੇ ਹਨ, ਬੱਸਾਂ, ਰੇਲਾਂ ਭਰ ਭਰ ਜਾ ਰਹੀਆਂ ਹਨ। ਸ਼ਰਾਬ ਦੇ ਠੇਕੇ,ਵੱਡ ਅਕਾਰੀ ਹੋਟਲ ਸਭ ਖੁੱੱਲੇ ਹਨ। ਇਹ ਕਿਹੜੀ ਬਲਾ ਹੈ ਕਿ ਕਰੋਨਾ ਸਿਰਫ਼ ਵਿਦਿਆਰਥੀਆਂ ਨੂੰ ਹੀ ਚਿੰਬੜਦਾ ਹੈ। ਬੁਲਾਰਿਆਂ ਕਿਹਾ ਕਿ ਕਰੋਨਾ ਤਾਂ ਮਹਿਜ ਇੱਕ ਬਹਾਨਾ ਹੈ, ਅਸਲ ਨਿਸ਼ਾਨਾ ਹੋਰ ਹੈ। ਗਰੀਬ ਕਿਸਾਨ ਮਜਦੂਰ ਜੋ ਪਹਿਲਾਂ ਹੀ ਦੋ ਡੰਗ ਦੀ ਰੋਟੀ ਤੋਂ ਆਤੁਰ ਹਨ, ਆਪਣੇ ਦੋ ਤਿੰਨ ਧੀਆਂ ਪੁੱਤਰਾਂ ਲਈ ਮਹਿੰਗੇ ਐਂਡਰਾਇਡ ਫੋਨ ਅਤੇ ਨੈੱਟ ਪਾਕ ਕਿੱਥੋਂ ਲੈਕੇ ਦੇਣ। ਸਭਨਾਂ ਵਿਦਿਆਰਥੀਆਂ ਲਈ ਮੁਫ਼ਤ ਤੇ ਮਿਆਰੀ ਸਿੱਖਿਆ ਦਾ ਬੁਨਿਆਦੀ ਅਧਿਕਾਰ ਹਾਕਮਾਂ ਨੇ ਆਪਣੇ ਮਨੋਰਥ ਵਿੱਚੋਂ ਗਾਇਬ ਕਰ ਦਿੱਤਾ ਹੈ। ਇਸ ਲਈ ਵੱਡੀ ਲੜਾਈ ਲੜਨ ਲਈ ਹੁਣੇ ਤੋਂ ਤਿਆਰ ਰਹਿਣ ਦੀ ਲੋੜ ਤੇ ਜੋਰ ਦਿੱਤਾ। ਆਗੂਆਂ ਅਮਰਜੀਤ ਸਿੰਘ ਮਹਿਲ ਖੁਰਦ, ਜਗਤਾਰ ਸਿੰਘ ਮੂੰਮ, ਮਾ ਸੋਹਣ ਸਿੰਘ,ਪਰਦੀਪ ਕੌਰ ਧਨੇਰ,ਅਮਰਜੀਤ ਸਿੰਘ ਠੁੱਲੀਵਾਲ, ਗੁਰਪਰੀਤ ਸਿੰਘ ਸਹਿਜੜਾ ਆਦਿ ਆਗੂਆਂ ਨੇ ਮੋਦੀ ਹਕੂਮਤ ਦੀ ਵਾਅਦਾ ਖਿਲਾਫ਼ੀ ਵਿਰੁੱਧ 31 ਜਨਵਰੀ ਨੂੰ ਭਾਕਿਯੂ ਏਕਤਾ ਡਕੌਂਦਾ ਵੱਲੋਂ ਮੋਦੀ ਸਰਕਾਰ ਦੇ ਅਰਥੀ ਸਾੜ ਮੁਜਾਹਰਿਆਂ ਵਿੱਚ ਕਾਫ਼ਲੇ ਬੰਨ੍ਹ ਕੇ ਪੁੰਜਣ ਦੀ ਜੋਰਦਾਰ ਅਪੀਲ ਕੀਤੀ।ਆਗੂਆਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ 3 ਫਰਬਰੀ ਤੱਕ ਸਕੂਲ ਕਾਲਜ ਖੋਲ ਜਾਣ ਨਹੀਂ ਤਾਂ 4 ਫਰਬਰੀ ਨੂੰ ਸਮੁੱਚੇ ਪੰਜਾਬ ਅੰਦਰ 12 ਵਜੇ ਤੋਂ 2 ਵਜੇ ਤੱਕ 2 ਘੰਟੇ ਮੁਕੰਮਲ ਸੜਕਾਂ ਜਾਮ ਕੀਤੀਆਂ ਜਾਣਗੀਆਂ।