ਕੋਵਿਡ 19 ਕਰਫਿਊ ਦੌਰਾਨ ਲੋਕਾਂ ਦੀ ਆਮਦ, ਸ਼ਹਿਰ ਦੇ ਲੋਕਾਂ ’ਤੇ ਪੈ ਸਕਦੀ ਐ ਭਾਰੂ
ਅਸ਼ੋਕ ਵਰਮਾ ਬਠਿੰਡਾ, 21 ਅਪਰੈਲ 2020
ਸ਼ਹਿਰ ‘ਚ ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲੇ ਸਾਵਧਾਨ ਰਹਿਣ , ਉਨ੍ਹਾਂ ਲਈ ਹੁਣ ਇਹ ਕੰਮ ਕਰਨਾ ਮਹਿੰਗਾ ਪੈ ਸਕਦਾ ਹੈ। ਬਠਿੰਡਾ ਪੁਲਿਸ ਹੁਣ ਅਜਿਹੇ ਲੋਕਾਂ ਨਾਲ ਸਖਤੀ ਨਾਲ ਨਜਿੱਠਣ ਲਈ ਸੜਕਾਂ ਤੇ ਉੱਤਰੀ ਹੈ। ਪੁਲਿਸ ਦਾ ਹੁਣ ਪੂਰਾ ਧਿਆਨ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਰਾਹ ਰੋਕਣ ’ਤੇ ਕੇਂਦਰਿਤ ਰਹੇਗਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਵਿੱਚ ਪੁਲਿਸ ਨੇ ਕੋਈ ਹਿੱਲਜੁਲ ਨਾ ਕਰਨ ਦੇਣ ਦੀ ਠਾਣੀ ਲਈ ਹੈ। ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 20 ਅਪਰੈਲ ਤੋਂ ਨਰਮੀ ਵਰਤਣ ਦੇ ਕਥਨ ਨੂੰ ਆਪਣੇ ਹਿਸਾਬ ਨਾਲ ਵਰਤਦਿਆਂ ਆਮ ਲੋਕਾਂ ਨੇ ਘਰਾਂ ਤੋਂ ਵਹੀਰਾਂ ਘੱਤ ਦਿੱਤੀਆਂ ਸਨ। ਜੋ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਖਤਰਨਾਕ ਸਾਬਤ ਹੋ ਸਕਦੀਆਂ ਹਨ। ਅੱਜ ਪੁਲਿਸ ਅਧਿਕਾਰੀਆਂ ਦੇ ਆਦੇਸ਼ਾਂ ਤੇ ਪੁਲਿਸ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਹਾਜੀ ਰਤਨ ਚੌਕ ’ਚ ਥਾਣਾ ਕੋਤਵਾਲੀ ਪੁਲਿਸ ਨੇ ਅਚਾਨਕ ਚੈਕਿੰਗ ਸ਼ੁਰੂ ਕਰ ਦਿੱਤੀ ਅਤੇ ਬਿਨਾਂ ਪਾਸ ਵਾਲਿਆਂ ਨੂੰ ਵਾਪਿਸ ਮੋੜਨਾ ਸ਼ੁਰੂ ਕਰ ਦਿੱਤਾ । ਹਾਲਾਂ ਕਿ ਕੁਝ ਲੋਕਾਂ ਨੇ ਪੁਲਿਸ ਨਾਲ ਬਹਿਸ ਮੁਬਾਸਾ ਵੀ ਕੀਤਾ । ਪਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ।
ਪੁਲਿਸ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਲੋਕਾਂ ਦੀ ਆਮਦ ਸ਼ਹਿਰ ਦੇ ਲੋਕਾਂ ’ਤੇ ਭਾਰੂ ਪੈ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਕੋਈ ਢਿੱਲ ਤਾਂ ਨਹੀਂ ਦਿੱਤੀ ਗਈ, ਪਰ ਲੋਕਾਂ ਨੇ ਸੜਕਾਂ ’ਤੇ ਭੀੜ ਲੱਗਾਉਣੀ ਸ਼ੁਰੂ ਕਰ ਦਿੱਤੀ ਜੋਕਿ ਚਿੰਤਾਜਨਕ ਹੈ। ਲਗਾਤਾਰ ਵਧਦੇ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੇ ਅਧਿਕਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪੁਲਿਸ ਅਫਸਰਾਂ ਨੇ ਆਖਿਆ ਕਿ ਜੇਕਰ ਆਵਾਜਾਈ ਜਾਰੀ ਰਹੀ ਤਾਂ ਇਸ ਦਾ ਖਾਮਿਆਜਾ ਕਰਫਿਊ ਦੌਰਾਨ ਘਰਾਂ ’ਚ ਡੱਕੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਆਖਿਆ ਕਿ ਬਿਮਾਰ ਵਿਅਕਤੀ ਦਾ ਮਜਬੂਰਨ ਹਸਪਤਾਲ ਜਾਂ ਦਵਾਈ ਲੈਣ ਜਾਣਾ ਤਾਂ ਸਮਝ ਵਿੱਚ ਆਉਦਾ ਹੈ । ਪਰ ਜੋ ਲੋਕ ਬੇਵਜ੍ਹਾ ਹੀ ਘਰਾਂ ਤੋਂ ਬਾਹਰ ਘੁੰਮ ਰਹੇ ਹਨ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਏਗੀ।
ਡਿਪਟੀ ਕਮਿਸ਼ਨਰ ਵੱਲੋਂ ਵੀ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਨ ਦੇ ਹੁਕਮ ਕੀਤੇ ਗਏ ਹਨ। ਅੱਜ ਸ਼ਹਿਰ ਵਿਚਕਾਰ ਦੀ ਲੰਘਦੇ ਕੌਮੀ ਸੜਕ ਮਾਗ ਤੇ ਤਾਂ ਕਰਫ਼ਿਊ ਵਰਗਾ ਕੁਝ ਲੱਗਦਾ ਹੀ ਨਹੀਂ ਦੇਖਣ ’ਚ ਆਇਆ ਹੈ । ਅਜਿਹੇ ਵਕਤ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋਂ ਦੇ ਨਿਯਮਾਂ ਤੋਂ ਲੋਕਾਂ ਦਾ ਪ੍ਰਹੇਜ਼ ਚਿੰਤਤ ਕਰਦਾ ਹੈ। ਉਂਜ ਵੀ ਸਵੇਰ ਸਮੇਂ ਸੜਕਾਂ ’ਤੇ ਪੁਲੀਸ ਨਫ਼ਰੀ ਘੱਟ ਹੁੰਦੀ ਹੈ। ਲੋਕਾਂ ਦਾ ਹੀ ਕਹਿਣਾ ਹੈ ਕਿ ਪੁਲੀਸ ਮੁਲਾਜ਼ਮ ਅਤੇ ਗਸ਼ਤ ਕਰ ਰਹੀਆਂ ਟੀਮਾਂ ਤੋਰੇ-ਫੇਰੇ ਵਾਲਿਆਂ ਦੀ ਪੁੱਛਗਿਛ ਕਰਨ ਲੱਗੀਆਂ ਹਨ ਇਹ ਚੰਗਾ ਸ਼ਗਨ ਹੈ।
ਜ਼ਿਲ੍ਹਾ ਪੁਲੀਸ ਹੁਣ ਇਨ੍ਹਾਂ ਹੁਕਮਾਂ ਤੇ ਪਹਿਰਾ ਦੇਣ ਲਈ ਸੜਕਾਂ ਤੇ ਡੇਰੇ ਜਮਾ ਕੇ ਬੈਠ ਗਈ ਹੈ। ਸੜਕਾਂ ਤੇ ਮੋਟਰਸਾਈਕਲਾਂ ’ਤੇ ਹਰਲ ਹਰਲ ਕਰਦੇ ਰਹਿਣ ਵਾਲੇ ਲੋਕਾਂ ਨੂੰ ਪੁਲੀਸ ਦੇ ਬੈਰੀਕੇਡਾਂ ਤੋਂ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਜੇ ਬਠਿੰਡਾ ਪੁਲੀਸ ਏਹੀ ਕਰੋਨਾ ਵਾਇਰਸ ਤੋਂ ਰਾਖੀ ਲਈ ਆਮ ਲੋਕਾਂ ਦੀ ਸੁਰੱਖਿਆ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ’ਤੇ ਲਾਈ ਰੱਖੇ ਤਾਂ ਲੋਕਾਂ ਨੂੰ ਮਹਾਂਮਾਰੀ ਤੋਂ ਰਾਹਤ ਮਿਲੀ ਰਹਿ ਸਕਦੀ ਹੈ।
ਕਰਫਿਊ ਦੀ ਉਲੰਘਣਾ ਨਹੀਂ
ਡੀਐਸਪੀ ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਬਠਿੰਡਾ ਜਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਕਰਫਿਊ ਜਾਂ ਹੋਰ ਪਾਬੰੰਦੀਆਂ ’ਚ ਕੋਈ ਛੋਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਇਸ ਨੂੰ ਦੇਖਦਿਆਂ ਲੋਕ: ਨੂੰ ਘਰੋ ਘਰੀ ਰਹਿਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਖੇਤੀ ਕਾਰਜਾਂ ਜਾਂ ਹੋਰ ਛੋਟ ਪ੍ਰਾਪਤ ਸੇਵਾਵਾਂ ਵਾਲੇ ਹੀ ਆ ਜਾ ਸਕਦੇ ਹਨ ਹੋਰ ਕਿਸੇ ਨੂੰ ਵੀ ਬਿਨਾਂ ਮਤਲਬ ਘੁੰਮਣ ਦੀ ਆਗਿਆ ਨਹੀਂ ਦਿੱਤੀ ਸ੍ਰੀ ਰੋਮਾਣਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਕਿਉਂਕਿ ਇਹ ਖਤਰਨਾਕ ਬਿਮਾਰੀ ਇੱਕ ਤੋਂ ਦੂਸਰੇ ਨੂੰ ਫੈਲ ਸਕਦੀ ਹੇ।