ਕੇਵਲ ਸਿੰਘ ਢਿੱਲੋਂ ਨੇ ਰੈਲੀ ਸਥਾਨ ‘ਤੇ ਪਹੁੰਚ ਕੇ ਲਿਆ ਪ੍ਰਬੰਧਾਂ ਦਾ ਜਾਇਜ਼ਾ
ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 6 ਜਨਵਰੀ ਨੂੰ ਬਰਨਾਲਾ ਹਲਕੇ ਵਿੱਚ ਕੀਤੀ ਜਾਣ ਵਾਲੀਆਂ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ। ਬਰਨਾਲਾ ਦੀ ਅੰਦਰਲੀ ਦਾਣਾ ਮੰਡੀ ਵਿੱਚ ਸੈਡਾਂ ਥੱਲੇ ਕੀਤੀ ਜਾ ਰਹੀ ਇਸ ਰੈਲੀ ਦੀਆਂ ਤਿਆਰੀਆਂ ਦੇ ਪ੍ਰਬੰਧਾਂ ਦਾ ਅੱਜ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਵੇਂ ਰੈਲੀ ਵਾਲੇ ਦਿਨ ਮੌਸਮ ਵਿਭਾਗ ਮੀਂਹ ਦੀ ਸੰਭਾਵਨਾ ਜਤਾ ਰਿਹਾ ਹੈ। ਪ੍ਰੰਤੂ ਇਸਦੇ ਬਾਵਜੂਦ ਉਹਨਾਂ ਵਲੋਂ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੀਆਂ ਤਿਆਰੀਆਂ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਰੈਲੀ ਵਿੱਚ ਪੁੱਜਣ ਵਾਲੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਸਮੇਤ ਹੋਰ ਹਲਕੇ ਦੇ ਲੋਕਾਂ ਨੂੰ ਕੋਈ ਪ੍ਰੇ਼ਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਰੈਲੀ ਲਈ ਮੀਂਹ ਤੋਂ ਬਚਾਅ ਲਈ ਬਾਕਾਇਦਾ ਸੈਡਾਂ ਦਾ ਪ੍ਰਬੰਧ ਹੈ। ਉਥੇ ਲੰਗਰ, ਪਾਣੀ, ਬੈਠਣ, ਸਟੇਜ਼ ਆਦਿ ਦੇ ਪ੍ਰਬੰਧ ਵੀ ਪੂਰੇ ਤਸੱਲੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜੋੜੀ ਨੂੰ ਪੰਜਾਬ ਦੇ ਲੋਕ ਪਸੰਦ ਕਰ ਰਹੇ ਹਨ। ਪ੍ਰਧਾਨ ਸਿੱਧੂ ਦੇ ਦਮਦਾਰ ਭਾਸ਼ਣ ਅਤੇ ਉਹਨਾਂ ਦੇ ਪੰਜਾਬ ਪੱਖੀ ਪੰਜਾਬ ਮਾਡਲ ਨੂੰ ਵੀ ਲੋਕ ਪਸੰਦ ਕਰਦੇ ਹਨ। ਜਿਸ ਕਰਕੇ ਆਉਣ ਵਾਲੀਆਂ ਚੋਣਾਂ ਵਿੱਚ ਮੜ ਚੰਨੀ ਤੇ ਸਿਧੂ ਦੀ ਜੋੜੀ ਦੀ ਅਗਵਾਈ ਵਿੱਚ ਪੰਜਾਬ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਜਾ ਰਹੀ ਹੈ। ਬਰਨਾਲਾ ਵਿੱਚ ਹੋ ਰਹੀ ਰੈਲੀ ਇਤਿਹਾਸਕ ਹੋਵੇਗੀ। ਹਲਕੇ ਦੇ ਲੋਕ ਆਪ ਮੁਹਾਰੇ ਰੈਲੀ ਵਿੱਚ ਪੁੱਜਣ ਲਈ ਸੰਪਰਕ ਕਰ ਰਹੇ ਹਨ। ਇਹ ਰੈਲੀ ਬਰਨਾਲਾ ਹਲਕੇ ਦੇ ਕਾਗਰਸੀ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਜੋਸ਼ ਅਤੇ ਉਤਸ਼ਾਹ ਭਰੇਗੀ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਰਨਾਲਾ ਹਲਕੇ ਦੀ ਜਿੱਤ ਦਾ ਮੁੱਢ ਬੰਨੇਗੀ। ਇਸ ਮੌਕੇ ਉਹਨਾਂ ਨਾਲ ਚੇਅਰਮੈਨ ਮੱਖਣ ਸ਼ਰਮਾ, ਡੀਐਸਪੀ ਲਖਵੀਰ ਸਿੰਘ ਟਿਵਾਣਾ, ਪ੍ਰਧਾਨ ਗੁਰਜੀਤ ਸਿੰਘ, ਵਾਈਸ ਪ੍ਰਧਾਨ ਨਰਿੰਦਰ ਨੀਟਾ, ਕਾਰਜਕਾਰੀ ਜਿਲ੍ਹਾ ਪ੍ਰਧਾਨ ਜੱਗਾ ਸਿੰਘ ਮਾਨ, ਹਰਦੀਪ ਜਾਗਲ, ਵਰੁਣ ਗੋਇਲ ਵੀ ਹਾਜ਼ਰ ਸਨ।