ਵਾਅਦਿਆਂ ਤੋਂ ਮੁਕਰਨ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪੁਤਲਾ ਸਾਡ਼ਿਆ
ਪਰਦੀਪ ਕਸਬਾ , ਸੰਗਰੂਰ 28 ਦਸੰਬਰ 2021
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਪਿੰਡ ਭੈਣੀ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦੀ ਵਾਅਦਾ ਖਿਲਾਫੀ ਵਿਰੁੱਧ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਫਤਿਹਗਡ਼੍ਹ ਅਤੇ ਮਿੱਠੂ ਸਿੰਘ ਭੈਣੀ ਦੀ ਅਗਵਾਈ ਹੇਠ ਰੈਲੀ ਕੀਤੀ ਗਈ। ਰੈਲੀ ਦਰਮਿਆਨ ਭੱਠਾ ਮਜ਼ਦੂਰਾਂ ਦੀ ਮੰਗਾਂ ਦਾ ਪੁਰਜ਼ੋਰ ਸਮਰਥਨ ਕੀਤਾ ਗਿਆ ਅਤੇ ਵਾਅਦਿਆਂ ਤੋਂ ਮੁੱਕਰਨ ਵਾਲੇ ਚਰਨਜੀਤ ਚੰਨੀ ਦਾ ਪੁਤਲਾ ਸਾੜਿਆ ਗਿਆ ।
ਪਿੰਡ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੇ ਗੱਦੀ ਉੱਪਰ ਬੈਠਣ ਸਾਰ ਹੀ ਸਮੁੱਚੀ ਲੁਕਾਈ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਵਾਅਦਿਆਂ ਦੀ ਝੜੀ ਲਗਾ ਦਿੱਤੀ ਪਰ ਇਹ ਵਾਅਦਿਆਂ ਦੀ ਝੜੀ ਸਿਰਫ਼ ਤੇ ਸਿਰਫ਼ ਫਲੈਕਸ ਬੋਰਡਾਂ ਤੇ ਹੀ ਟੰਗੀ ਰਹਿ ਗਈ। ਚਰਨਜੀਤ ਚੰਨੀ ਨੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ ਸਗੋਂ ਜਦੋਂ ਵੀ ਲੋਕ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਉਸ ਤਕ ਪਹੁੰਚ ਕਰਦੇ ਹਨ ਤਾਂ ਉਨ੍ਹਾਂ ਤੇ ਅੰਨ੍ਹਾ ਜ਼ਬਰ ਅਤੇ ਭਿਆਨਕ ਲਾਠੀਚਾਰਜ ਹੁੰਦਾ ਹੈ ।ਹੌਲੀ ਹੌਲੀ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਭਰਮ ਭੁਲੇਖੇ ਦੂਰ ਹੋ ਗਏ ਹਨ ਕਿ ਇਹ ਦਲਿਤਾਂ ਵਿੱਚੋਂ ਹੋਣ ਕਰਕੇ ਸਾਡੀ ਸੁਣਵਾਈ ਕਰੇਗਾ,ਪਰ ਲੋਕਾਂ ਦੇ ਭਰਮ ਭੁਲੇਖੇ ਦੂਰ ਹੋਣ ਲੱਗ ਪਏ ਹਨ ਅਤੇ ਉਹ ਸਮਝਣ ਲੱਗੇ ਹਨ ਕਿ ਇਹ ਵੀ ਲੁਟੇਰੀ ਜਮਾਤ ਦੇ ਹਿੱਤਾਂ ਨੂੰ ਪੂਰੇ ਕਰਨ ਤੇ ਲੱਗਿਆ ਹੋਇਆ ਹੈ ।
ਰੈਲੀ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਅਖੀਰ ਦੋ ਜਨਵਰੀ ਨੂੰ ਜਲੂਰ ਵਿਖੇ ਸ਼ਹੀਦ ਮਾਤਾ ਗੁਰਦੇਵ ਕੌਰ ਦੇ ਸ਼ਰਧਾਂਜਲੀ ਸਮਾਗਮ ਚ ਪਹੁੰਚਣ ਦਾ ਸੱਦਾ ਦਿੱਤਾ । ਰੈਲੀ ਦੀ ਸਮਾਪਤੀ ਜ਼ੋਰਦਾਰ ਨਾਅਰਿਆਂ ਦੇ ਨਾਲ ਕੀਤੀ ਗਈ ।