ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਮਾਨ ਭੇਂਟ ਕਰਕੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਿਹਾ
● ਵਿਦਿਆਰਥੀਆਂ ਦੀਆਂ ਸਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕ ਕੀਤੇ ਭਾਵੁਕ
ਰਵੀ ਸੈਣ,ਬਰਨਾਲਾ,1 ਜਨਵਰੀ (2022)
ਜਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਅਤੇ ਐਲੀਮੈਂਟਰੀ ਵੱਲੋਂ ਸਾਂਝੇ ਤੌਰ ‘ਤੇ ਸਰਕਾਰੀ ਸਕੂਲਾਂ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਸੰਬੰਧਿਤ ਅਤੇ ਹੋਰ ਸਮਾਨ ਭੇਂਟ ਕਰਕੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਿਹਾ ਗਿਆ।ਵਿਦਿਆਰਥੀਆਂ ਵੱਲੋਂ ਆਪਣੇ ਮਾਪਿਆਂ ਅਤੇ ਅਧਿਆਪਕਾਂ ਸਮੇਤ ਸਮਾਗਮ ‘ਚ ਸ਼ਿਰਕਤ ਕੀਤੀ ਗਈ।
ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਨਵੇਂ ਵਰ੍ਹੇ ਦੇ ਜਸ਼ਨ ਮਨਾਉਣ ਲਈ ਕਰਵਾਏ ਇਸ ਸਮਾਗਮ ‘ਚ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਆਈ.ਏ.ਐਸ.ਦੀ ਧਰਮ ਪਤਨੀ ਮੈਡਮ ਜੋਤੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਸਰੀਰਕ ਜਾਂ ਮਾਨਸਿਕ ਕਮੀ ਕਾਰਨ ਵਿਸ਼ੇਸ਼ ਨਹੀਂ ਹਨ ਸਗੋਂ ਇਸ ਤਰ੍ਹਾਂ ਦੀਆਂ ਕਮੀਆਂ ਦੇ ਬਾਵਜੂਦ ਵਿਲੱਖਣ ਪ੍ਰਤਿਭਾ ਦੇ ਮਾਲਕ ਹੋਣ ਕਾਰਨ ਵਿਸ਼ੇਸ਼ ਹਨ। ਉਹਨਾਂ ਕਿਹਾ ਕਿ ਇਹਨਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਸਾਧਾਰਨ ਬੱਚਿਆਂ ਵਾਂਗ ਜਿੰਦਗੀ ਜਿਉਣ ਦੇ ਸਮਰੱਥ ਬਣਾਉਣ ਵਾਲੇ ਅਧਿਆਪਕ ਕੇਵਲ ਨੌਕਰੀ ਹੀ ਨਹੀਂ ਕਰ ਰਹੇ ਸਗੋਂ ਸਮਾਜ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ।
ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੌਰ ‘ਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਮਰੱਥਾ ਅਨੁਸਾਰ ਖੇਡਾਂ ਨਾਲ ਜੋੜਨਾ ਵੀ ਜਰੂਰੀ ਹੈ।ਸਿੱਖਿਆ ਅਧਿਕਾਰੀ ਨੇ ਭਵਿੱਖ ‘ਚ ਇਹਨਾਂ ਵਿਦਿਆਰਥੀਆਂ ਦੇ ਖੇਡ ਅਤੇ ਅਥਲੈਟਿਕਸ ਮੁਕਾਬਲੇ ਕਰਵਾਉਣ ਦਾ ਵੀ ਵਾਅਦਾ ਕੀਤਾ।ਸਿੱਖਿਆ ਅਧਿਕਾਰੀ ਨੇ ਇਹਨਾਂ ਬੱਚਿਆਂ ਦੇ ਇਲਾਜ ਲਈ ਸਰਕਾਰੀ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।ਰਾਜਵਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੂੰ ਵੀ ਸਾਧਾਰਨ ਬੱਚਿਆਂ ਵਾਂਗ ਜਿੰਦਗੀ ਜਿਉਣ ਦਾ ਅਧਿਕਾਰ ਅਤੇ ਉਹਨਾਂ ਨੂੰ ਇਹ ਅਧਿਕਾਰ ਮੁਹੱਈਆ ਕਰਵਾਉਣ ਲਈ ਸਿੱਖਿਆ ਵਿਭਾਗ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।
ਇਸ ਸਮਾਗਮ ‘ਚ ਜਿਲ੍ਹੇ ਭਰ ‘ਚੋਂ ਆਏ 55 ਦੇ ਕਰੀਬ ਵਿਦਿਆਰਥੀਆਂ ਨੂੰ ਜਿਲ੍ਹਾ ਸਿੱਖਿਆ ਦਫਤਰ ਵੱਲੋਂ ਪੜ੍ਹੋ ਪੰਜਾਬ ਟੀਮ ਦੇ ਜਿਲ੍ਹਾ ਕੋ-ਆਰਡੀਨੇਟਰ ਕੁਲਦੀਪ ਸਿੰਘ ਭੁੱਲਰ ਅਤੇ ਦਾਨੀ ਸੱਜਣਾਂ ਅਮਰਜੀਤ ਸਿੰਘ ਅਤੇ ਪਰਗਟ ਸਿੰਘ ਹੈਡਟੀਚਰ ਦੇ ਸਹਿਯੋਗ ਨਾਲ ਕੋਟੀਆਂ,ਬੂਟ,ਜਰਾਬਾਂ,ਕਿੱਟ ਬੈੱਗ ,ਖੇਡਾਂ ਦਾ ਸਮਾਨ ਮੁਹੱਈਆ ਕਰਵਾਇਆ ਗਿਆ।ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੀਆਂ ਭੰਗੜਾ ਅਤੇ ਗੀਤ ਗਾਉਣ ਦੀਆਂ ਸਭਿਆਚਾਰਕ ਪੇਸ਼ਕਾਰੀਆਂ ਦਰਸ਼ਕਾਂ ਨੂੰ ਭਾਵੁਕ ਕਰ ਗਈਆਂ।ਇਸ ਮੌਕੇ ਵਿਦਿਆਰਥੀਆਂ ਨੂੰ ‘ਤੰਦਰੁਸਤੀ ਲਈ ਖੇਡੋ’ ਕਿਤਾਬਚਾ ਵੀ ਭੇਂਟ ਕੀਤਾ ਗਿਆ।
ਇਸ ਮੌਕੇ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ,ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਬਿੰਦਰ ਸਿੰਘ ਖੁੱਡੀ ਕਲਾਂ ਜਿਲ੍ਹਾ ਖੋਜ ਅਫਸਰ ਭਾਸ਼ਾ ਵਿਭਾਗ ਬਰਨਾਲਾ,ਸਿਮਰਦੀਪ ਸਿੰਘ ਜਿਲ੍ਹਾ ਮੈਂਟਰ ਖੇਡਾਂ, ਕਮਲਦੀਪ ਜਿਲ੍ਹਾ ਮੈਂਟਰ ਗਣਿਤ, ਕੁਲਦੀਪ ਸਿੰਘ ਭੁੱਲਰ ਜਿਲ੍ਹਾ ਕੋ-ਆਰਡੀਨੇਟਰ ਪੜੋ ਪੰਜਾਬ,ਸਮਾਜ ਸੇਵੀ ਅਮਰਜੀਤ ਸਿੰਘ, ਪ੍ਰਗਟ ਸਿੰਘ ਹੈਡਟੀਚਰ, ਭੁਪਿੰਦਰ ਸਿੰਘ ਡੀ.ਐਸ.ਈ.ਟੀ ,ਡਾ:ਸੰਜੈ (ਫਿਜਿਓਥਰੈਪਿਸਟ),ਜਿਲ੍ਹਾ ਸਿੱਖਿਆ ਦਫਤਰ ਦੇ ਮੈਡਮ ਰੀਤੂ ਬਾਲਾ ,ਮੈਡਮ ਸਮ੍ਹਾ (ਜਿਲ੍ਹਾ ਅਕਾਊਂਟੈਟ ) ਅਤੇ ਮੈਡਮ ਕਿਰਨ ਸਮੇਤ ਬਲਾਕ ਅਤੇ ਕਲੱਸਟਰ ਸਪੈਸ਼ਲ ਅਧਿਆਪਕ ਦਵਿੰਦਰ ਕੌਰ ,ਰਾਜਿੰਦਰ ਸਿੰਘ ,ਰਮਨਦੀਪ ਸਿੰਘ ਅਤੇ ਸਾਰੇ ਆਈ.ਈ.ਵੀ ਹਾਜਿਰ ਰਹੇ।ਸਟੇਜ ਦਾ ਸੰਚਾਲਨ ਮੈਡਮ ਦਵਿੰਦਰ ਕੌਰ ਵੱਲੋਂ ਕੀਤਾ ਗਿਆ।