ਕੈਪਟਨ ਉੱਤੇ ਸਿੱਧੂ ਨੇ ਵਿੰਨ੍ਹਿਆ ਨਿਸ਼ਾਨਾ ਕਹਿੰਦਾ, ਦੇਖੋ ਮੁੱਛਾਂ ਵਾਲਾ ਬੋਹੜ ਪੁੱਟ ਕੇ ਮਾਰਿਆ
ਨਵਜੋਤ ਸਿੱਧੂ , ਸਵਾਲਾਂ ਦੇ ਜੁਆਬ ਦੇਣ ਤੋਂ ਭੱਜਿਆ
3 ਜਨਵਰੀ ਦੀ ਰੈਲੀ ਰੱਦ ਹੋਣ ਬਾਰੇ ਕਿਹਾ, ਮੈਂ ਕੇਵਲ ਢਿੱਲੋਂ ਦੇ ਨਾਲ ਹਾਂ, ਜਿੰਨ੍ਹਾਂ ਰੈਲੀ ਰੱਖੀ ਸੀ, ਉਹੀ ਦੇਣ ਜੁਆਬ
ਹਰਿੰਦਰ ਨਿੱਕਾ , ਬਰਨਾਲਾ 3 ਜਨਵਰੀ 2022
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਨੇ ਅੱਜ ਬਰਨਾਲਾ ਵਿਖੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਤੇ ਰੱਖੀ ਪ੍ਰੈਸ ਕਾਨਫਰੰਸ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੰਨ੍ਹ ਵਿੰਨ੍ਹ ਕੇ ਨਿਸ਼ਾਨੇ ਲਾਏ। ਸਿੱਧੂ ਨੇ ਲੰਘੇ ਸਾਢੇ ਚਾਰ ਸਾਲ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਸਾਢੇ ਚਾਰ ਸਾਲ 77 ਐਮ.ਐਲ.ਏ. ਤਾਂ ਕਾਂਗਰਸ ਦੇ ਸੀ, ਪਰੰਤੂ ਮੁੱਖ ਮੰਤਰੀ ਭਾਜਪਾ ਦਾ ਬਣਿਆ ਰਿਹਾ। ਸਿੱਧੂ ਨੇ ਹੋਰ ਅੱਗੇ ਵਧਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਇਹ ਦੇਖੋ, ਮੁੱਛਾਂ ਵਾਲਾ ਬੋਹੜ ਕਿਵੇਂ ਪੱਟ ਕੇ ਮਾਰਿਆ, ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ ਕਿ ਕਾਂਗਰਸ ਦੇ ਦਰਵਾਜੇ ਸਿੱਧੂ ਲਈ ਬੰਦ ਨੇ। ਸਿੱਧੂ ਨੇ ਕਿਹਾ ਕਿ ਕੈਪਟਨ ਬਾਰੇ ਮੈਂ ਹੋਰ ਕੁੱਝ ਨਹੀਂ ਕਹਿਣਾ, ਹੁਣ ਉਹ ਚੱਲਿਆ ਹੋਇਆ ਕਾਰਤੂਸ ਹੈ। ਸਿੱਧੂ ਨੇ 3 ਜਨਵਰੀ ਦੀ ਹੰਡਿਆਇਆ ਵਿਖੇ ਰੱਖੀ ਰੈਲੀ ਰੱਦ ਹੋਣ ਬਾਰੇ ਪੁੱਛੇ ਸਵਾਲ ਦੇ ਜੁਆਬ ਵਿੱਚ ਇਨ੍ਹਾਂ ਹੀ ਕਿਹਾ ਕਿ ਵੇਖੋ ਮੈਂ ਕੇਵਲ ਸਿੰਘ ਢਿੱਲੋਂ ਦੇ ਨਾ ਹਾਂ, ਉਹ ਰੈਲੀ ਜਿੰਨ੍ਹਾਂ ਨੇ ਰੱਖੀ ਸੀ, ਇਸ ਦਾ ਜੁਆਬ ਤਾਂ ਉਹੀ ਦੇ ਸਕਦੇ ਹਨ। ਮੈਂ ਹੰਡਿਆਇਆ ਦੀ ਕੋਈ ਰੈਲੀ ਨਹੀਂ ਰੱਖੀ ਸੀ, ਰੈਲੀ ਭਦੌੜ ਹਲਕੇ ਦੀ ਸੀ, ਜਿਹੜੀ ਅੱਜ ਸ਼ਹਿਣਾ ਵਿਖੇ ਕਰਕੇ ਆਇਆ ਹਾਂ।
ਸਿੱਧੂ ਨੇ ਮੀਡੀਆ ਦੇ ਸਵਾਲਾਂ ਦੇ ਜੁਆਬ ਦੇਣ ਤੋਂ ਵੱਟਿਆ ਟਾਲਾ
ਬੇਸ਼ੱਕ ਨਵਜੋਤ ਸਿੰਘ ਸਿੱਧੂ ਬੜ੍ਹਕ ਤਾਂ ਹਰ ਸਵਾਲ ਦਾ ਜੁਆਬ ਦੇਣ ਦੀ ਮਾਰਦਾ ਰਹਿੰਦਾ ਹੈ, ਪਰੰਤੂ ਬਰਨਾਲਾ ਵਿਖੇ ਰੱਖੀ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਦੇ ਸਵਾਲਾਂ ਦੇ ਜੁਆਬ ਦੇਣ ਤੋਂ ਭੱਜ ਗਿਆ। ਸਿੱਧੂ ਨੇ ਟੇਪਰਿਕਾਰਡ ਦੀ ਤਰਾਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ, ਆਪਣੀਆਂ ਰਟੀਆਂ ਰਟਾਈਆਂ ਗੱਲਾਂ ਕੀਤੀਆਂ। ਜਦੋਂ ਵੀ ਕਿਸੇ ਪੱਤਰਕਾਰ ਨੇ , ਉਨਾਂ ਨੂੰ ਟੋਕ ਕੇ ਕੋਈ ਸਵਾਲ ਪੁੱਛਣਾ ਚਾਹਿਆ, ਤਾਂ ਉਹ ਕਹਿੰਦਾ ਰਿਹਾ, ਪਹਿਲਾਂ ਮੈਨੂੰ ਆਪਣੀ ਗੱਲ ਪੂਰੀ ਕਰ ਲੈਣ ਦਿਉ, ਫਿਰ ਕੱਲੀ ਕੱਲੀ ਗੱਲ ਦਾ ਠੋਕ ਕੇ ਜੁਆਬ ਦਿਆਂਗਾ । ਜਦੋਂ ਸਿੱਧੂ ਦੀ ਗੱਲ ਪੂਰੀ ਹੋਈ ਤਾਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਮਹਿਲਾਵਾਂ ਨੂੰ ਸਨਮਾਨ ਅਤੇ ਬਰਾਬਰ ਦੇ ਹੱਕ ਦੇਣ ਦੇ ਐਲਾਨ ਕੀਤੇ ਹਨ, ਪਰ ਕੀ ਇਹ ਬਰਾਬਰ ਦੇ ਅਧਿਕਾਰ ਵਿਧਾਨ ਸਭਾ ਚੋਣਾਂ ਸਮੇਂ ਟਿਕਟਾਂ ਦੀ ਵੰਡ ਵਿੱਚ ਵੀ ਦਿੱਤੇ ਜਾਣਗੇ, ਸਿੱਧੂ ਨੇ ਇਸ ਦਾ ਜੁਆਬ ਨਹੀਂ ਦਿੱਤਾ।
ਫਿਰ ਸਿੱਧੂ ਨੂੰ ਪੁੱਛਿਆ ਗਿਆ ਕਿ ਤੁਸੀਂ ਅਰਵਿੰਦ ਕੇਜਰੀਵਾਲ ਵੱਲੋਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਐਲਾਨ ਦਾ ਇਹ ਕਹਿਕੇ ਵਿਰੋਧ ਕੀਤਾ ਸੀ ਕਿ ਪੰਜਾਬੀ ਭੀਖ ਨਹੀਂ ਮੰਗਦੇ, ਮੇਰੀ ਘਰਵਾਲੀ ਕੇਜ਼ਰੀਵਾਲ ਦਾ ਹਜ਼ਾਰ ਰੁਪਏ ਵਗ੍ਹਾ ਕੇ ਮਾਰੂ, ਪਰ ਹੁਣ ਤੁਸੀਂ ਖੁਦ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਦੇਣ ਦੇ ਐਲਾਨ ਨੂੰ ਮਹਿਲਾਵਾਂ ਦਾ ਸਨਮਾਨ ਕਹਿ ਰਹੇ ਹੋ, ਇਸ ਸਵਾਲ ਦਾ ਵੀ ਸਿੱਧੂ ਕੋਠੀ ਠੋਸ ਜੁਆਬ ਨਹੀਂ ਦੇ ਸਕਿਆ। ਫਿਰ ਉਨਾਂ ਨੂੰ ਇਹ ਪੁੱਛਿਆ ਗਿਆ ਕਿ ਜੋ ਐਲਾਨ ਤੁਸੀਂ ਕਰ ਰਹੇ ਹੋਂ, ਕੀ ਇਹ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਹਨ, ਸਿੱਧੂ ਨੇ ਇਸ ਸਵਾਲ ਦਾ ਵੀ ਗੋਲਮੋਲ ਜੁਆਬ ਦਿੰਦਿਆਂ ਕਿਹਾ ਕਿ ਇਹ ਗੱਲ ਮੈਂ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ ਹੀ ਕਹਿ ਰਿਹਾ ਹਾਂ। ਆਖਿਰ ਸਵਾਲਾਂ ਦੇ ਜੁਆਬ ਦੇਣ ਦੀ ਬਜਾਏ, ਸਿੱਧੂ ਪ੍ਰੈਸ ਕਾਨਫਰੰਸ ਵਿੱਚੋਂ ਉੱਠ ਕੇ ਔਹ ਗਿਆ, ਔਹ ਗਿਆ।