ਆਪਣੇ ਜਮੀਨੀ ਹੱਕਾਂ ਲਈ ਕਿਸਾਨਾਂ ਨੇ ਕੀਤਾ ਗਿਆ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਦਾ ਘਿਰਾਓ
ਬਰਨਾਲਾ,ਰਘਬੀਰ ਹੈਪੀ,23 ਜਨਵਰੀ 2022
ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਲੀ-ਕੱਟੜਾ ਐਕਸਪ੍ਰੈੱਸ-ਵੇਅ ਲਈ ਲੀਲੋ ਕੋਠੇ-ਸੰਧੂ ਕਲਾਂ ਲਿੰਕ ਸੜਕ ਉੱਪਰ ਇਕ ਪ੍ਰਾਈਵੇਟ ਕੰਪਨੀ ਦੇ ਠੇਕੇਦਾਰ ਦੇ ਮੁਲਾਜਮ ਵੱਲੋਂ ਡਰੋਨ ਰਾਂਹੀ ਜਮੀਨ ਦਾ ਸਰਵੇ ਕਰਨ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਕਿਸਾਨਾਂ ਨੇ ਇਕੱਤਰ ਹੋ ਕੇ ਘਿਰਾਓ ਕਰਕੇ ਬੰਦੀ ਬਣਾ ਲਿਆ। ਵੱਖ-ਵੱਖ ਯੂਨੀਅਨਾਂ ਦੇ ਅਹੁਦੇਦਾਰਾਂ ਤੇ ਆਸਪਾਸ ਦੇ ਇਕੱਤਰ ਹੋਏ ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕਰਨ ਤੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਸੜਕ ਬਣਾਉਣ ਵਾਲੀਆਂ ਕੰਪਨੀਆਂ ਦੇ ਵੱਖ-ਵੱਖ ਮੁਲਾਜ਼ਮ ਜ਼ਮੀਨਾਂ ਵਿੱਚ ਸਰਵੇ ਕਰਨ ਪਹੁੰਚ ਰਹੇ ਹਨ, ਜਿੰਨ੍ਹਾਂ ਦਾ ਪਹਿਲਾ ਵੀ ਘਿਰਾਓ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਲਈ ਉਹ ਆਪਣੀ ਜਮੀਨ ਕਿਸੇ ਵੀ ਕੀਮਤ ‘ਤੇ ਨਹੀਂ ਦੇਣਗੇ। ਇਸ ਸਮੇਂ ਘਿਰਾਓ ਕੀਤੇ ਮੁਲਾਜ਼ਮ ਸੰਦੀਪ ਸਿੰਘ ਵਾਸੀ ਮੁਹਾਲੀ ਨੇ ਦੱਸਿਆ ਕਿ ੳਸ ਨੂੰ ਹਾਟੈਂਕ ਪ੍ਰਾਈਵੇਟ ਕੰਪਨੀ ਨੇ ਇੱਥੇ ਸਰਵੇ ਕਰਨ ਲਈ ਭੇਜਿਆ ਸੀ। ਜਿਸ ਤਹਿਤ ਉਹ ਆਪਣੇ ਦੋਸਤ ਨਾਲ ਡਰੋਨ ਰਾਂਹੀ ਸਰਵੇ ਕਰਨ ਲੱਗਾ ਤਾਂ ਕਿਸਾਨਾਂ ਨੇ ਇਕੱਤਰ ਹੋ ਕੇ ਉਨ੍ਹਾਂ ਦਾ ਘਿਰਾਓ ਕਰ ਲਿਆ। ਘਿਰਾਓ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਹਿਣਾ ਦੀ ਪੁਲਿਸ ਤੋਂ ਇਲਾਵਾ ਉੱਪ ਕਪਤਾਨ ਪੁਲਿਸ ਤਪਾ ਬਲਜੀਤ ਸਿੰਘ ਬਰਾੜ ਪੁੱਜੇ। ਜਿੰਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕੋਈ ਵੀ ਕੰਪਨੀ ਦਾ ਕਰਮਚਾਰੀ ਸਰਵੇ ਕਰਨ ਨਹੀਂ ਆਵੇਗਾ ਤੇ ਕੰਪਨੀ ਦੇ ਮੁਲਾਜ਼ਮ ਦਾ ਘਿਰਾਓ ਖਤਮ ਕਰਨ ਦੇਣ, ਪਰ ਕਿਸਾਨ ਜ਼ਿਲਾ ਮਾਲ ਅਫਸਰ ਤੋਂ ਭਰੋਸਾ ਦਿਵਾਉਣ ਦੀ ਮੰਗ ‘ਤੇ ਅੜੇ ਰਹੇ। ਖਬਰ ਲਿਖੇ ਜਾਣ ਤੱਕ ਘਿਰਾਓ ਜਾਰੀ ਸੀ ਤੇ ਤਹਿਸੀਲਦਾਰ ਤਪਾ ਮੌਕੇ ‘ਤੇ ਪੁੱਜ ਕੇ ਭਰੋਸਾ ਦਿਵਾਉਣ ਦੀ ਗੱਲ ਚੱਲ ਰਹੀ ਸੀ।