ਲਖਵਿੰਦਰ ਸਿੰਪੀ, ਬਰਨਾਲਾ, 5 ਅਕਤੂਬਰ 2021
ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਨਾਲਸਾ-ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਅਤੇ ਕਾਨੂੰਨੀ ਸੇਵਾਵਾਂ ਹਫ਼ਤੇ ਦੀ ਸ਼ੁਰੂਆਤ 2 ਅਕਤੂਬਰ ਤੋਂ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਨਾਲ ਕੀਤੀ ਗਈ ਸੀ। ਇਸਦੇ ਚੱਲਦੇ ਅੱਜ ਇਸ ਮੁਹਿੰਮ ਅਧੀਨ ਕੇ.ਸੀ. ਰੋਡ ਤੋਂ ਸ਼ੁਰੂ ਹੋ ਕੇ ਅੱਗਰਸੈਨ ਚੌਂਕ ਹੁੰਦੇ ਹੋਏ ਸਿਵਲ ਹਸਪਤਾਲ ਦੀ ਨਵੀਂ ਬਿਲਡਿੰਗ ਤੱਕ ਪੈਦਲ ਮਾਰਚ ਕੀਤਾ ਗਿਆ ਅਤੇ ਰਾਸਤੇ ਵਿੱਚ ਸੜਕ ਉੱਪਰ ਪਏ ਪਲਾਸਟਿਕ ਦੇ ਕੂੜੇ ਕਰਕਟ ਨੂੰ ਇਕੱਠਾ ਕੀਤਾ ਗਿਆ।
ਇਸ ਮੌਕੇ ਸ਼੍ਰੀਮਤੀ ਪ੍ਰਤਿਮਾ ਅਰੌੜਾ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ, ਸ਼੍ਰੀ ਵਨੀਤ ਕੁਮਾਰ ਨਾਰੰਗ ਮਾਨਯੋਗ ਸਿਵਲ ਜੱਜ ਸੀਨੀਅਰ ਡਵੀਜਨ, ਹੋਰ ਜੁਡੀਸ਼ੀਅਲ ਅਫ਼ਸਰ, ਐੱਨ.ਐੱਸ.ਐੱਸ. ਵਲੰਟੀਅਰ ਆਦਿ ਮੌਜੂਦ ਸਨ। ਰਸਤੇ ਵਿੱਚ ਜੱਜ ਸਾਹਿਬਾਨਾਂ ਵੱਲ੍ਹੋਂ ਦੁਕਾਨਦਾਰਾਂ, ਫ਼ਲ ਅਤੇ ਸਬਜ਼ੀ ਵਿਕਰੇਤਾਵਾਂ ਆਦਿ ਨੂੰ ਪਲਾਸਟਿਕ ਦੇ ਲਿਫ਼ਾਫਿਆ ਦੀ ਵਰਤੋਂ ਨਾ ਕਰਨ ਲਈ ਕਿਹਾ ਅਤੇ ਨਾਲ ਹੀ ਅਪੀਲ ਕੀਤੀ ਕਿ ਜਦੋਂ ਉਨ੍ਹਾਂ ਦੀ ਦੁਕਾਨ ਤੇ ਕੋਈ ਗਾਹਕ ਆਉਂਦਾ ਹੈ, ਤਾਂ ਉਹ ਉਸ ਗਾਹਕ ਨੂੰ ਆਪਣੇ ਘਰੋਂ ਕੱਪੜੇ ਦਾ ਥੈਲਾ ਲੈ ਕੇ ਆਉਣ ਲਈ ਕਹਿਣ ਤਾਂ ਜੋ ਪਲਾਸਟਿਕ ਦੇ ਲਿਫ਼ਾਫੇ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਵੱਲ੍ਹੋਂ ਦੁਕਾਨਦਾਰਾਂ ਨੂੰ ਕੱਪੜੇ ਦੇ ਬਣੇ ਥੈਲੇ ਵੀ ਵੰਡੇ ਗਏ।
ਇਸ ਤੋਂ ਇਲਾਵਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਮਹਿਰਾਜ ਵਿਖੇ ਪੈਨਲ ਵਕੀਲ ਸ਼੍ਰੀ ਮਨਿੰਦਰ ਸਿੰਘ ਅਤੇ ਸ਼੍ਰੀ ਪ੍ਰਿਥੀਪਾਲ ਸਿੰਘ ਵੱਲੋਂ ਵਿਦਿਆਰਥੀਆਂ ਲਈ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਸੈਮੀਨਾਰਾਂ ਰਾਹੀਂ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗਰੀਬ ਅਤੇ ਪਿਛੜੇ ਵਰਗ ਦੇ ਲੋਕਾਂ ਨੂੰ ਕਾਨੂੰਨੀ ਹੱਕ, ਇਸਤਰੀਆਂ, ਬੱਚੇ, ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਜੇਲ੍ਹਾਂ ਵਿੱਚ ਬੰਦ ਹਵਾਲਾਤੀ ਅਤੇ ਕੈਦੀ ਜਾਂ ਹਿਰਾਸਤ ਵਿੱਚ ਵਿਅਕਤੀ ਅਤੇ ਹਰ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਤੋਂ ਘੱਟ ਹੈ, ਬੇਗਾਰ ਦੇ ਮਾਰਿਆ, ਮਾਨਸਿਕ ਰੋਗੀ/ਅੰਪਗ, ਕੁਦਰਤੀ ਆਫਤਾਂ ਦੇ ਮਾਰੇ ਆਦਿ ਆਪਣੇ ਕੇਸ ਦੀ ਪੈਰਵੀ ਕਰਨ ਲਈ ਵਕੀਲ ਸਹਿਬਾਨਾਂ ਦੀਆਂ ਮੁਫ਼ਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ ਅਤੇ ਇਨ੍ਹਾਂ ਦੀ ਪ੍ਰਾਪਤੀ ਲਈ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਦਫ਼ਤਰ ਵਿੱਚ ਕਿਸੇ ਵੀ ਕੰਮ ਵਾਲੇ ਦਿਨ ਪਹੁੰਚ ਸਕਦੇ ਹਨ ਜਾਂ ਦਫ਼ਤਰ ਦੇ ਫੋਨ ਨੰਬਰ 01679243522 ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫ੍ਰੀ ਨੰਬਰ 1968 ਤੇ ਸੰਪਰਕ ਕਰ ਸਕਦੇ ਹਨ।