ਪੁਲਿਸ ਵੱਲੋਂ ਲੁਕੇ ਕੇ ਰੱਖੇ ਕੇਸ ‘ਚ ਕੁੱਝ ਹੋਰ ਵੱਡੀਆਂ ਤੰਦਾਂ ਉਧੜਣ ਦੀਆਂ ਵੀ ਸੰਭਾਵਨਾਵਾਂ
ਹਰਿੰਦਰ ਨਿੱਕਾ ,ਬਰਨਾਲਾ , 20 ਨਵੰਬਰ 2021
ਸੀ .ਆਈ . ਏ . ਸਟਾਫ ਬਰਨਾਲਾ ਦੀ ਪੁਲਿਸ ਪਾਰਟੀ ਨੇ ਇੱਕ ਹੈਰੋਇਨ ਸਮੱਗਲਰ ਔਰਤ ਨੂੰ ਗਿਰਫਤਾਰ ਕਰਕੇ, ਉਸ ਦੇ ਕਬਜ਼ੇ ਵਿੱਚੋਂ ਨਸ਼ੀਲਾ ਪਾਉਡਰ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਲੰਘੀ ਕੱਲ੍ਹ ਦਰਜ਼ ਇਸ ਕੇਸ ਨੂੰ ਪੁਲਿਸ ਨੇ ਕਾਫੀ ਲੁਕੋ ਕੇ ਰੱਖਿਆ ਹੋਇਆ ਹੈ। ਪੁਲਿਸ ਵੱਲੋਂ ਮੀਡੀਆ ਨੂੰ ਭੇਜੀ ਕ੍ਰਾਈਮ ਰਿਪੋਰਟ ਵਿੱਚ ਉਕਤ ਔਰਤ ਸਮਗਲਰ ਖਿਲਾਫ ਦਰਜ ਹੋਏ ਕੇਸ ਦਾ ਕੋਈ ਵੇਰਵਾ ਨਹੀਂ ਹੈ। ਸੀਆਈਏ ਬਰਨਾਲਾ ਦੀਆਂ ਪੁਰਾਣੀਆਂ ਪ੍ਰਾਪਤੀਆਂ ਤੋਂ ਇਹ ਗੱਲ ਸਾਫ ਹੀ ਹੈ ਕਿ ਇਸ ਛੋਟੀ ਜਿਹੀ ਪ੍ਰਾਪਤੀ ਤੋਂ ਉੱਧੇੜੀਆਂ ਤੰਦਾਂ ਕਿਸੇ ਵੱਡੇ ਸਮੱਗਲਰ ਦੀ ਸੰਘੀ ਤੱਕ ਵੀ ਅੱਪੜ ਸਕਦੀਆਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਸੀ .ਆਈ . ਏ . ਬਰਨਾਲਾ ਦੇ ਥਾਣੇਦਾਰ ਰਘਵੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਤੋਂ ਸੂਚਨਾ ਮਿਲੀ ਸੀ ਕਿ ਜਸਵੀਰ ਕੌਰ ਪਤਨੀ ਚੰਦ ਸਿੰਘ ਪਿੰਡ ਚਾਉਕੇ , ਹਾਲ ਵਾਸੀ ਗਾਂਧੀ ਬਸਤੀ ਰਾਮਪੁਰਾ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦਾ ਧੰਦਾ ਕਰਦੀ ਹੈ। ਸੂਚਨਾ ਦੇ ਅਧਾਰ ਤੇ ਪੁਲਿਸ ਨੇ ਸਮੱਗਲਰ ਜਸਵੀਰ ਕੌਰ ਚਾਉਕੇ ਦੇ ਖਿਲਾਫ ਥਾਣਾ ਸਿਟੀ 2 ਬਰਨਾਲਾ ਵਿਖੇ ਅਧੀਨ ਜੁਰਮ 21 / 61 / 85 ਅਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ਼ ਕਰਕੇ, ਉਸ ਦੀ ਤਲਾਸ਼ੀ ਲਈ ਮੁਹਿੰਮ ਵਿੱਢ ਦਿੱਤੀ। ਨਾਮਜ਼ਦ ਦੋਸ਼ਣ ਖਿਲਾਫ ਕੇਸ ਦਰਜ਼ ਹੁੰਦਿਆਂ ਹੀ ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਗਰਚਾ ਰੋਡ ਬਰਨਾਲਾ ਤੋਂ ਜਸਵੀਰ ਕੌਰ ਚਾਉਕੇ ਨੂੰ ਹਿਰਾਸਤ ਵਿੱਚ ਲੈ ਕੇ, ਉਸ ਦੇ ਕਬਜ਼ੇ ‘ਚੋਂ 100 ਗ੍ਰਾਮ ਨਸ਼ੀਲਾ ਪਦਾਰਥ ਹੈਰੋਇਨ ਵੀ ਬਰਾਮਦ ਕਰ ਲਈ ਹੈ।
ਮਾਮਲੇ ਤੇ ਤਫਤੀਸ਼ ਅਧਿਕਾਰੀ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਦੋਸ਼ਣ ਤੋਂ ਪੁੱਛਗਿੱਛ ਜ਼ਾਰੀ ਹੈ, ਪੁੱਛਗਿੱਛ ਦੇ ਅਧਾਰ ਤੇ ਹੋਰ ਸਮੱਗਲਰਾਂ ਬਾਰੇ ਵੀ ਜਾਣਕਾਰੀ ਇਕੱਤਰ ਕਰਕੇ, ਵੱਡੇ ਸਮੱਗਲਰਾਂ ਨੂੰ ਦਬੋਚਿਆ ਜਾ ਸਕਦਾ ਹੈ।