ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਮਨੀਸ਼ ਬਾਂਸਲ ਨੇ ਦੱਬੇ ਪੈਰੀਂ ਵਿੱਢੀ ਸਰਗਰਮੀ
ਹਰਿੰਦਰ ਨਿੱਕਾ , ਬਰਨਾਲਾ 12 ਜਨਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਹੁੰਦਿਆਂ ਹੀ ਕਾਂਗਰਸ ਪਾਰਟੀ ਦੇ ਕੌਮੀ ਖਜਾਨਚੀ ਤੇ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਮਨੀਸ਼ ਬਾਂਸਲ ਦੀਆਂ ਲੋਕਾਂ ਦੀ ਨਬਜ਼ ਟੋਹਣ ਲਈ ਵਿੱਢੀਆਂ ਸਰਗਰਮੀਆਂ ਨੇ ਕਾਂਗਰਸ ਦੀ ਟਿਕਟ ਦੇ ਹੋਰ ਦਾਵੇਦਾਰਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ ਪਾਰਟੀ ਦੇ ਆਲ੍ਹਾ ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਹਾਈਕਮਾਨ ਵੱਲੋਂ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੀ ਹਰੀ ਝੰੜੀ ਦੇਣ ਲਈ ਹਿੰਦੂ-ਸਿੱਖ ਚਿਹਰੇ ਵਿੱਚੋਂ ਇੱਕ ਦੀ ਚੋਣ ਕਰਨ ਦਾ ਪੇਚ ਫਸਿਆ ਹੋਇਆ ਹੈ।
ਬੇਸ਼ੱਕ ਬਰਨਾਲਾ ਹਲਕੇ ਤੋਂ ਕਾਂਗਰਸ ਦੀ ਟਿਕਟ ਲੈਣ ਲਈ ਕਾਂਗਰਸ ਦੇ ਕੱਦਾਵਰ ਤੇ ਪ੍ਰਭਾਵਸ਼ਾਲੀ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ , ਸਾਬਕਾ ਮੁੱਖ ਮੰਤਰੀ ਸਵ: ਸੁਰਜੀਤ ਸਿੰਘ ਬਰਨਾਲਾ ਨੂੰ ਜਬਰਦਸਤ ਟੱਕਰ ਦੇਣ ਵਾਲੇ ਸੀਨੀਅਰ ਕਾਂਗਰਸੀ ਆਗੂ ਹਰਦੀਪ ਕੁਮਾਰ ਗੋਇਲ , ਉੱਘੇ ਟਰਾਂਸਪੋਰਟਰ ਤੇ ਟਕਸਾਲੀ ਕਾਂਗਰਸੀਆਂ ਦੀ ਅਗਵਾਈ ਕਰ ਰਹੇ ਕੁਲਦੀਪ ਸਿੰਘ ਕਾਲਾ ਢਿੱਲੋਂ , ਸਾਬਕਾ ਵਿਧਾਇਕ ਸਵ: ਕੁਲਦੀਪ ਸਿੰਘ ਭੱਠਲ ਦੇ ਪੁੱਤਰ ਗੁਰਵੀਰ ਸਿੰਘ ਗੁਰੀ ਭੱਠਲ, ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਕਿਸਮਤ ਅਜਮਾਈ ਕਰ ਚੁੱਕੇ ਗੁਰਕੀਮਤ ਸਿੰਘ ਸਿੱਧੂ, ਸਾਬਕਾ ਮੰਤਰੀ ਸਵ: ਸੰਪੂਰਨ ਸਿੰਘ ਧੌਲਾ ਦੇ ਬੇਟੇ ਅਤੇ ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਧੌਲਾ, ਅੱਗਰਵਾਲ ਵੈਲਫੇਅਰ ਬੋਰਡ ਪੰਜਾਬ ਦੇ ਡਾਇਰੈਕਟਰ ਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਪ੍ਰਸਿੱਧ ਸਹਿਤਕਾਰ ਪਰਮਜੀਤ ਸਿੰਘ ਮਾਨ, ਸਾਬਕਾ ਕੌਸਲਰ ਅਤੇ ਕਾਂਗਰਸ ਸੇਵਾ ਦਲ ਦੀ ਸੂਬਾਈ ਆਗੂ ਸੁਖਜੀਤ ਕੌਰ ਸੁੱਖੀ ,ਸੀਨੀਅਰ ਆਗੂ ਰਮੇਸ਼ ਭੁਟਾਰਾ ਨੇ ਅਪਲਾਈ ਕੀਤਾ ਹੋਇਆ ਹੈ । ਇੱਨ੍ਹਾਂ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਟਿਕਟ ਲਈ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਮਨੀਸ਼ ਬਾਂਸਲ ਨੇ ਵੀ ਟਿਕਟ ਲਈ ਦਾਅਵਾ ਠੋਕਿਆ ਹੋਇਆ ਹੈ।
ਭਾਜਪਾ ਦੀ ਚੋਣ ਰਣਨੀਤੀ ਨੇ ਪਾਇਆ ਕਾਂਗਰਸੀ ਟਿਕਟਾਂ ਦੀ ਚੋਣ ਤੇ ਪ੍ਰਭਾਵ
ਕਾਂਗਰਸ ਦੇ ਆਲ੍ਹਾ ਮਿਆਰੀ ਸੂਤਰਾਂ ਮੁਤਾਬਿਕ ਕਾਂਗਰਸ ਪਾਰਟੀ ਵੱਲੋਂ 60 ਦੇ ਕਰੀਬ ਉਮੀਦਵਾਰਾਂ ਦੀ ਜਲਦ ਜ਼ਾਰੀ ਹੋਣ ਵਾਲੀ ਸੂਚੀ ਨੂੰ ਭਾਜਪਾ ਵੱਲੋਂ ਟਿਕਟਾਂ ਦੀ ਵੰਡ ਲਈ ਅਪਣਾਈ ਜਾ ਰਹੀ ਸ਼ੋਸ਼ਲ ਇੰਜੀਨੀਅਰਿੰਗ ਦੀ ਰਣਨੀਤੀ ਨੇ ਕਾਂਗਰਸ ਹਾਈਕਮਾਨ ਨੂੰ ਵੀ ਇੱਕ ਵਾਰ ਫਿਰ ਤੋਂ ਨਵੀਂ ਰਣਨੀਤੀ ਘੜ੍ਹਨ ਲਈ ਮਜਬੂਰ ਕਰ ਦਿੱਤਾ ਹੈ। ਇਸੇ ਨਵੀਂ ਰਣਨੀਤੀ ਤਹਿਤ ਹੀ ਕਾਂਗਰਸ ਹਾਈਕਮਾਨ ਬਰਨਾਲਾ ਹਲਕੇ ਤੋਂ ਕਿਸੇ ਹਿੰਦੂ ਚਿਹਰੇ ਨੂੰ ਟਿਕਟ ਦੇਣ ਲਈ ਗੰਭੀਰਤਾ ਨਾਲ ਵਿਚਾਰ ਕਰਨ ਲੱਗ ਪਈ ਹੈ। ਪਾਰਟੀ ਦੀ ਟਿਕਟ ਅਪਲਾਈ ਕਰਨ ਵਾਲਿਆਂ ਵਿੱਚੋਂ ਬੇਸ਼ੱਕ ਸਭ ਤੋਂ ਮੋਹਰੀ ਕਤਾਰ ਦੇ ਦਾਵੇਦਾਰ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਹੀ ਉੱਭਰ ਕੇ ਸਾਹਮਣੇ ਆਏ ਹਨ। ਪਰੰਤੂ ਪਾਰਟੀ ਦੁਆਰਾ ਟਿਕਟ ਦੇਣ ਲਈ ਖੇਡੇ ਜਾ ਰਹੇ ਹਿੰਦੂ ਪੱਤੇ ਦੀ ਢਿੱਲੋਂ ਕੋਲ ਕੋਈ ਕਾਟ ਨਹੀਂ ਹੈ।
ਪਵਨ ਬਾਂਸਲ ਦਾ ਪਰਿਵਾਰ ਤੇ ਉਸ ਦੇ ਸਮਰਥਕ ਹੋਏ ਸਰਗਰਮ
ਜਿਸ ਦਿਨ ਤੋਂ ਕਾਂਗਰਸ ਹਾਈਕਮਾਨ ਵਾਲੇ ਪਾਸਿਉਂ ਬਰਨਾਲਾ ਨੂੰ ਸ਼ਹਿਰੀ ਸੀਟ ਮੰਨਦਿਆਂ ਕਿਸੇ ਹਿੰਦੂ ਚਿਹਰੇ ਨੂੰ ਟਿਕਟ ਦੇਣ ਦੀ ਗੱਲ ਚੱਲੀ ਹੈ, ਉਦੋਂ ਤੋਂ ਹੀ ਬਰਨਾਲਾ ਜਿਲ੍ਹੇ ਦੇ ਤਪਾ ਮੰਡੀ ਖੇਤਰ ਦੇ ਮੂਲ ਵਾਸੀ ਪਵਨ ਬਾਂਸਲ ਨੇ ਵੀ ਆਪਣੇ ਬੇਟੇ ਮਨੀਸ਼ ਲਈ ਟਿਕਟ ਲਈ ਮਜਬੂਤ ਦਾਅਵੇਦਾਰੀ ਠੋਕ ਕੇ ਹਲਕੇ ਤੋਂ ਟਿਕਟ ਦੇ ਪ੍ਰਮੁੱਖ ਦਾਵੇਦਾਰ ਕੇਵਲ ਸਿੰਘ ਢਿੱਲੋਂ ਅਤੇ ਕਾਲਾ ਢਿੱਲੋਂ ਦੀ ਚਿੰਤਾ ਵਿੱਚ ਚੋਖਾ ਵਾਧਾ ਕਰ ਦਿੱਤਾ ਹੈ। ਕੇਵਲ ਸਿੰਘ ਢਿੱਲੋਂ ਦੀ ਹੁਣ ਤੱਕ ਸਭ ਤੋਂ ਵੱਡੀ ਧਿਰ ਸਮਝੀ ਜਾ ਰਹੀ ਅੰਬਿਕਾ ਸੋਨੀ ਦੀ ਸਾਬਕਾ ਮੰਤਰੀ ਪਵਨ ਬਾਂਸਲ ਨਾਲ ਕਥਿਤ ਕਾਰੋਬਾਰੀ ਸਾਂਝ ਅਤੇ ਰਾਜਸੀ ਨੇੜਤਾ ਵੀ ਮਨੀਸ਼ ਬਾਂਸਲ ਦੀ ਟਿਕਟ ਲਈ ਰਾਹ ਪੱਧਰਾ ਕਰ ਰਹੀ ਹੈ। ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਜਿਲ੍ਹੇ ਦੇ ਕੁੱਝ ਕਾਂਗਰਸੀ ਆਗੂਆਂ ਨੇ ਗੈਰ ਰਸਮੀ ਗੱਲਬਾਤ ਦੌਰਾਨ ਸਵੀਕਾਰ ਕੀਤਾ ਕਿ ਮਨੀਸ਼ ਬਾਂਸਲ ਨੇ ਉਨ੍ਹਾਂ ਸਮੇਤ ਕਈ ਹੋਰ ਆਗੂਆਂ ਨਾਲ ਸੰਪਰਕ ਕਾਇਮ ਕੀਤਾ ਹੋਇਆ ਹੈ। ਕਾਂਗਰਸੀ ਸੂਤਰਾਂ ਅਨੁਸਾਰ ਹੁਣ ਟਿਕਟਾਂ ਦੀ ਵੰਡ ਸਮੇਂ ਸਿਰਫ 2 ਨਾਵਾਂ ਤੇ ਹੀ ਚਰਚਾ ਹੋ ਰਹੀ ਹੈ। ਜੇਕਰ ਪਾਰਟੀ ਨੇ ਕਿਸੇ ਹਿੰਦੂ ਚਿਹਰੇ ਨੂੰ ਚੋਣ ਮੈਦਾਨ ਵਿੱਚ ਉਤਾਰਣ ਦਾ ਫੈਸਲਾ ਕਰ ਲਿਆ ਤਾਂ ਮਨੀਸ਼ ਬਾਂਸਲ ਨਹੀਂ ਫਿਰ 2 ਵਾਰ ਵਿਧਾਇਕ ਰਹਿ ਚੁੱਕੇ ਕੇਵਲ ਸਿੰਘ ਢਿੱਲੋਂ ਦੇ ਨਾਂ ਤੇ ਹੀ ਮੋਹਰ ਲੱਗਣ ਦੇ ਆਸਾਰ ਬਣ ਚੁੱਕੇ ਹਨ। ਬਾਕੀ ਕਾਂਗਰਸ ਪਾਰਟੀ ਦਾ ਕਲਚਰ ਇਹ ਵੀ ਦੱਸਦਾ ਹੈ ਕਿ ਟਿਕਟ ਦੀ ਘੋਸ਼ਣਾ ਕਰਕੇ ਵੀ ਟਿਕਟਾਂ ਬਦਲ ਦਿੱਤੀਆਂ ਜਾਂਦੀਆਂ ਹਨ।