ਪੁਲਿਸ ਨੇ ਘਟਨਾ ਤੋਂ 3 ਦਿਨ ਬਾਅਦ ਵੀ ਅਣਪਛਾਤਿਆਂ ਤੇ ਹੀ ਕੀਤਾ ਕੇਸ ਦਰਜ਼
ਹਰਿੰਦਰ ਨਿੱਕਾ , ਬਰਨਾਲਾ 8 ਦਸੰਬਰ 2021
ਸ਼ਹਿਰ ਦੇ ਰਾਏਕੋਟ ਰੋਡ ਤੇ ਸਥਿਤ ਕੈਸਲ ਪੈਲੇਸ ‘ਚ ਹੋਏ ਵਿਆਹ ਸਮਾਗਮ ਦੌਰਾਨ ਹੋਈ ਲੱਖਾਂ ਰੁਪਏ ਦੀ ਨਗਦੀ ਅਤੇ 9 ਤੋਲੇ ਸੋਨੇ ਦੇ ਗਹਿਣਿਆਂ ਦੀ ਚੋਰੀ ਦੀ ਘਟਨਾ ਦੇ ਤਿੰਨ ਦਿਨ ਬਾਅਦ ਵੀ ਪੁਲਿਸ ਨੇ ਹਾਲੇ ਅਣਪਛਾਤਿਆਂ ਖਿਲਾਫ ਹੀ ਚੋਰੀ ਦਾ ਕੇਸ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸਰਬਜੀਤ ਕੌਰ ਪਤਨੀ ਬਘੇਲ ਸਿੰਘ ਵਾਸੀ ਸਫੀਪੁਰ ਕਲ੍ਹਾਂ , ਜਿਲ੍ਹਾ ਸੰਗਰੂਰ ਹਾਲ ਆਬਾਦ ਬਾਬਾ ਮਹਾਨੰਦ ਅਗਵਾੜ ਭਾਈਰੂਪਾ ,ਜਿਲ੍ਹਾ ਬਠਿੰਡਾ ਨੇ ਦੱਸਿਆ ਕਿ ਪੰਜ ਦਸੰਬਰ ਨੂੰ ਕੈਸਲ ਮੈਰਿਜ ਪੈਲਿਸ ਬਰਨਾਲਾ ਵਿਖੇ ਉਸ ਦੇ ਪੁੱਤਰ ਦਾ ਵਿਆਹ ਸੀ। ਜਿੱਥੋ ਅਣਪਛਾਤੇ ਚੋਰ 2,50,000 ਰੂਪੈ ਦੀ ਨਗਦੀ ਅਤੇ ਕੁੱਲ 09 ਤੋਲੇ ਸੋਨੇ ਦੇ ਗਹਿਣਿਆਂ ਵਾਲਾ ਪਰਸ ਚੋਰੀ ਕਰਕੇ ਲੈ ਗਏ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਲਾਭ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ ਅਣਪਛਾਤੇ ਚੋਰਾਂ ਖਿਲਾਫ ਚੋਰੀ ਦਾ ਕੇਸ ਦਰਜ਼ ਕੀਤਾ ਗਿਆ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ, ਦੋਸ਼ੀਆਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ। ਜਲਦ ਹੀ ਉਨਾਂ ਦੀ ਸ਼ਨਾਖਤ ਕਰਕੇ,ਗਿਰਫਤਾਰ ਕਰ ਲਿਆ ਜਾਵੇਗਾ। ਉੱਧਰ ਵਿਆਹੁਤਾ ਲੜਕੀ ਦੇ ਭਰਾ ਗੁਰਵਿੰਦਰ ਸਿੰਘ ਵਾਸੀ ਮਾਤਾ ਗੁਲਾਬ ਕੌਰ ਚੌਂਕ , ਸੰਧੂ ਪੱਤੀ ਬਰਨਾਲਾ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੀ ਤਲਾਸ਼ ਕਰਕੇ,ਜਲਦ ਉਨਾਂ ਨੂੰ ਗਿਰਫਤਾਰ ਕੀਤਾ ਜਾਵੇ।