ਆਮ ਆਦਮੀ ਪਾਰਟੀ ਨੇ ਪੰਜਾਬ ਵਾਸੀਆਂ ਦੀ ਆਵਾਜ ਨੂੰ ਐਲਾਨਿਆ ਮੁੱਖ ਮੰਤਰੀ ਚਿਹਰਾ-ਨਰਿੰਦਰ ਕੌਰ ਭਰਾਜ
ਪਰਦੀਪ ਕਸਬਾ , ਸੰਗਰੂਰ, 18 ਜਨਵਰੀ 2022
ਆਮ ਆਦਮੀ ਪਾਰਟੀ ਨੇ ਬੀਤੀਂ ਕੱਲ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਵਿਧਾਨ ਸਭਾ ਚੋਣਾਂ ਲਈ ਆਪਣਾ ਮੁੱਖ ਮੰਤਰੀ ਚਿਹਰਾ ਐਲਾਨ ਕਰ ਦਿੱਤਾ ਹੈ। ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਸਭ ਨੇ ਸੰਗਰੂਰ ਤੋਂ ਆਪ ਉਮੀਦਵਾਰ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚ ਸੰਗਰੂਰ ਦਫਤਰ ਵਿਖੇ ਲੱਡੂ ਵੰਡ ਕੇ ਵਿਖੇ ਖੁਸ਼ੀ ਮਨਾਈ ਅਤੇ ਇਸ ਫੈਸਲੇ ਦੀ ਸਵਾਗਤ ਕੀਤਾ।
ਇਸ ਮੌਕੇ ਪਾਰਟੀ ਵਰਕਰਾਂ ਅਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਵਾਸੀਆ ਦੀ ਆਵਾਜ ਨੂੰ ਸੁਣਦਿਆ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਹੈ ਕਿਉਕਿ ਭਗਵੰਤ ਮਾਨ ਜੀ ਨੇ ਆਪਣੇ ਕਮੇਡੀ ਕਰੀਅਰ ਤੋ ਲੈ ਕੇ ਰਾਜਨੀਤੀ ਤੱਕ ਹਮੇਸ਼ਾ ਪੰਜਾਬ ਦੇ ਹੱਕ ਵਿੱਚ ਆਪਣੀ ਆਵਾਜ ਬੁਲੰਦ ਕੀਤੀ ਹੈ ਅਤੇ ਪੰਜਾਬ ਦੇ ਹਰ ਮੁੱਦੇ ਨੂੰ ਬੜੀ ਬੇਬਾਕੀ ਨਾਲ ਲੋਕ ਸਭਾ ਵਿੱਚ ਉਠਾਇਆ ਹੈ।
ਪੰਜਾਬ ਦੇ ਲੋਕ ਇਨ੍ਹਾ ਰਾਜਨੀਤਿਕ ਘਰਾਣਿਆਂ ਅਤੇ ਲੀਡਰਾਂ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਹੁਣ ਇੱਕ ਆਮ ਚਿਹਰੇ ਅਤੇ ਨਵੇਂ ਚਿਹਰੇ ਨੂੰ ਆਪਣਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਜਿਸ ਨੂੰ ਹਰ ਵਰਗ ਦੇ ਦਰਦ ਦੀ ਸਮਝ ਹੋਵੇ ਅਤੇ ਜਨਤਾ ਦੀ ਇਸੇ ਮੰਗ ਨੂੰ ਸੁਣਦਿਆ ਪਾਰਟੀ ਨੇ ਮਾਨ ਨੂੰ ਆਪਣਾ ਚਿਹਰਾ ਐਲਾਨ ਕੀਤਾ ਹੈ ਜਿਸ ਲਈ ਉਹ ਪਾਰਟੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵੱਡੇ ਮਾਰਜਣ ਨਾਲ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਏਗੀ।