ਜਨਤਕ ਸਥਾਨਾਂ ਤੇ ਦਾਖਲੇ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ -ਸਿਵਲ ਸਰਜਨ
- ਸ਼ਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 30 ਦਸੰਬਰ 2021
ਪੰਜਾਬ ਸਰਕਾਰ ਵੱਲੋਂ ਜਨਤਕ ਸਥਾਨਾਂ ਤੇ ਦਾਖਲੇ ਸਬੰਧੀ ਕੋਵਿਡ19 ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਅਰੋੜਾ ਨੇ ਦੱਸਿਆ ਕਿ ਸਰਕਾਰ ਵੱਲੋਂ ਆਗਾਮੀ 15 ਜਨਵਰੀ 2022 ਤੋਂ ਜਨਤਕ ਸਥਾਨਾਂ ਤੇ ਦਾਖਲੇ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਕਰਾਰ ਦਿੱਤੀਆਂ ਗਈਆਂ ਹਨ। ਜਨਤਕ ਸਥਾਨਾਂ ਜਿਵੇਂ ਸਬਜ਼ੀ ਮੰਡੀ,ਦਾਣਾ ਮੰਡੀ,ਜਨਤਕ ਟਰਾਂਸਪੋਰਟ,ਪਾਰਕ,ਧਾਰਮਿਕ ਸਥਾਨ, ਸ਼ਾਪਿੰਗ ਕੰਪਲੈਕਸ, ਲੋਕਲ ਬਾਜ਼ਾਰ, ਹੋਟਲ, ਬਾਰ, ਰੈਸਟੋਰੈਂਟ, ਸਿਨੇਮਾ, ਜਿਮ, ਫਿਟਨੈਸ ਸੈਂਟਰ ਅਤੇ ਸਰਕਾਰੀ/ਪ੍ਰਾਈਵੇਟ ਬੈਂਕਾਂ ਆਦਿ ਵਿੱਚ ਕੇਵਲ ਡਬਲ ਡੋਜ਼ ਟੀਕਾ ਲਗਵਾਉਣ ਵਾਲਿਆਂ ਨੂੰ ਹੀ ਦਾਖਲੇ ਦੀ ਆਗਿਆ ਹੋਵੇਗੀ।ਇਸੇ ਤਰਾਂ ਸਰਕਾਰ ਦੇ ਚੰਡੀਗੜ ਸਥਿਤ ਸਰਕਾਰੀ ਦਫਤਰਾਂ ਅਤੇ ਬੋਰਡਾਂ/ਕਾਰਪੋਰੇਸ਼ਨਾਂ ਦੇ ਦਫਤਰਾਂ ਅੰਦਰ ਵੀ ਮੁੰਕਮਲ ਟੀਕਾਕਰਨ ਵਾਲੇ ਹੀ ਦਾਖਿਲ ਹੋ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਨਵੇਂ ਨਿਯਮਾਂ ਅਨੁਸਾਰ ਸਰਕਾਰ ਵੱਲੋਂ ਅਧਿਕਾਰਤ ਕਿਸੇ ਵੀ ਅਧਿਕਾਰੀ ਵੱਲੌ ਮੰਗੇ ਜਾਣ ਤੇ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਪਵੇਗਾ।ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਅਜਿਹਾ ਕੋਵਿਡ ਦੇ ਨਵੇਂ ਵੇਰੀੲੈਂਟ ਓਮੀਕਰੋਨ ਦੇ ਵਧਦੇ ਹੋਏ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।ਉਹਨਾ ਕਿਹਾ ਕਿ ਕੋਵਿਡ ਵੈਕਸੀਨੇਸ਼ਨ ਕਰੋਨਾ ਤੋਂ ਬਚਾਅ ਦਾ ਪੱਕਾ ਤੇ ਕਾਰਗਾਰ ਉਪਾਅ ਹੈ ਅਤੇ ਇਹ ਸਰਕਾਰੀ ਸਿਹਤ ਕੇਂਦਰਾਂ ਵਿਖੇ ਮੁਫਤ ਉਪਲੱਬਧ ਕਰਵਾਇਆ ਜਾਂਦਾ ਹੈ। ਉਹਨਾਂ ਜ਼ਿਲੇ ਅੰਦਰ ਸਾਰੇ ਯੋਗ ਵਿਅਕਤੀਆਂ ਨੂੰ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਲੈਣਾ ਯਕੀਨੀ ਬਨਾੳਣ ਦੀ ਅਪੀਲ ਵੀ ਕੀਤੀ।