ਯੋਜਨਾ ਅਧੀਨ ਹੱਡੀਆਂ ਨਾਲ ਸਬੰਧਤ ਹੋਏ 40 ਮੁਫਤ ਆਪ੍ਰੇਸ਼ਨ-ਸਿਵਲ ਸਰਜਨ ਔਲਖ
ਹਰਿੰਦਰ ਨਿੱਕਾ , ਬਰਨਾਲਾ, 21 ਸਤੰਬਰ 2021
ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਬਰਨਾਲਾ ਵੱਲੋਂ ਹਰ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਪਿਛਲੇ ਤਿੰਨ ਮਹੀਨੇ ਦੇ ਸਮੇਂ ਵਿੱਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 16,91,600 ਰੁਪਏ ਦੀ ਲਾਗਤ ਦੇ 40 ਕਰੀਬ ਹੱਡੀਆਂ ਨਾਲ ਸਬੰਧਤ ਆਪਰੇਸ਼ਨ ਮੁਫਤ ਕੀਤੇ ਗਏ ਹਨ।
ਡਾ. ਔਲਖ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਤਾਇਨਤ ਡਾਕਟਰ ਕਰਨ ਚੋਪੜਾ ਵੱਲੋਂ ਬਾਕੀ ਆਪਰੇਸ਼ਨਾਂ ਦੇ ਨਾਲ 12 ਸਫਲ ਆਪਰੇਸ਼ਨ ਗੋਡੇ ਬਦਲਣ ਦੇ ਬਿਲਕੁਲ ਮੁਫਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਿਸੇ ਵੀ ਮਰੀਜ ਦੇ ਦਾਖ਼ਲ ਹੋਣ ਸਮੇਂ ਸਭ ਤੋਂ ਪਹਿਲਾਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨ ਦੇ ਦਾਇਰੇ ਵਿੱਚ ਆਉਣ ਸਬੰਧੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਸਿਹਤ ਵਿਭਾਗ ਦੀ ਇਸ ਸਹੂਲਤ ਦੇ ਦਾਇਰੇ ਵਿੱਚ ਆਉਣ ਵਾਲਾ ਕੋਈ ਵੀ ਮਰੀਜ਼ ਮੁਫਤ ਸਿਹਤ ਸਹੂਲਤ ਤੋਂ ਵਾਂਝਾ ਨਾ ਰਹੇ।
ਉਨਾਂ ਦੱਸਿਆ ਕਿ ਵਿਭਾਗ ਵੱਲੋਂ ਪਹਿਲੀ ਸਤੰਬਰ ਤੋੋਂ 20 ਸਤੰਬਰ 2021 ਵਿੱਚ ਹੀ 750 ਮਰੀਜ਼ਾਂ ਦਾ ਇਲਾਜ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਮੁਫਤ ਕੀਤਾ ਜਾ ਚੁੱਕਾ ਹੈ, ਜਿਸ ਵਿੱਚੋਂ ਸਿਵਲ ਹਸਪਤਾਲ ਬਰਨਾਲਾ ਵਿਖੇ 497, ਸਬ ਡਿਵੀਜ਼ਨਲ ਹਸਪਤਾਲ ਤਪਾ ਵਿਖੇ 128, ਪਬਲਿਕ ਹੈਲਥ ਸੈਂਟਰ ਧਨੌਲਾ ਵਿਖੇ 60, ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾ ਤੇ ਚੰਨਣਵਾਲ ਵਿਖੇ 30 ਤੇ 35 ਮਰੀਜ਼ਾਂ ਦਾ ਇਸ ਯੋਜਨਾ ਅਧੀਨ ਇਲਾਜ ਕੀਤਾ ਗਿਆ ਹੈ।
ਸਿਵਲ ਸਰਜਨ ਬਰਨਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਮਰੀਜ਼ ਆਪਣੇ ਗੋਡੇ ਬਦਲਾਉਣਾ ਚਾਹੁੰਦਾ ਹੈ ਅਤੇ ਉਹ ਆਯੂਯਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਦਾਇਰੇ ਵਿੱਚ ਆਉਂਦਾ ਹੈ ਤਾਂ ਸਿਵਲ ਹਸਪਤਾਲ ਬਰਨਾਲਾ ਵਿੱਚ ਹੱਡੀਆ ਦੇ ਮਾਹਿਰ ਡਾਕਟਰ ਕਰਨ ਚੋਪੜਾ ਤੋਂ ਆਪਣਾ ਚੈਕਅੱਪ ਜ਼ਰੂਰ ਕਰਵਾਉਣ ਅਤੇ ਡਾਕਟਰੀ ਮੁਆਇਨੇ ਬਾਅਦ ਗੋਡੇ ਬਦਲਾਉਣੇ ਜ਼ਰੂਰੀ ਹੋਣ ਤਾਂ ਸਿਵਲ ਹਸਪਤਾਲ ਬਰਨਾਲਾ ਵਿਖੇ ਯੋਗ ਵਿਅਕਤੀ ਇਸ ਮੁਫਤ ਸਿਹਤ ਸਹੂਲਤ ਦਾ ਫਇਦਾ ਜ਼ਰੂਰ ਲੈਣ।
ਇਸ ਦੌਰਾਨ ਉਨਾਂ ਦੱਸਿਆ ਕਿ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਪਿੰਡ ਪੱਧਰ ਤੱਕ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀਂ ਜਾਗਰੂਕ ਕਰ ਰਿਹਾ ਹੈ। ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਮਾਨ ਤੇ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਦਾਇਰੇ ਵਿੱਚ ਆਉਣ ਵਾਲੇ ਪਰਿਵਾਰਾਂ ਦਾ 5 ਲੱਖ ਤੱਕ ਦਾ ਸਾਲਾਨਾ ਇਲਾਜ ਸਰਕਾਰ ਵੱਲੋਂ ਬਿਲਕੁਲ ਮੁਫਤ ਕੀਤਾ ਜਾਂਦਾ ਹੈ।