ਕੋਵਿਡ-19 ਤੋਂ ਬਚਣ ਲਈ ਲੋਕ ਲਗਵਾਉਣ ਆਪਣੀਆਂ ਦੋਨੋ ਖੁਰਾਕਾਂ-ਉਪ ਮੰਡਲ ਮੈਜਿਸਟਰੇਟ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 25 ਜਨਵਰੀ:2022
ਕੋਵਿਡ-19 ਮਹਾਂਮਰੀ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ।ਸਾਵਧਾਨੀਆਂ ਦੀ ਪਾਲਣਾ ਕਰਕੇ ਤੇ ਸਮੇਂ ਸਿਰ ਵੈਕਸੀਨੇਸ਼ਨ ਲਗਵਾ ਕੇ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕਦਾ ਹੈ। ਵੈਕਸੀਨੇਸ਼ਨ ਮੁਹਿੰਮ ਦਾ ਕੰਮ ਪੂਰੇ ਜ਼ੋਰਾ ਸ਼ੋਰਾਂ ਨਾਲ ਜ਼ਿਲੇ੍ਹ ਅੰਦਰ ਜਾਰੀ ਹੈ।ਪਰ ਅਜੇ ਵੀ ਵੈਕਸੀਨੇਸ਼ਨ ਦੇ ਟੀਚੇ ਨੂੰ ਪੂਰਾ ਕਰਨ ਵਿਚ ਹੋਰ ਹੰਭਲੇ ਮਾਰਨ ਦੀ ਲੋੜ ਹੈ।ਇਹ ਸ਼ਬਦਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟਰੇਟ ਜਲਾਲਾਬਾਦ ਸ. ਦੇਵਦਰਸ਼ਦੀਪ ਸਿੰਘ ਨੇ ਕੀਤਾ।
ਉਪ ਮੰਡਲ ਮੈਜਿਸਟਰੇਟ ਨੇ ਕਿਹਾ ਕਿ ਇਸ ਮਹਾਮਾਰੀ ਦਾ ਜ਼ਿਆਦਾ ਨੁਕਸਾਨ ਕੋ-ਮੋਰਬਿਟੀ ਵਾਲੇ ਅਤੇ ਵਧੇਰੇ ਉਮਰ ਦੇ ਲੋਕਾਂ ਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੈਕਸੀਨੇਸ਼ਨ ਵਿਸ਼ੇਸ਼ ਮੁਹਿੰਮ ਤਹਿਤ ਵੈਕਸੀਨ ਲਗਾਉਣ ਲਈ ਟੀਮਾਂ ਦਾ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ ਵੈਕਸੀਨ ਦੀ ਕੋਈ ਕਮੀ ਨਹੀਂ ਹੈ ਅਤੇ ਵਧੇਰੇ ਮਾਤਰਾ ਵਿੱਚ ਵੈਕਸੀਨ ਉਪਲਬਧ ਹੈ। ਇਸ ਮੰਤਵ ਲਈ ਜਲਾਲਾਬਾਦ ਸ਼ਹਿਰ ਵਿਚ 7 ਟੀਮਾ ਅਤੇ ਤਹਿਸੀਲ ਜਲਾਲਾਬਾਦ ਦੇ ਵੱਖ ਵੱਖ ਪਿੰਡਾਂ ਲਈ 24 ਟੀਮਾਂ ਦਾ ਨਿਰਧਾਰਨ ਕੀਤਾ ਗਿਆ ਹੈ ਜੋ ਕਿ ਨਿਰਧਾਰਤ ਕੀਤੇ ਗਏ ਸਥਾਨਾਂ ਤੇ ਕੋਵਿਡ ਦੀ ਪਹਿਲੀ ਅਤੇ ਦੂਜੀ ਖੁਰਾਕ ਲਗਾਉਣ ਦਾ ਉਪਰਾਲਾ ਕਰਨਗੇ।
ਇਸ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਵਿਡ-19 ਤੋਂ ਬਚਣ ਲਈ ਵੱਧ ਤੋ ਵੱਧ ਖੁਰਾਕ ਲਗਵਾਈ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਯੋਗ ਵਿਅਕਤੀ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਕੋਈ ਵੀ ਵਿਅਕਤੀ ਵੈਕਸੀਨ ਲਗਵਾਉਣ ਤੋਂ ਵਾਂਝਾ ਨਾ ਰਹੇ।ਇਸ ਮੰਤਵ ਲਈ ਸਮੂਹ ਇਲਾਕਾ ਨਿਵਾਸੀਆਂ ਆਪਣਾ ਸਹਿਯੋਗ ਦਿੰਦਿਆਂ ਅੱਗੇ ਆਉਂਦੇ ਆਪਣਾ ਫਰਜ ਸਮਝਦੇ ਹੋਏ ਜਲਦ ਤੋਂ ਜਲਦ ਆਪਣੀ ਰਹਿੰਦੀ ਵੈਕਸੀਨ ਜ਼ਰੂਰ ਲਗਵਾਉਣ।