ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਵੱਲੋਂ ਹੱਥ ਲਿਖਤ ਕਿਤਾਬਚਾ “ਤੰਦਰੁਸਤੀ ਲਈ ਖੇਡੋ” ਜਾਰੀ
ਰਘਬੀਰ ਹੈਪੀ,ਬਰਨਾਲਾ,26 ਦਸੰਬਰ 2021
ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਅਗਵਾਈ ਲਈ ਹੱਥ ਲਿਖਤ ਕਿਤਾਬਚਾ “ਤੰਦਰੁਸਤੀ ਲਈ ਖੇਡੋ” ਜਾਰੀ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ‘ਚ ਮੋਹਰੀ ਬਣਾਉਣ ਦੇ ਨਾਲ-ਨਾਲ ਖੇਡਾਂ ਨਾਲ ਜੋੜਦਿਆਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਜਾਰੀ ਕੀਤੇ 8 ਪੰਨਿਆਂ ਦੇ ਰੰਗਦਾਰ ਕਿਤਾਬਚੇ ‘ਚ ਸਕੂਲ ਅਤੇ ਘਰ ‘ਚ ਵਿਦਿਆਰਥੀਆਂ ਲਈ ਨਾ ਮਾਤਰ ਖਰਚੇ ‘ਤੇ ਉਪਲਬਧ ਹੋ ਸਕਣ ਵਾਲੀਆਂ ਦੋ ਖੇਡ ਗਤੀਵਿਧੀਆਂ ਰੱਸੀ ਟੱਪਣ ਅਤੇ ਰਿੰਗ ਵਿੱਚ ਬਾਲ ਪਾਉਣ ਬਾਰੇ ਚਿੱਤਰਾਂ ਸਮੇਤ ਜਾਣਕਾਰੀ ਦਿੱਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਦੋਵੇਂ ਹੀ ਖੇਡ ਗਤੀਵਿਧੀਆਂ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵਰਦਾਨ ਹਨ।
ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਕਿਤਾਬਚੇ ‘ਚ ਦੋਵੇਂ ਹੀ ਖੇਡ ਗਤੀਵਿਧੀਆਂ ਕਰਵਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਇਹ ਗਤੀਵਿਧੀਆਂ ਸਕੂਲ ਦੇ ਨਾਲ-ਨਾਲ ਘਰਾਂ ਵਿੱਚ ਵੀ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਸਿਮਰਦੀਪ ਸਿੰਘ ਜ਼ਿਲ੍ਹਾ ਮੈਂਟਰ ਖੇਡਾਂ ਨੇ ਦੱਸਿਆ ਕਿ ਕਿਤਾਬਚੇ ਦੀ ਹਾਰਡ ਕਾਪੀ ਹਰ ਸਕੂਲ ਨੂੰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਾਫਟ ਕਾਪੀ ਵੀ ਉਪਲਬਧ ਕਰਵਾਈ ਗਈ ਹੈ।