ਖੱਟਣ ਗਏ ਸੀ ਕੀ ਖੱਟ ਲਿਆਂਦਾ,ਖੱਟ ਲਿਆਏ ਬੋਤਲਾਂ ਸ਼ਰਾਬ ਦੀਆਂ
-ਤਾਹਿਉਂ, ਮਿਲਣੀਆਂ ਖੁਸ਼ੀਆਂ ਜਨਾਬ ਦੀਆਂ
ਹਰਿੰਦਰ ਨਿੱਕਾ ਬਰਨਾਲਾ 23 ਅਪ੍ਰੈਲ 2020
ਹੈਲੋ,,,,,,,ਜੀ ਜਨਾਬ ,,ਡੱਬਿਆਂ ਤੋਂ ਬੋਤਲਾਂ ਚ, ਬਦਲੋ ਸ਼ਰਾਬ ! ਖਬਰ ਦੇ ਇਸ ਟਾਈਟਲ ਤੋਂ ਕਈ ਤਰਾਂ ਦੇ ਖਿਆਲ ਪਾਠਕਾਂ ਦੇ ਮਨ ਚ, ਆ ਰਹੇ ਹੋਣਗੇ, ਕਿ ਆਖਿਰ ਇਹ ਟਾਈਟਲ ਦੇ ਮਾਇਨੇ ਕੀ ਨੇ,ਖਬਰ ਤਾਂ ਸਿੱਧੀ ਇਹ ਵੀ ਹੋ ਸਕਦੀ ਐ ਕਿ ਪੁਲਿਸ ਪਾਰਟੀ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੱਸੀ ਹੋਈ ਜਗ੍ਹਾਂ ਤੇ ਛਾਪਾ ਮਾਰ ਕੇ ਫਲਾਂ ਸ਼ਰਾਬ ਤਸਕਰ ਤੋਂ ਸ਼ਰਾਬ ਦੀਆਂ ,, ਇੰਨੀਆਂ ਬੋਤਲਾਂ ਬਰਾਮਦ ਕਰ ਲਈਆਂ । ਪਰੰਤੂ ਇਹ ਜਾਣਨ ਦੀ ਤਾਂਘ ਰੱਖਣ ਵਾਲਿਆਂ ਨੂੰ, ਕਿਸੇ ਹਿੰਦੀ ਫਿਲਮ ਦੀ ਤਰਾਂ, ਕੁਝ ਪੁਲਿਸ ਅਧਿਕਾਰੀਆਂ ਅਤੇ ਸ਼ਰਾਬ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਲੌਕਡਾਉਨ ਦੇ ਇੱਕ ਮਹੀਨੇ ਦੌਰਾਨ ਨਜਾਇਜ਼ ਢੰਗ ਨਾਲ ਲੱਖਾਂ ਰਪਏ ਦੀ ਹਰ ਦਿਨ ਹੋਈ ਸ਼ਰਾਬ ਵਿਕਰੀ ਦੀ ਬੈਕ.ਗਰਾਉਂਡ ਕਹਾਣੀ ਸਮਝਣ ਦੀ ਲੋੜ ਹੈ। ਬੁੱਧਵਾਰ ਦੇਰ ਸ਼ਾਮ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਟਰਾਈਡੈਂਟ ਗਰੁੱਪ ਉਦਯੋਗ ਧੌਲਾ ਕੰਪਲੈਕਸ ਦੇ ਸਾਹਮਣੇ ਇੱਕ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਦੁਆਰਾ ਕਰਫਿਊ ਦੇ ਬਾਵਜੂਦ ਨਜਾਇਜ਼ ਢੰਗ ਨਾਲ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਹੈ। ਫਿਰ ਕੀ ਹੋਇਆ, ਹੰਡਿਆਇਆ ਪੁਲਿਸ ਚੌਕੀ ਦੇ ਇੰਚਾਰਜ ਗੁਰਪਾਲ ਸਿੰਘ ਦੀ ਅਗਵਾਈ ਚ, ਏਐਸਆਈ ਜਗਸੀਰ ਸਿੰਘ, ਏਐਸਆਈ ਸਤਵਿੰਦਰ ਸਿੰਘ, ਹੌਲਦਾਰ ਯਾਦਵਿੰਦਰ ਸਿੰਘ ਤੇ ਚੌਕੀ ਦੇ ਮੁਨਸ਼ੀ ਜਸਵਿੰਦਰ ਸਿੰਘ ਸਣੇ ਪੁਲਿਸ ਪਾਰਟੀ ਨੇ ਦੱਸੀ ਹੋਈ ਜਗ੍ਹਾਂ ਤੇ ਜਾ ਕੇ ਛਾਪਾ ਮਾਰ ਲਿਆ। ਭਰੋਸੇਯੋਗ ਸੂਤਰਾਂ ਮੁਤਾਬਿਕ ਕਿਰਾਏ ਤੇ ਲਏ ਘਰ ਚੋਂ, ਕਰੀਬ 20 ਡੱਬੇ ਸ਼ਰਾਬ ਦੀ ਬਰਾਮਦਗੀ ਹੋਈ। ਪਰ ਮਾਮਲਾ ਸ਼ਰਾਬ ਠੇਕੇਦਾਰ ਤੇ ਕੁਝ ਪੁਲਿਸ ਅਧਿਕਾਰੀਆਂ ਦੀ ਸਾਂਝ ਭਿਆਲੀ ਦਾ ਹੋਣ ਕਰਕੇ ਜਨਾਬ ਦੇ ਫੋਨ ਦੀਆਂ ਘੰਟੀਆਂ ਖੜਕਣੀਆਂ ਸ਼ੁਰੂ ਹੋ ਗਈਆਂ। ਦੇਰ ਰਾਤ ਤੱਕ ਇਹ ਤੈਅ ਹੁੰਦਾ ਰਿਹਾ ਕਿ ਸ਼ਰਾਬ ਦਾ ਕੇਸ ਦਰਜ਼ ਕੀਤਾ ਜਾਵੇ, ਜਾਂ ਫਿਰ,,,,,,। ਫੜ੍ਹੀ ਗਈ , ਸ਼ਰਾਬ ਠੇਕੇਦਾਰ ਦੀ ਚੌਂਕੀ ਸਾਹਮਣੇ ਆਣ ਖੜ੍ਹੀ ਗੱਡੀ ਚ, ਇੱਜਤ ਸਹਿਤ ਮੋੜ ਦਿੱਤੀ ਜਾਵੇ, ਤੇ ਕਾਰਿੰਦੇ ਨੂੰ ਵੀ ਮੌਕੇ ਤੇ ਹੀ ਰਿਹਾਅ ਕਰ ਦਿੱਤਾ ਜਾਵੇ । ਪਰੰਤੂ ਇਹ ਸੰਭਵ ਨਾ ਹੋ ਸਕਿਆ ਕਿਉਂਕਿ ਪੁਲਿਸ ਵੱਲੋਂ ਫੜ੍ਹੀ ਸ਼ਰਾਬ ਦੀ ਭਿਣਕ ਪੁਲਿਸ ਦੇ ਹੋਰ ਆਲ੍ਹਾ ਅਧਿਕਾਰੀਆਂ ਦੇ ਕੰਨੀ ਵੀ ਜਾ ਪਹੁੰਚੀ ਸੀ ।
-ਅਫਸਰਾਂ ਦਾ ਕਿਹਾ ਸਿਰ ਮੱਥੇ, ਪਰਨਾਲਾ,,ਉੱਥੇ ਦਾ ਉੱਥੇ,,
ਵੱਖ ਵੱਖ ਪੁਲਿਸ ਅਧਿਕਾਰੀਆਂ ਦੇ ਫੋਨ ਦੀਆਂ ਘੰਟੀਆਂ ਦੇ ਵਿਚਕਾਰ ਤੈਅ ਹੋਇਆ ਕਿ ਕੇਸ ਦਰਜ਼ ਵੀ ਕਰ ਦਿਉ, ਤੇ ਸ਼ਰਾਬ ਦੇ ਡੱਬਿਆਂ ਨੂੰ ਬੋਤਲਾਂ ਚ, ਬਦਲ ਦਿਉ। ਪ੍ਰਾਪਤ ਜਾਣਕਾਰੀ ਅਨੁਸਾਰ ਏਐਸਆਈ ਜਗਸੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਜੈ ਸਿੰਘ ਪੁੱਤਰ ਸੋਭਰਨ ਸਿੰਘ ਨਿਵਾਸੀ ਹਾਜ਼ੀਪੁਰ, ਥਾਣਾ ਠੱਠੀਆਂ, ਯੂਪੀ, ਹਾਲ ਆਬਾਦ ਸਾਹਮਣੇ ਕੁਆਟਰ ਟਰਾਈਡੈਂਟ ਫੈਕਟਰੀ ਧੌਲਾ ਨੂੰ ਨੇੜੇ ਡਰੇਨ ਹੰਡਿਆਇਆ ਤੋਂ ਗਿਰਫਤਾਰ ਕਰਕੇ ਉਸ ਕੋਲੋ ਠੇਕਾ ਸ਼ਰਾਬ ਦੇਸੀ ਦੀਆਂ 24 ਬੋਤਲਾਂ ਬ੍ਰਾਮਦ ਕਰ ਲਈਆਂ ਹਨ। ਦੋਸ਼ੀ ਦੇ ਖਿਲਾਫ ਲੌਕਡਾਉਨ ਦਾ ਉਲੰਘਣ ਕਰਨ ਦੇ ਜੁਰਮ 188 ਆਈਪੀਸੀ ਤੇ 61/1/14 ਐਕਸਾਈਜ਼ ਐਕਟ ਦੇ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਮੁਕੱਦਮਾਂ ਨੰਬਰ 68 ਮਿਤੀ 22 ਅਪ੍ਰੈਲ ਨੂੰ ਦਰਜ਼ ਰਜਿਸਟਰ ਕਰ ਦਿੱਤਾ ਗਿਆ ਹੈ । ਪਰੰਤੂ ਸ਼ਰਾਬ ਦੇ ਡੱਬੇ ਬੋਤਲਾਂ ਚ, ਬਦਲ ਜਾਣ ਸਬੰਧੀ ਜਦੋਂ ਮਾਮਲੇ ਦੇ ਤਫਤੀਸ਼ ਅਧਿਕਾਰੀ ਏਐਸਆਈ ਜਗਸੀਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਹੋਰ ਸ਼ਰਾਬ ਦੀ ਰਿਕਵਰੀ ਹਾਲੇ ਹੋਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹਾਲੇ ਵਿਜੀ ਹਾਂ, ਫਿਰ ਰੁਕ ਕੇ ਗੱਲ ਕਰਾਂਗੇ।
-ਜੈਸਿੰਘ ਯੂਪੀ ਤੋਂ ਸ਼ਰਾਬ ਵੇਚਣ ਹੀ ਆਇਐ !
ਪੁਲਿਸ ਦੁਆਰਾ ਦਰਜ਼ ਕੇਸ ਚ, ਇਹ ਜਿਕਰ ਨਹੀਂ ਕੀਤਾ ਗਿਆ ਕਿ ਜੈ ਸਿੰਘ ਯੂਪੀ ਤੋਂ ਇੱਥੇ ਸਿਰਫ ਨਜ਼ਾਇਜ਼ ਸ਼ਰਾਬ ਹੀ ਵੇਚਣ ਹੀ ਆਇਆ ਸੀ। ਜਾਂ ਇਹ ਕਿਸੇ ਸ਼ਰਾਬ ਠੇਕੇਦਾਰ ਦਾ ਕਰਿੰਦਾ ਹੈ, ਜਿਸ ਨੂੰ ਉਸ ਦੇ ਆਕਾ ਦੁਆਰਾ ਲੌਕਡਾਉਨ ਦੇ ਸਮੇਂ ਸ਼ਰਾਬ ਦੀ ਵਿਕਰੀ ਕਰਨ ਤੇ ਹੀ ਛੱਡਿਆ ਗਿਆ ਹੈ। ਦਰਅਸਲ ਹਕੀਕਤ ਇਹ ਹੈ ਕਿ ਜੇਕਰ ਪੁਲਿਸ ਜੈ ਸਿੰਘ ਬਾਰੇ ਇਹ ਜਿਕਰ ਕਰ ਦਿੰਦੀ ਕਿ ਇਹ ਸ਼ਰਾਬ ਠੇਕੇਦਾਰ ਦਾ ਕਰਿੰਦਾ ਹੈ, ਤਾਂ ਫਿਰ ਇਲਾਕੇ ਦੇ ਕੁਝ ਪੁਲਿਸ ਅਧਿਕਾਰੀਆਂ ਦੀ ਕੋਤਾਹੀ ਜਾਂ ਮਿਲੀਭੁਗਤ ਵੀ ਸਾਹਮਣੇ ਆ ਜਾਣੀ ਸੀ। ਇਸ ਤਰਾਂ ਪੁਲਿਸ ਨੇ ਢਕੀ ਹੀ ਰਿੱਝਣ ਦੇਣ ਚ, ਬਿਹਤਰੀ ਸਮਝੀ।
-ਨਸ਼ਾ ਵਿਰੋਧੀ ਮੁਹਿੰਮ ਦੇ ਮੋਹਰੀ ਦੇ ਐਕਸ਼ਨ ਤੇ ਟਿਕੀਆਂ ਨਜ਼ਰਾਂ,,
ਹਾਲੇ ਤੱਕ ਇਸ ਗੱਲ ਚ, ਰੱਤੀ ਭਰ ਵੀ ਝੂਠ ਨਹੀਂ ਕਿ ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਨਸ਼ੀਲੀਆਂ ਗੋਲੀਆਂ ਦੇ ਬਰਨਾਲਾ ਸਿਟੀ ਥਾਣੇ ਚ, ਦਰਜ਼ ਇੱਕ ਛੋਟੇ ਜਿਹੇ ਕੇਸ ਤੋਂ ਤਫਤੀਸ਼ ਨੂੰ ਅੱਗੇ ਤੋਂ ਅੱਗੇ ਤੋਰ ਕੇ ਵੱਡੀਆਂ ਫਰਮਾਂ ਦੀ ਆੜ ਹੇਠ ਲੰਬੇ ਅਰਸੇ ਤੋਂ ਚੱਲ ਰਹੀ ਨਸ਼ਾ ਤਸਕਰੀ ਦਾ ਭਾਂਡਾ ਚੋਰਾਹੇ ਭੰਨਿਆ ਹੈ। ਪਰ ਹੁਣ ਲੌਕਡਾਉਨ ਦੇ ਇੱਕ ਮਹੀਨੇ ਦੌਰਾਨ ਬਰਨਾਲਾ ਇਲਾਕੇ ਚ, ਹੋਈ ਸ਼ਰਾਬ ਦੀ ਲੱਖਾਂ ਰੁਪਏ ਦੀ ਤਸਕਰੀ ਨੂੰ ਬੇਨਕਾਬ ਕਰਨ ਲਈ ਐਸਐਸਪੀ ਕੀ ਰੁੱਖ ਅਪਣਾਉਣਗੇ ਅਤੇ ਡੱਬਿਆਂ ਤੋਂ ਬੋਤਲਾਂ ਚ, ਬਦਲੀ ਗਈ , ਸ਼ਰਾਬ ਦੇ ਵੱਡੇ ਨਸ਼ਾ ਤਸਕਰੀ ਦੇ ਸਕੈਂਡਲ ਨੂੰ ਕਿਵੇਂ ਬੇਨਕਾਬ ਕਰਨਗੇ । ਇਹ ਗੱਲ ਫਿਰ ਐਸਐਸਪੀ ਸਾਬ੍ਹ ਦੇ ਪਾਲੇ ਚ, ਆ ਟਿਕੀ ਹੈ। ਜੇ ਸੱਚੇ ਦਿਲ ਤੇ ਇਮਾਨਦਾਰੀ ਨਾਲ ਉਹ ਚਾਹੁਣ ਤਾਂ ਇਹ ਵੀ ਪਤਾ ਲਗਾ ਸਕਦੇ ਹਨ ਕਿ ਉਨ੍ਹਾਂ ਦੀ ਜੁਬਾਨੀ ਮਹਿਕਮੇਂ ਦੀਆਂ ਕਾਲੀਆਂ ਭੇਡਾਂ ਕੌਣ ਕੌਣ ਹਨ ।
-ਵਪਾਰੀਆਂ ਨਾਲ ਧੱਕਾ, ਸ਼ਰਾਬ ਵਿਕਰੀ ਦਾ ਚਲ ਰਿਹੈ ਯੱਕਾ
ਵਪਾਰ ਮਹਾਂਸੰਘ ਦੇ ਪ੍ਰਧਾਨ ਲਲਿਤ ਮਹਾਜ਼ਨ ਨੇ ਕਿਹਾ ਕਿ ਇੱਕ ਪਾਸੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਪਾਰੀਆਂ ਨੂੰ ਜਰੂਰੀ ਵਸਤਾਂ ਦੀ ਵਿਕਰੀ ਤੋਂ ਰੋਕਣ ਲਈ ਪੱਬਾਂ ਭਾਰ ਹੋਇਆ ਰਹਿੰਦਾ ਹੈ। ਪਰੰਤੂ ਦੂਸਰੇ ਪਾਸੇ ਬਰਨਾਲਾ ਇਲਾਕੇ ਚ, ਲੌਕਡਾਉਨ ਦੇ ਬਾਵਜੂਦ ਹਰ ਰੋਜ ਸ਼ਰਾਬ ਦੀ ਵਿਕਰੀ ਸਰੇਆਮ ਨਜ਼ਾਇਜ਼ ਢੰਗ ਨਾ ਹੋ ਰਹੀ ਹੈ। ਇਸ ਸਬੰਧੀ ਉਨ੍ਹਾਂ ਕਈ ਵਾਰ ਪੁਲਿਸ ਦੇ ਵੱਖ ਵੱਖ ਅਧਿਕਾਰੀਆਂ ਦੇ ਧਿਆਨ ਚ, ਵੀ ਲਿਆਂਦਾ ਹੈ , ਕਿ ਉਨ੍ਹਾਂ ਦੀ ਆਪਣੀ ਕਲੋਨੀ ਚ, ਵੀ ਸ਼ਰਾਬ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਪਰੰਤੂ ਕਿਸੇ ਤੇ ਕੋਈ ਕਾਰਵਾਈ ਨਹੀ ਹੋਈ, ਇਹ ਸਮਝੋ ਕਿ ਵਪਾਰੀਆਂ ਨਾਲ ਧੱਕਾ ਅਤੇ ਸ਼ਰਾਬ ਦੀ ਵਿਕਰੀ ਦਾ ਯੱਕਾ ਉਵੇਂ ਹੀ ਚੱਲਦਾ ਜਾ ਰਿਹਾ ਹੈ।