ਹਰਿੰਦਰ ਨਿੱਕਾ , ਬਰਨਾਲਾ 23 ਜਨਵਰੀ 2022
ਬੇਸ਼ੱਕ ਇੱਕ ਪਾਸੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਚੋਣਾਂ ਕਰਕੇ , ਥਾਂ ਥਾਂ ਤੇ ਪੁਲਿਸ ਨਾਕੇ ਅਤੇ ਚੈਕਿੰਗ ਵਧਾਉਣ ਦੇ ਦਾਅਵੇ ਕਰਦਾ ਨਹੀਂ ਥੱਕਦਾ, ਪਰੰਤੂ ਚੋਰਾਂ ਅਤੇ ਗੁੰਡਾ ਅਨਸਰਾਂ ਦੇ ਵਧੇ ਹੋਏ ਹੌਂਸਲੇ ਤਸਵੀਰ ਦਾ ਦੂਜਾ ਪਾਸਾ ਪੇਸ਼ ਕਰਕੇ, ਪੁਲਿਸ ਅਤੇ ਪ੍ਰਸ਼ਾਸ਼ਨ ਦੀ ਸਖਤੀ ਦੇ ਦਾਅਵੇ ਹਕੀਕਤ ਦੀ ਕਸ਼ੌਟੀ ਤੇ ਖਰ੍ਹੇ ਨਹੀਂ ਉੱਤਰ ਰਹੇ । ਇਸ ਤੱਥ ਦੀ ਪੁਸ਼ਟੀ ਚੋਹਾਨਕੇ ਕਲਾਂ ਦੇ ਸ਼ਰਾਬ ਦੇ ਠੇਕੇ ਤੇ ਹੋਈ ਲੁੱਟ ਅਤੇ ਕਰਿੰਦੇ ਦੀ ਬੇਰਹਿਮੀ ਨਾਲ ਹੋਈ ਕੁੱਟ ਖੁਦ-ਬ-ਖੁਦ ਹੀ ਕਰ ਰਹੀ ਹੈ। ਠੇਕੇ ਤੇ ਬੇਖੌਫ ਪਹੁੰਚੇ , ਪੰਜ ਲੁਟੇਰੇ ਠੇਕੇ ਦੇ ਕਰਿੰਦੇ ਨੂੰ ਬੇਰਹਿਮੀ ਨਾਲ ਕੁੱਟ ਕੇ ਕਰੀਬ ਢਾਈ ਲੱਖ ਰੁਪਏ ਦੀ ਸ਼ਰਾਬ ਅਤੇ ਨਗਦ ਕੈਸ਼ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਆਪਣੀ ਰਵਾਇਤ ਅਨੁਸਾਰ ਦੋਸ਼ੀਆਂ ਦੀ ਤਲਾਸ਼ ਕਰਨ ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਬੱਸ ਅਣਪਛਾਤਿਆਂ ਖਿਲਾਫ ਕੇਸ ਦਰਜ਼ ਕਰਕੇ,ਬੁੱਤਾ ਸਾਰ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਜਿਹੀ ਕਾਰਵਾਈ ਅਮਲ ਵਿੱਚ ਲਿਆ ਕੇ ਖਾਨਾਪੂਰਤੀ ਕਰ ਦਿੱਤੀ ਹੈ। ਜਦੋਂਕਿ ਗੁੰਡਾਗਰਦੀ ਦਾ ਸ਼ਿਕਾਰ ਹੋਇਆ ਕਰਿੰਦਾ, ਸਿਵਲ ਹਸਪਤਾਲ ਮਹਿਲ ਕਲਾਂ ‘ਚ ਜ਼ੇਰ-ਏ- ਇਲਾਜ਼ ਪਿਆ ਹੈ।
ਬੀਅਰ ਲੈਣ ਦੇ ਬਹਾਨੇ, ਕੀਤੀ ਲੁੱਟ
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸਤਨਾਮ ਸਿੰਘ ਪੁੁੱਤਰ ਹਰਬੰਸ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਚੂਹੜਵਾਲ, ਰਾਹੋਂ ਰੋਡ ਲੁਧਿਆਣਾ, ਹਾਲ ਕਰਿੰਦਾ ਸਰਾਬ ਠੇਕਾ ਚੁਹਾਣਕੇ ਕਲਾਂ ਨੇ ਦੱਸਿਆ ਕਿ ਉਹ ਚੁਹਾਣਕੇ ਕਲਾਂ ਖੁਰਦ ਰੋਡ ਪਰ ਪੈਂਦੇ ਸਰਾਬ ਦੇ ਠੇਕੇ ਤੇ ਕਰੀਬ 1 ਸਾਲ ਤੋਂ ਕੰਮ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਵਕਤ ਕਰੀਬ 9:30 ਵਜੇ ਰਾਤ ਨੂੰ 5 ਨਾਮਲੂਮ ਵਿਅਕਤੀ ਸ਼ਰਾਬ ਦੇ ਠੇਕੇ ਪਰ ਆਏ । ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ 2160/- ਰੁਪਏ ਉਸ ਨੂੰ ਦਿੱਤੇ ਅਤੇ ਇੱਕ ਬੀਅਰ ਦੀ ਪੇਟੀ ਮੰਗੀ। ਜਦੋਂ ਮੈਂ ਸ਼ਰਾਬ ਦੇ ਠੇਕੇ ਦਾ ਗੇਟ ਖੋਲ੍ਹ ਕੇ ਬੀਅਰ ਦੀ ਪੇਟੀ ਚੁਕਾਉਣ ਲੱਗਾ ਤਾਂ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਪਿੱਛੋਂ ਦੀ ਮੇਰੇ ਸਿਰ ਵਿੱਚ ਲੋਹੇ ਦੀ ਰਾਡ ਮਾਰੀ ਤੇ ਮੈਂ ਹੇਠਾਂ ਡਿੱਗ ਪਿਆ, ਫਿਰ ਉਸ ਦੇ ਹੋਰ ਸਾਥੀਆਂ ਨੇ ਮੇਰੇ ਹੇਠਾਂ ਡਿੱਗੇ ਪਏ ਦੇ ਵੀ ਲੱਤਾਂ ਮਾਰੀਆਂ ।
ਰੌਲਾ ਪਾਉਣ ਤੇ ਰੋਕਣ ਲਈ ਦਿੱਤੀ ਜਾਨੋਂ ਮਾਰਨ ਦੀ ਧਮਕੀ
ਕਰਿੰਦੇ ਸਤਨਾਮ ਨੇ ਕਿਹਾ ਕਿ ਫਿਰ ਉਸਨੂੰ ਅਣਪਛਾਤੇ ਦੋਸ਼ੀਆਂ ਨੇ ਧਮਕੀ ਦਿੱਤੀ ਕਿ ਜੇ ਤੂੰ ਰੌਲਾ ਪਾਇਆ ਤਾਂ ਅਸੀ ਤੈਨੂੰ ਜਾਨੋ ਮਾਰ ਦਿਆਂਗੇ। ਦੋ ਵਿਅਕਤੀਆਂ ਨੇ ਮੈਨੂੰ ਫੜ੍ਹ ਲਿਆ ਅਤੇ ਤਿੰਨ ਵਿਅਕਤੀ ਸ਼ਰਾਬ ਦੇ ਠੇਕੇ ਅੰਦਰ ਪਈਆਂ ਸ਼ਰਾਬ ਦੀਆਂ ਬੋਤਲਾਂ ਅਤੇ ਬੀਅਰ ਨੂੰ ਆਪਣੀ ਗੱਡੀ ਵਿੱਚ ਰੱਖਣ ਲੱਗ ਪਏ। ਗੱਡੀ ਸ਼ਰਾਬ ਦੇ ਠੇਕੇ ਤੋਂ ਥੋੜ੍ਹਾ ਅੱਗੇ ਖੜ੍ਹੀ ਕੀਤੀ ਹੋਈ ਸੀ, ਜਿਸ ਕਾਰਨ ਮੈਂਂ ਗੱਡੀ ਦਾ ਨੰਬਰ ਨਹੀਂ ਪੜ੍ਹ ਸਕਿਆ।
ਮੋਬਾਇਲ ਤੇ ਨਗਦੀ ਵੀ ਖੋਹੀ
ਸਤਨਾਮ ਸਿੰਘ ਨੇ ਦੱਸਿਆ ਕਿ ਉਕਤਾਨ ਵਿਅਕਤੀ ਜਾਂਦੇ ਸਮੇਂ ਮੇਰਾ ਮੋਬਾਇਲ ਮਾਰਕਾ SAMSUNG ਜਿਸ ਵਿੱਚ ਸਿੰਮ ਨੰਬਰ 95012-80912 ਚੱਲਦਾ ਹੈ ਅਤੇ ਦੋਸ਼ੀਆਂ ਵੱਲੋਂ ਬੀਅਰ ਲੈਣ ਲਈ ਦਿੱਤੇ 2160/- ਰੁਪਏ ਮੇਰੀ ਜੇਬ ਵਿੱਚੋਂ ਕੱਢ ਲਏ ਅਤੇ ਧਮਕੀ ਦੇ ਗਏ ਕਿ ਜੇ ਤੂੰ ਇਸ ਬਾਰੇ ਕਿਸੇ ਨੂੰ ਕੁੱਝ ਦੱਸਿਆ ਤਾਂ ਅਸੀ ਫਿਰ ਤੈਨੂੰ ਜਾਨੋ ਮਾਰ ਦਿਆਂਗੇ। ਰਾਤ ਦਾ ਵਕਤ ਹੋਣ ਤੇ ਕੋਈ ਆਵਾਜਾਈ ਨਾ ਹੋਣ ਅਤੇ ਮੇਰੇ ਕੋਲ ਕੋਈ ਸਾਧਨ ਨਾ ਹੋਣ ਕਰਕੇ ਮੈਂ ਸਾਰੀ ਰਾਤ ਠੇਕੇ ਦੇ ਅੰਦਰ ਹੀ ਲਹੂਲੁਹਾਣ ਹਾਲਤ ਵਿੱਚ ਪਿਆ ਦਰਦ ਨਾਲ ਕਰਾਹੁੰਦਾ ਰਿਹਾ। ਉਨ੍ਹਾਂ ਕਿਹਾ ਕਿ ਸਵੇਰੇ ਵਕਤ ਕਰੀਬ 6:00 ਵਜੇ ਠੇਕੇਦਾਰ ਅਗਨੀਹੋਤਰੀ ਪੁੱਤਰ ਦੇਵ ਰਾਜ ਵਾਸੀ ਚੰਨਣਵਾਲ ਅਤੇ ਪਰਮਿੰਦਰ ਸਿੰਘ ਪੁੱਤਰ ਹੁਸਿਆਰਾ ਸਿੰਘ ਵਾਸੀ ਚੰਨਣਵਾਲ ਆਏ। ਜਿਹਨਾਂ ਨੂੰ ਮੈਂ ਸਾਰੀ ਘਟਨਾ ਬਾਰੇ ਦੱਸਿਆ ਅਤੇ ਸ਼ਰਾਬ ਦੇ ਠੇਕੇ ਨੂੰ ਚੈੱਕ ਕੀਤਾ । ਜੋ ਚੈੱਕ ਕਰਨ ਪਰ ਪਤਾ ਲੱਗਿਆ ਕਿ ਅਣਪਛਾਤੇ ਦੋਸ਼ੀ ਦੇਸੀ ਅਤੇ ਅੰਗਰੇਜੀ ਸ਼ਰਾਬ ਦੀਆਂ ਬੋਤਲਾਂ ਅਤੇ ਬੀਅਰਾਂ ਚੋਰੀ ਕਰਕੇ ਲੈ ਗਏ ਹਨ। ਜਿੰਨਾਂ ਦੀ ਕੀਮਤ ਕਰੀਬ ਢਾਈ ਲੱਖ ਦੇ ਕਰੀਬ ਬਣਦੀ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਦੋਸ਼ੀਆਂ ਨੂੰ ਸਾਹਮਣੇ ਆਉਣ ਤੇ ਪਹਿਚਾਣ ਸਕਦਾ ਹੈ । ਸਿਰ ਵਿੱਚ ਜਿਆਦਾ ਦਰਦ ਹੋਣ ਕਰਕੇ ਠੇਕੇਦਾਰ ਅਗਨੀਹੋਤਰੀ ਨੇ ਗੱਡੀ ਦਾ ਪ੍ਰਬੰਧ ਕਰਕੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮਹਿਲ ਕਲਾਂ ਵਿਚੇ ਦਾਖਲ ਕਰਵਾਇਆ ।
ਪੁਲਿਸ ਨੂੰ ਮਿਲਿਆ ਰੁੱਕਾ ਤੇ ਹੋਈ ਕਾਰਵਾਈ
ਥਾਣਾ ਮਹਿਲ ਕਲਾਂ ਦੇ ਐਸਐਚਉ ਨੇ ਦੱਸਿਆ ਕਿ ਹਸਪਤਾਲ ਦਾਖਿਲ ਸ਼ਰਾਬ ਠੇਕੇ ਦੇ ਕਰਿੰਦੇ ਸਤਨਾਮ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜ਼ੁਰਮ 379-ਬੀ, 323,148,149 ਆਈਪੀਸੀ ਤਹਿਤ ਦਰਜ਼ ਕਰਕੇ,ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਵਿੱਢ ਦਿੱਤੀ ਹੈ, ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
ਠੇਕਿਆਂ ਤੇ ਚੋਰੀਆਂ ਦੀ ਭਰਮਾਰ, ਪਰ ਦੋਸ਼ੀ ਨਹੀਂ ਹੋਏ ਕਦੇ ਗਿਰਫਤਾਰ
ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਦੇ ਵੱਖ ਵੱਖ ਸ਼ਰਾਬ ਦੇ ਠੇਕਿਆਂ ਤੇ 12 ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਪਰੰਤੂ ਪੁਲਿਸ ਨੇ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਗਿਰਫਤਾਰ ਨਹੀਂ ਕੀਤਾ ਹੈ। ਜਿਸ ਕਾਰਣ ਚੋਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ ਅਤੇ ਸ਼ਰਾਬ ਠੇਕੇਦਾਰ ਅਤੇ ਕਾਰਿੰਦਿਆਂ ਵਿੱਚ ਅਸੁਰੱਖਿਆ ਦੀ ਭਾਵਨਾ ਅਤੇ ਸਹਿਮ ਪਾਇਆ ਜਾ ਰਿਹਾ ਹੈ। ਹੁਣ ਵਾਲੀ ਚੋਰੀ ਦੀ ਘਟਨਾ ਨੂੰ ਲੈ ਕੇ ਵੀ ਪੁਲਿਸ ਦੀ ਕਾਰਵਾਈ ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਹੈ ਕਿ ਪੁਲਿਸ ਪਹਿਲਾਂ ਹੋਈਆਂ ਚੋਰੀਆਂ ਦੀ ਤਰਾਂ ਇਸ ਵਾਰਦਾਤ ਸਬੰਧੀ ਵਿੱਚ ਕੇਸ ਦਰਜ਼ ਕਰਕੇ ਹੀ ਖਾਨਾਪੂਰਤੀ ਕਰਕੇ,ਡਿਊਟੀ ਤੋਂ ਸੁਰਖੁਰੂ ਹੋ ਜਾਵੇਗੀ ਜਾਂ ਫਿਰ ਚੋਰਾਂ ਦੀ ਸ਼ਨਾਖਤ ਕਰਕੇ,ਉਨ੍ਹਾਂ ਨੂੰ ਗਿਰਫਤਾਰ ਕਰੇਗੀ।