ਪਰਾਲੀ ਨੂੰ ਅੱਗ ਲਗਾਉਣ ਨਾਲ ਸਿਹਤ ਤੇ ਵਾਤਾਵਰਣ ‘ਤੇ ਪੈਂਦੇ ਮਾੜੇ ਪ੍ਰਭਾਵ ਤੋਂ ਕਿਸਾਨਾਂ ਨੂੰ ਕੀਤਾ ਜਾਗਰੂਕ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਬੱਲਮਗੜ੍ਹ ‘ਚ ਕਿਸਾਨ ਜਾਗਰੂਕਤਾ ਕੈਂਪ
ਬਲਵਿੰਦਰਪਾਲ, ਪਟਿਆਲਾ, 18 ਸਤੰਬਰ 2021
ਪਰਾਲੀ ਦੀ ਸੁਚੱਜੀ ਸੰਭਾਲ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਭੁਨਰਹੇੜੀ ਬਲਾਕ ‘ਚ ਪਿੰਡ ਬੱਲਮਗੜ੍ਹ ਵਿਖੇ ਪਿੰਡ ਪੱਧਰੀ ਕਿਸਾਨ ਜਾਗਰੂਕ ਕੈਂਪ ਲਗਾਇਆ। ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਖੇਤੀਬਾੜੀ ਅਫ਼ਸਰ ਸ਼ੇਰ ਸਿੰਘ ਵੱਲੋਂ ਲਗਾਏ ਇਸ ਕੈਂਪ ‘ਚ ਕਿਸਾਨਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਪਰਾਲੀ ਦੀ ਸੁਚੱਜੀ ਸੰਭਾਲ ਲਈ ਜਾਗਰੂਕ ਕੀਤਾ ਗਿਆ।
ਇਸ ਕੈਂਪ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਵਿਮਲਪ੍ਰੀਤ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਝੋਨਾ ਵੱਢਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ, ਇਸ ਨਾਲ ਖੇਤ ਵਿੱਚ ਮੌਜੂਦ ਝੋਨੇ ਦੀ ਪਰਾਲੀ ਗਲ ਕੇ ਖਾਦ ਦਾ ਕੰਮ ਕਰੇਗੀ। ਡਾ. ਲਵਦੀਪ ਸਿੰਘ ਤੇ ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ‘ਚ ਵੱਡੀ ਮਾਤਰਾ ਵਿੱਚ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ ਜਿਹੇ ਲਾਹੇਵੰਦ ਤੱਤ ਹੁੰਦੇ ਹਨ, ਜਿਸ ਨਾਲ ਜਮੀਨ ਦੀ ਉਪਜਾਉ ਸ਼ਕਤੀ ਵੱਧਦੀ ਹੈ। ਜਦੋਂਕਿ ਪਰਾਲੀ ਦੀ ਅੱਗ ਨਾਲ ਜਿੱਥੇ ਵਾਤਾਵਰਣ ਗੰਦਲਾ ਹੁੰਦਾ ਹੈ, ਉੱਥੇ ਬਹੁਤ ਸਾਰੇ ਮਿੱਤਰ ਕੀੜੇ ਅਤੇ ਜਰੂਰੀ ਤੱਤ ਸੜ੍ਹਕੇ ਸਵਾਹ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਹੀ ਜਮੀਨ ਦੀ ਬਹੁਤ ਸਾਰੇ ਖੁਰਾਕੀ ਤੱਤ ਸੜ ਕੇ ਸੁਆਹ ਹੋ ਜਾਂਦੇ ਹਨ।
ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਵਾਹੁਣ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਸੁਪਰਸੀਡਰ, ਹੈਪੀ ਸੀਡਰ, ਮਲਚਰ, ਉਲਟਾਵੇ ਹਲ, ਚੌਪਰ ਆਦਿ ਮਸ਼ੀਨਾਂ ਸਬਸਿਡੀ ਉੱਤੇ ਦਿੱਤੀਆਂ ਗਈਆਂ ਹਨ, ਜਿਹੜੇ ਕਿ ਕਿਸਾਨ ਵੀਰ ਕਿਰਾਏ ਉੱਪਰ ਲੈ ਕੇ ਪਰਾਲੀ ਦਾ ਸੁਚੱਜਾ ਹੱਲ ਕਰ ਸਕਦੇ ਹਨ। ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਆਉਣ ਵਾਲੀ ਪੀੜੀ ਨੂੰ ਉਪਜਾਊ ਜਮੀਨ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਕਿਸਾਨ ਅੱਗੇ ਆਉਣ। ਕੈਂਪ ਵਿਚ ਖੇਤੀਬਾੜੀ ਉਪ-ਨਿਰੀਖਕ ਹਰਮਨਜੀਤ ਸਿੰਘ ਅਤੇ ਅਮਰਨਾਥ ਨੇ ਭਾਗ ਲਿਆ ਅਤੇ ਦੱਸਿਆ ਕਿ ਪਰਾਲੀ ਦੀ ਸੁੱਚਜੀ ਸੰਭਾਲ ਹਿੱਤ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ।