ਨਸ਼ੇ ਦੀ ਭਲ ਪੂਰੀ ਕਰਨ ਲਈ ਮਾਨਸਾ ਤੋਂ ਦੋਵੇਂ ਨੌਜਵਾਨ ਪਹੁੰਚੇ ਹਰਿਆਣਾ ਦੇ ਪਿੰਡ ਰੋੜੀ
ਜੀ.ਐਸ. ਸਹੋਤਾ ਮਾਨਸਾ , 21 ਅਪ੍ਰੈਲ 2020
ਜ਼ਿਲ੍ਹੇ ਦੇ 2 ਨੌਜਵਾਨਾਂ ਦੀ ਹਰਿਆਣੇ ਦੇ ਕਸਬਾ ਰੋੜੀ ਵਿਖੇ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ , ਵਾਸੀ ਮਾਨਸਾ,ਸਰਦੂਲਗੜ੍ਹ ਨੇੜਲੇ ਪਿੰਡ ਕੋਟੜਾ ਵਿਖੇ ਆਪਣੇ ਦੋਸਤ ਹਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਕੋਲ ਪਹੁੰਚਿਆ ਅਤੇ ਸੋਮਵਾਰ ਸ਼ਾਮ ਦੋਵੇਂ ਹਰਿਆਣਾ ਦੇ ਨੇੜਲੇ ਪਿੰਡ ਰੋੜੀ ਵਿਖੇ ਸੁਰਿੰਦਰ ਸਿੰਘ ਰਾਜੂ ਦੇ ਘਰ ਪਹੁੰਚੇ,ਜਿੱਥੇ ਇਨ੍ਹਾਂ ਨਸ਼ੇ ਦੀ ਡੋਜ਼ ਜ਼ਿਆਦਾ ਲੈਣ ਕਰਕੇ ਇਨ੍ਹਾਂ ਦੋਵਾਂ ਨੋਜਵਾਨਾਂ ਦੀ ਹਾਲਤ ਗੰਭੀਰ ਹੋ ਗਈ,ਜਦੋਂ ਦੋਵਾਂ ਦੇ ਪਰਿਵਾਰਕ ਮੈਬਰ ਉਨ੍ਹਾਂ ਨੂੰ ਲੱਭਦੇ-ਲੱਭਦੇ ਰੋੜੀ ਸੁਰਿੰਦਰ ਸਿੰਘ ਰਾਜੂ ਦੇ ਘਰ ਪਹੁੰਚੇ ਤਾਂ ਇੱਕ ਕਮਰੇ ‘ਚ ਦੋਵੇ ਨੌਜਵਾਨ ਜਿੰਨਾਂ ਦੇ ਚਿਹਰੇ ਨੀਲੇ ਹੋਏ ਪਏ ਸਨ ਤੇ ਕੋਲ ਟੀਕੇ ਲਗਾਉਣ ਵਾਲੀਆਂ ਸਿਰੰਜ਼ਾ ਪਈਆਂ ਸਨ।ਦੋਵਾਂ ਨੂੰ ਤੁਰੰਤ ਨੇੜਲੇ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਲਿਜਾਇਆ ਗਿਆ,ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਰੋੜੀ (ਹਰਿਆਣਾ) ਪੁਲੀਸ ਦੇ ਥਾਣੇਦਾਰ ਜਗਦੀਸ ਚੰਦਰ ਨੇ ਦੱਸਿਆ ਕਿ ਰੋੜੀ ਪੁਲੀਸ ਨੇ ਸੁਰਿੰਦਰਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਕਾਲਜ ਰੋਡ ਮਾਨਸਾ ਦੇ ਬਿਆਨਾਂ ਦੇ ਅਧਾਰ ‘ਤੇ ਸੁਰਿੰਦਰ ਸਿੰਘ ਉਰਫ ਰਾਜੂ ਵਾਸੀ ਰੋੜੀ ਤੇ ਧਾਰਾ 147,149,342,328,302 ਆਈ.ਪੀ.ਸੀ. ਐਕਟ ਅਧੀਨ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਇਸੇ ਦੌਰਾਨ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਮੁਕੰਮਲ ਪਾਬੰਦੀ ਤੋਂ ਬਾਅਦ ਹੀ ਇਹ ਨੌਜਵਾਨ ਹਰਿਆਣਾ ਦੇ ਕਸਬਾ ਰੋੜੀ ਚਲੇ ਗਏ ਜਾਪਦੇ ਹਨ ਅਤੇ ਜਿਸ ਕਾਰਨ ਉਥੇ ਲਏ ਗਏ ਓਵਰਡੋਜ਼ ਕਾਰਨ ਇਨ੍ਹਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਪੋਸਟਮਾਰਟਮ ਤੋਂ ਬਾਅਦ ਪੂਰੇ ਮਾਮਲੇ ਦੀ ਅਸਲੀਅਤ ਸਾਹਮਣੇ ਆ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਵੈਸੇ ਤਾਂ ਪੂਰੇ ਜ਼ਿਲ੍ਹੇ ਦੀਆਂ ਵੱਡੀਆਂ ਤੇ ਛੋਟੀਆਂ ਸੜਕਾਂ ‘ਤੇ ਨਾਕੇਬੰਦੀ ਕਾਇਮ ਹੈ,ਪਰ ਇਹ ਨੌਜਵਾਨ ਕਿਸੇ ਚੋਰ ਮੋਰੀ ਰਸਤੇ ਰਾਹੀਂ ਰੋੜੀ ਪੁੱਜੇ ਗਏ ਹਨ, ਜਿਸ ਵੀ ਪੜਤਾਲ ਕੀਤੀ ਜਾ ਰਹੀ ਹੈ।