ਸਾਲ ਬਦਲਿਆ,ਮੰਤਰੀ ਬਦਲੇ
ਪਰ ਬੇਰੁਜ਼ਗਾਰਾਂ ਦੇ ਹਾਲਾਤ ਨਾ ਬਦਲੇ।
ਪੱਕੇ ਮੋਰਚੇ ਨੂੰ ਹੋਇਆ ਪੂਰਾ ਸਾਲ
ਪ੍ਰਦੀਪ ਕਸਬਾ ਸੰਗਰੂਰ , 31 ਦਸੰਬਰ 2021
ਬੀ ਐਡ ਅਤੇ ਟੈਟ ਪੇਪਰ ਪਾਸ ਕਰਨ ਮਗਰੋਂ ,ਪੂਰਾ ਇਕ ਸਾਲ ਪੱਕੇ ਧਰਨੇ ਲਗਾਉਣ ਅਤੇ ਪੁਲਿਸ ਦਾ ਜ਼ਬਰ ਝੱਲਣ ਮਗਰੋਂ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਅਜੇ ਰੁਜ਼ਗਾਰ ਨਹੀਂ ਮਿਲਿਆ, ਉਹਨਾਂ ਦੇ ਹਾਲਾਤ ਨਹੀਂ ਬਦਲੇ।ਉਂਝ ਭਾਵੇਂ ਸਿੱਖਿਆ ਮੰਤਰੀ ਬਦਲ ਚੁੱਕੇ ਹਨ,ਧਰਨੇ ਦੀ ਜਗ੍ਹਾ ਸੰਗਰੂਰ ਅਤੇ ਪਟਿਆਲੇ ਤੋ ਬਦਲ ਕੇ ਮੋਰਿੰਡਾ ਅਤੇ ਜਲੰਧਰ ਹੋ ਚੁੱਕੀ ਹੈ,ਇਕ ਹੋਰ ਕੈਲੰਡਰ ਬਦਲ ਚੁੱਕਾ ਹੈ।ਪ੍ਰੰਤੂ ਬੇਰੁਜ਼ਗਾਰਾਂ ਦੇ ਹਾਲਾਤ ਨਹੀਂ ਬਦਲੇ।
ਸਥਾਨਕ ਕੈਬਨਿਟ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪਿਛਲੇ ਸਾਲ 31 ਦਸੰਬਰ ਦੀ ਸਵੇਰੇ ਬੇਰੁਜ਼ਗਾਰਾਂ ਦੀਆਂ ਪੰਜ ਬੇਰੁਜ਼ਗਾਰ ਜਥੇਬੰਦੀਆਂ ਉੱਤੇ ਆਧਾਰਿਤ “ਬੇਰੁਜ਼ਗਾਰ ਸਾਂਝੇ ਮੋਰਚੇ” ਨੇ ਅਚਾਨਕ ਧਾਵਾ ਬੋਲ ਕੇ ਪੱਕਾ ਮੋਰਚਾ ਲਗਾ ਦਿੱਤਾ ਸੀ।ਉਸ ਵੇਲੇ ਦੇ ਸਿੱਖਿਆ ਸ੍ਰੀ ਸਿੰਗਲਾ ਨੂੰ ਕਰੀਬ 9 ਮਹੀਨੇ ਆਪਣੀ ਕੋਠੀ ਤੋ ਦੂਰ ਰਹਿਣਾ ਪਿਆ।ਕਿਉਕਿ ਕੋਠੀ ਦੇ ਗੇਟ ਉੱਤੇ ਮੋਰਚਾ ਜਾਰੀ ਸੀ।ਇਸ ਤੋਂ ਇਲਾਵਾ ਜੇਕਰ ਕਦੇ ਕਦਾਈਂ ਸਿੱਖਿਆ ਮੰਤਰੀ ਸਥਾਨਕ ਸ਼ਹਿਰ ਵਿੱਚ,ਰੈਸਟ ਹਾਊਸ ਵਿਚ ਜਾ ਕਿਸੇ ਨੇੜਲੇ ਪਿੰਡ ਆਉਂਦੇ ਤਾਂ ਉਥੇ ਜਾ ਕੇ ਵੀ ਬੇਰੁਜ਼ਗਾਰਾਂ ਵੱਲੋ ਘਿਰਾਓ ਕੀਤਾ ਜਾਂਦਾ ਰਿਹਾ।
ਆਖਿਰ ਸ੍ਰੀ ਸਿੰਗਲਾ ਦੀ ਬਜਾਏ ਸ੍ਰ ਪ੍ਰਗਟ ਸਿੰਘ ਦੇ ਸਿੱਖਿਆ ਮੰਤਰੀ ਬਣਨ ਮਗਰੋਂ ਬੇਰੁਜ਼ਗਾਰਾਂ ਨੇ 28 ਅਕਤੂਬਰ ਤੋਂ ਆਉਣਾ ਰੁੱਖ ਜਲੰਧਰ ਵੱਲ ਕੀਤਾ। ਹੁਣ 28 ਅਕਤੂਬਰ ਤੋਂ ਬੱਸ ਸਟੈਂਡ ਜਲੰਧਰ ਦੀ ਪਾਣੀ ਵਾਲੀ ਟੈਂਕੀ ਉੱਤੇ ਦੋ ਬੇਰੁਜ਼ਗਾਰ ਬੀ ਐਡ ਅਧਿਆਪਕ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ( ਦੋਵੇਂ ਜ਼ਿਲ੍ਹਾ ਫਾਜ਼ਿਲਕਾ) ਬੈਠੇ ਹੋਏ ਹਨ।ਜਿੰਨਾ ਨੂੰ ਕਰੀਬ ਸਵਾ ਦੋ ਮਹੀਨੇ ਹੋ ਚੁੱਕੇ ਹਨ।
ਪਹਿਲਾਂ ਬੇਰੁਜ਼ਗਾਰ ਅਨੇਕਾਂ ਵਾਰ ਮੋਤੀ ਮਹਿਲ ਅੱਗੇ ਪਟਿਆਲਾ ਵਿਖੇ, ਹੁਣ ਵਾਰ ਵਾਰ ਮੋਰਿੰਡਾ ਜਾ ਰਹੇ ਹਨ।
ਭਾਵੇਂ ਸਾਲ ਬਦਲ ਚੁੱਕਾ ਹੈ,ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਵੀ ਬਦਲ ਚੁੱਕੇ ਹਨ।ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਤੋ 28 ਅਕਤੂਬਰ ਨੂੰ ਬਦਲ ਕੇ ਮੁਨੀਸ਼ ਜਲੰਧਰ ਜਾ ਚੁੱਕਾ ਹੈ।ਪ੍ਰੰਤੂ ਅਜੇ ਤੱਕ ਬੇਰੁਜ਼ਗਾਰਾਂ ਦੀ ਗੱਲ ਨਹੀਂ ਸੁਣੀ ਗਈ। ਓਹਨਾ ਦੇ ਹਾਲਾਤ ਨਹੀਂ ਬਦਲੇ।
ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ 75 ਸਾਲਾਂ ਮਗਰੋਂ ਵੀ ਰੁਜ਼ਗਾਰ ਵਾਲੀ ਮੁੱਢਲੀ ਮੰਗ ਵੀ ਅਜੇ ਤੱਕ ਪੂਰੀ ਨਹੀਂ ਹੋਈ ਸਗੋਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਨੌਜਵਾਨੀ ਹਿਜ਼ਰਤ ਕਰ ਰਹੀ ਹੈ।ਕਾਂਗਰਸ ਨੇ ਘਰ ਘਰ ਰੁਜ਼ਗਾਰ ਦਾ ਚੋਣ ਵਾਅਦਾ ਕਰਕੇ ਵੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਬਜਾਏ ਪਰਚਿਆਂ ਅਤੇ ਡਾਂਗਾ ਨਾਲ ਨਿਵਾਜਿਆ ਹੈ।ਓਹਨਾ ਆਉਂਦੇ ਸਾਲ ਵੀ ਜ਼ੋਰਦਾਰ ਸੰਘਰਸ਼ ਦਾ ਐਲਾਨ ਕੀਤਾ।